ਲਿਖ ਨਾ ਸਕਦੀ ਕਾਨੀ ਮੇਰੀ, ਬਲ਼ ਉੱਠਦਾ ਹੈ ਸੀਨਾ।
ਸਮੇਂ-ਸਮੇਂ ਤੇ ਚੇਤੇ ਆਵੇ, ਪੋਹ ਦਾ ‘ਉਹੀ’ ਮਹੀਨਾ।
ਕੀ ਆਖਾਂ ਦਸ਼ਮੇਸ਼ ਪਿਤਾ ਨੇ, ਕਿੰਨੇ ਸਿਤਮ ਸਹਾਰੇ।
ਜਿਗਰ ਦੇ ਟੋਟੇ ਜਿਸਨੇ ਆਪਣੇ, ਦੇਸ਼-ਕੌਮ ਤੋਂ ਵਾਰੇ।
ਛੇ ਪੋਹ ਦੀ ਉਸ ਰਾਤ ਗੁਰੂ ਜੀ, ਆਨੰਦਪੁਰ ਤੋਂ ਚੱਲੇ।
ਤੋੜ ਕੇ ਕਸਮਾਂ, ਪਾ ਕੇ ਘੇਰਾ, ਮੁਗ਼ਲਾਂ ਕੀਤੇ ਹੱਲੇ।
ਠਿਲ੍ਹ ਪਏ ਸਰਸਾ ਨਦੀ ‘ਚ ਤੇ, ਪਰਿਵਾਰ ਵਿਛੜਿਆ ਸਾਰਾ।
ਗੜ੍ਹੀ ਕੱਚੀ ਚਮਕੌਰ ਪਹੁੰਚ ਕੇ, ਸਤਿਗੁਰ ਕੀਤਾ ਉਤਾਰਾ।
ਵੱਡੇ ਪੁੱਤਰਾਂ ਤੇ ਸਿੰਘਾਂ, ਚਮਕੌਰ ਸ਼ਹੀਦੀ ਪਾਈ।
ਦੋ ਛੋਟਿਆਂ ਸਰਹਿੰਦ ਦੀ ਨੀਂਹ ਵਿੱਚ, ਅੰਤਿਮ ਫ਼ਤਹਿ ਬੁਲਾਈ।
ਮਾਛੀਵਾੜੇ ਜੰਗਲ ਵਿੱਚ ਸੀ, ਇੱਟ ਦਾ ਲਾਇਆ ਸਿਰ੍ਹਾਣਾ।
ਵਾਰ ਦਿੱਤਾ ਸਰਬੰਸ ਸਾਰਾ, ਤੇ ਰੱਬ ਦਾ ਮੰਨਿਆ ਭਾਣਾ।
ਪੋਹ ਦੇ ‘ਓਸ’ ਮਹੀਨੇ ਦੀ ਹੈ, ਗਾਥਾ ਦਰਦ-ਰੰਞਾਣੀ।
ਵਾਰ ਕੇ ਪੰਜ ਜੀਅ, ਗੁਰੂ ਪਿਤਾ ਦੇ, ਅੱਖੋਂ ਨਾ ਡਿੱਗਿਆ ਪਾਣੀ।
ਕਲਗੀ ਵਾਲ਼ੇ ਸਤਿਗੁਰ ਦੱਸਿਆ, ਚੱਲਣਾ “ਹੁਕਮ ਰਜਾਈ”।
ਨਾਲ਼ ਅਣਖ ਦੇ ਜੀਣ-ਮਰਨ ਦੀ, ਸਾਨੂੰ ਜਾਚ ਸਿਖਾਈ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.