ਸ਼ਹਿਰੋ ਬਾਹਰ ਚੱਲ ਰਹੇ ਕਈ ਢਾਬਿਆਂ ਦੇ ਮਾਲਕਾਂ ਵੱਲੋਂ ਅਜੇ ਵੀ ਬਾਲ ਮਜ਼ਦੂਰੀ ਕਰਵਾਏ ਜਾਣ ਦਾ ਖਦਸ਼ਾ
ਬਠਿੰਡਾ, 5 ਦਸੰਬਰ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਹੁਕਮ ਅਨੁਸਾਰ ਸ਼ਹਿਰ ਚ ਪੈਨ ਇੰਡੀਆ ਮੁਹਿੰਮ ਤਹਿਤ ਬਾਲ ਮਜਦੂਰੀ ਦੀ ਰੋਕਥਾਮ ਅਤੇ ਬੱਚਿਆਂ ਦੇ ਪੁਨਰਵਾਸ ਲਈ ਰੈਸਕਿਊ ਸਬੰਧੀ ਅਚਨਚੇਤ ਚੈਕਿੰਗਾਂ ਕੀਤੀਆ ਗਈਆਂ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਕੌਮੀ ਬਾਲ ਅਧਿਕਾਰ ਰੱਖਿਆ ਕਮਿਸ਼ਨ, ਭਾਰਤ ਸਰਕਾਰ ਵੱਲੋਂ 10 ਦਸੰਬਰ 2023 ਤੱਕ ਬਾਲ ਮਜਦੂਰੀ ਦੀ ਰੋਕਥਾਮ ਤੇ ਬੱਚਿਆਂ ਦੇ ਪੁਨਰਵਾਸ ਲਈ ਰੈਸਕਿਊ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਸਬੰਧੀ ਇੱਕ ਮਹੀਨੇ ਤੋਂ ਵੱਖ-ਵੱਖ ਥਾਵਾਂ ਦੇ ਬੱਚਿਆਂ ਦੇ ਰੈਸਕਿਊ ਸਬੰਧੀ ਰੇਡਜ਼ ਕੀਤੀ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਮੁੜ ਵਸੇਵੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਦੀ ਰੇਡਜ਼ ਸਥਾਨਕ ਕੱਪੜਾ ਮਾਰਕੀਟ ਵਿਖੇ ਕੀਤੀ ਗਈ ਅਤੇ ਇਸ ਸਮੇਂ 02 ਬੱਚੇ ਅਜਿਹੇ ਪਾਏ ਗਏ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਬਠਿੰਡਾ ਸਾਹਮਣੇ ਅਗਲੇਰੀ ਕਾਰਵਾਈ ਤਹਿਤ ਪੇਸ਼ ਕੀਤਾ ਗਿਆ ਤਾਂ ਜੋ ਬੱਚਿਆਂ ਦੀ ਕਾਉਂਸਲਿੰਗ ਤੇ ਉਨ੍ਹਾਂ ਦੇ ਮਾਪਿਆ ਦੀ ਕਾਉਂਸਲਿੰਗ ਕਰਨ ਉਪਰੰਤ ਉਨ੍ਹਾਂ ਨੂੰ ਮੁੜ ਤੋਂ ਸਿੱਖਿਆ ਨਾਲ ਜੋੜਿਆ ਜਾ ਸਕੇ।
ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਪੀਲ ਕਰਦਿਆਂ ਕਿਹਾ ਕਿ 18 ਸਾਲਾਂ ਤੋਂ ਘੱਟ ਬੱਚਿਆਂ ਅਤੇ ਕਿਸ਼ੋਰਾਂ ਨੂੰ ਬਾਲ ਮਜਦੂਰੀ ਨਾ ਕਰਵਾਈ ਜਾਵੇ ਤੇ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਿਆ ਜਾਵੇ।
ਇਸ ਮੌਕੇ ਲੇਬਰ ਇੰਸਪੈਕਟਰ ਸ਼੍ਰੀਮਤੀ ਇੰਦਰਪ੍ਰੀਤ ਕੌਰ, ਡਾ. ਰਵੀ ਕਾਂਤ, ਸ਼੍ਰੀ ਵਰਿੰਦਰ ਸਿੰਘ, ਸ਼੍ਰੀ ਚੇਤਨ ਸ਼ਰਮਾ, ਸ਼੍ਰੀ ਸੁਖਵੀਰ ਸਿੰਘ ਤੋਂ ਇਲਾਵਾ ਸਿਹਤ, ਬਾਲ ਸੁਰੱਖਿਆ ਅਤੇ ਪੁਲਿਸ ਵਿਭਾਗ ਆਦਿ ਹਾਜ਼ਰ ਸਨ।
ਇਸ ਬਾਰੇ ਜਦੋਂ ਕੁੱਝ ਬੁੱਧੀਜੀਵੀ ਵਰਗ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਹੜੀ ਕਾਰਵਾਈ ਪ੍ਰਸ਼ਾਸ਼ਨ ਵੱਲੋਂ ਨਿਰੰਤਰ ਕੀਤੀ ਜਾਣੀ ਚਾਹੀਦੀ ਹੈ,ਕਦੇ ਕਦਾਈਂ ਇਸ ਤਰਾਂ ਦੀ ਮੁਹਿੰਮ ਚਲਾ ਕੇ ਪ੍ਰਸ਼ਾਸ਼ਨ ਆਪਣੀ ਪਿੱਠ ਆਪੇ ਹੀ ਥਾਪੜ ਲੈਂਦਾ ਹੈ। ਉਹਨਾਂ ਕਿਹਾ ਕਿ ਜੇਕਰ ਜ਼ਿਲੇ ਅੰਦਰ ਸ਼ਹਿਰੋਂ ਬਾਹਰ ਬਾਰ ਚਲਦੇ ਢਾਬਿਆਂ ਦੀ ਚੈਕਿੰਗ ਕੀਤੀ ਜਾਵੇ ਤਾਂ ਕਈ ਢਾਬਿਆਂ ਵਾਲੇ ਅੱਜ ਵੀ ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਂਦੇ ਮਿਲ ਸਕਦੇ ਹਨ।