ਪਟਿਆਲਾ: 11 ਨਵੰਬਰ (ਉਜਾਗਰ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੈਪਸੂ ਦੀ ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਅਵਤਾਰ ਸਿੰਘ ਗ਼ੈਰਤ ਆਪਣਾ 93ਵਾਂ ਜਨਮ ਦਿਨ ਮਨਾਉਣ ਤੋਂ ਤਿੰਨ ਦਿਨ ਪਹਿਲਾਂ ਸਵਰਗਵਾਸ ਹੋ ਗਏ। ਉਹ ਰੋਜ਼ਾਨਾ ਅਜੀਤ ਜਲੰਧਰ , ਰੋਜ਼ਾਨਾ ਪ੍ਰਕਾਸ਼ ਪਟਿਆਲਾ ਅਤੇ ਰੋਜ਼ਾਨਾ ਰਣਜੀਤ ਪਟਿਆਲਾ ਵਿੱਚ ਸਬ ਐਡੀਟਰ ਰਹੇ। ਉਹ ਆਪਣੇ ਸਪਤਾਹਕ ਅਖ਼ਬਾਰ ਗ਼ੈਰਤ ਦੇ ਲੰਬਾ ਸਮਾਂ ਮੁੱਖ ਸੰਪਾਦਕ ਰਹੇ। ਉਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਸੂਚਨਾ ਅਧਿਕਾਰੀ ਭਰਤੀ ਹੋ ਗਏ ਅਤੇ ਡਾਇਰੈਕਟਰ ਲੋਕ ਸੰਪਰਕ ਸੇਵਾ ਮੁਕਤ ਹੋਏ ਸਨ। ਉਨ੍ਹਾਂ ਦਾ ਅੱਜ ਤਿਰਪੜੀ ਸ਼ਮਸ਼ਾਨ ਘਾਟ ਪਟਿਆਲਾ ਵਿਖੇ ਧਾਰਮਿਕ ਰਹੁ ਰੀਤਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਦੋਵੇਂ ਸਪੁੱਤਰਾਂ ਪ੍ਰੀਤਇੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਵਿਖਾਈ। ਉਹ ਆਪਣੇ ਪਿੱਛੇ 4 ਲੜਕੀਆਂ ਅਤੇ ਦੋ ਲੜਕੇ ਛੱਡ ਗਏ ਹਨ। ਉਨ੍ਹਾਂ ਦੇ ਸਸਕਾਰ ‘ਤੇ ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ, ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਟਾਈਮ.ਟੀ.ਵੀ., ਪ੍ਰਾਣ ਸਭਰਵਾਲ ਸਾਬਕਾ ਡਾਇਰੈਕਟਰ ਲੋਕ ਸੰਪਰਕ ਪੰਜਾਬ ਰਾਜ ਬਿਜਲੀ ਬੋਰਡ, ਮਨਮੋਹਨ ਸਿੰਘ ਡਿਪਟੀ ਸੈਕਰੇਟਰੀ ਬਿਜਲੀ ਬੋਰਡ, ਉਜਾਗਰ ਸਿੰਘ ਤੇ ਸੁਰਜੀਤ ਸਿੰਘ ਦੁੱਖੀ ਦੋਵੇਂ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਮਹਿੰਦਰ ਮੋਹਨ ਸਿੰਘ ਤੇ ਗੱਜਣ ਸਿੰਘ ਸਾਬਕਾ ਲੋਕ ਸੰਪਰਕ ਅਧਿਕਾਰੀ, ਜਸਵਿੰਦਰ ਸਿੰਘ ਦਾਖਾ, ਹਰਪ੍ਰੀਤ ਸਿੰਘ ਸਿੱਧੂ ਤੇ ਕੰਵਰ ਸਿੰਘ ਬੇਦੀ ਪੱਤਰਕਾਰ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚੋਂ ਪੱਤਰਕਾਰ, ਸੰਪਾਦਕ, ਡਾਕਟਰ, ਵਕੀਲ, ਸਰਕਾਰੀ ਅਧਿਕਾਰੀ ਤੇ ਕਰਮਚਾਰੀ ਅਤੇ ਸਮਾਜ ਸੇਵਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਤੋਂ ਇਲਾਵਾ ਬਿਜਲੀ ਬੋਰਡ, ਭਾਸ਼ਾ ਵਿਭਾਗ, ਆਬਕਾਰੀ ਤੇ ਕਰ ਵਿਭਾਗ ਅਤੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਉਨ੍ਹਾਂ ਦਾ ਅੰਗੀਠਾ ਕਲ੍ਹ 11 ਨਵੰਬਰ ਨੂੰ ਸਵੇਰੇ 7.30 ਵਜੇ ਸੰਭਾਲਿਆ ਜਾਵੇਗਾ ਅਤੇ ਅੰਤਮ ਅਰਦਾਸ 13 ਨਵੰਬਰ ਨੂੰ 12.30 ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਿਊ ਮੇਹਰ ਸਿੰਘ ਕਾਲੋਨੀ ਵਿਖੇ ਹੋਵੇਗੀ।
Leave a Comment
Your email address will not be published. Required fields are marked with *