ਆਊਟਸੋਰਸ ਮੁਲਾਜਮਾਂ ਦੀਆਂ ਰੁਕੀਆਂ ਤਨਖਾਹਾਂ ਤੇ ਸਾਰੇ ਰਹਿੰਦੇ ਪਿਛਲੇ ਬਕਾਏ ਦੇਣ ਦੀ ਮੰਗ
ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਸਰਕਾਰ ਦੇ ਕਈ ਹੋਰ ਅਦਾਰਿਆਂ ਨੂੰ ਆਊਟ ਸੋਰਸ ਰਾਹੀਂ ਮੁਲਾਜਮ ਮੁਹੱਈਆ ਕਰਵਾ ਰਹੀ ਪੈਸਕੋ ਕੰਪਨੀ ਆਪਣੇ ਅਧੀਨ ਪਾਵਰਕਾਮ, ਟਰਾਂਸਕੋ ਅਤੇ ਹੋਰ ਅਦਾਰਿਆਂ ’ਚ ਕੰਮ ਕਰਦੇ ਮੁਲਾਜਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਦੇ ਰਹੀ ਤੇ ਨਾ ਹੀ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਮਾਰਚ 2023 ਤੋਂ ਅਗਸਤ 2023 ਤੱਕ ਵੱਖ-ਵੱਖ ਵਰਗਾਂ ਦੀਆਂ ਵਧਾਈਆਂ ਗਈਆਂ ਉਜਰਤਾਂ ਦੇ ਬਕਾਏ ਦੇ ਰਹੀ ਹੈ। ਇਸ ਕਾਰਨ ਪੈਸਕੋ ਕੰਪਨੀ ਅਧੀਨ ਕੰਮ ਕਰਦੇ ਪੰਜਾਬ ਭਰ ਦੇ ਸੈਂਕੜੇ ਮੁਲਾਜਮ ਮਹਿੰਗਾਈ ਦੇ ਇਸ ਦੌਰ ’ਚ ਆਰਥਿਕ ਪ੍ਰੇਸ਼ਾਨੀ ’ਚੋਂ ਦੀ ਗੁਜਰ ਰਹੇ ਹਨ। ਇਸ ਸਬੰਧ ’ਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ, ਪਾਵਰਕਾਮ ਅਤੇ ਟਰਾਂਸਕੋ ਆਊਟ ਸੋਰਸ ਵਰਕਰਜ ਯੂਨੀਅਨ ਸਬੰਧਤ ਏਟਕ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਸੰਦੀਪ ਖੱਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਤੁਰਤ ਨਿੱਜੀ ਦਖਲ-ਅੰਦਾਜੀ ਕਰਕੇ ਇਹਨਾਂ ਆਊਟ ਸੋਰਸ ਮੁਲਾਜਮਾਂ ਦੀਆਂ ਰੁਕੀਆਂ ਤਨਖਾਹਾਂ ਦਿਵਾਈਆਂ ਜਾਣ। ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਇਸ ਕੰਪਨੀ ਨੂੰ ਬਾਹਰ ਦਾ ਰਸਤਾ ਦਿਖਾ ਕੇ ਸਬੰਧਤ ਮੁਲਾਜਮਾਂ ਦੀ ਭਰਤੀ ਸਾਰੇ ਵਿਭਾਗਾਂ ਵਲੋਂ ਆਪਣੇ ਪੱਧਰ ’ਤੇ ਕੀਤੀ ਜਾਵੇ।