ਜ਼ਿਕਰ ਓਸ ਪੈਗੰਬਰ ਦਾ ਕਰਾਂ ਕਿੱਦਾਂ,
ਛੋਟੀ ਉਮਰੇ ਹੀ ਜਿਹੜਾ ਅਨਾਥ ਹੋਇਆ।
ਜਿਹੜਾ ਪਲਿਆ ਗਰੀਬੀ ਦੀ ਗੋਦ ਅੰਦਰ,
ਮਾਂ ਬਾਪ ਦਾ ਸਾਇਆ ਨਾ ਸਾਥ ਹੋਇਆ।
ਪਲਿਆ ਨਾਨਕੇ ਨਾਨੀ ਦੇ ਕੋਲ ਜੇਠਾ,
ਕਿਰਤੀ ਮਿਹਨਤੀ ਧਰਮੀ ਸੁਭਾਅ ਹੋਇਆ।
ਕੀਤੇ ਦਰਸ਼ਨ ਜਦ ਤੀਜੇ ਪਾਤਸ਼ਾਹ ਦੇ,
ਗੋਇੰਦਵਾਲ ਨਾ ਮੁੜ ਭੁਲਾਅ ਹੋਇਆ।
ਪਿਛਲੇ ਕਰਮ ਕੋਈ ਜੇਠੇ ਦੇ ਆਣ ਜਾਗੇ,
ਬੀਬੀ ਭਾਨੀ ਲਈ ਗੁਰੂ ਨੂੰ ਹਾਣ ਲੱਭਾ।
ਹੀਰਾ ਨਿਕਲ ਕੇ ਹੁਣ ਤਾਂ ਪੱਥਰਾਂ ‘ਚੋਂ,
ਹੱਥ ਪਾਰਖੂ ਜੌਹਰੀ ਦੇ ਆਣ ਲੱਗਾ।
ਕਿਹਨੂੰ ਪਤਾ ਸੀ ਜਿਹਨੂੰ ਯਤੀਮ ਕਹਿੰਦੇ,
ਇਸ ਯਤੀਮਾਂ ਦੇ ਪਰਦੇ ਕੱਜਣੇ ਨੇ।
ਓਹਦੀ ਰਹਿਮਤ ਨਾਲ ਏਹਦੇ ਲੰਗਰਾਂ ‘ਚੋਂ,
ਪਰਲੋ ਤੀਕ ਭੁੱਖੇ ਭਾਣੇ ਰੱਜਣੇ ਨੇ।
ਕਿਹਨੂੰ ਪਤਾ ਸੀ ਟੋਕਰੀ ਢੋਂਹਦਿਆਂ ਹੀ,
ਦੀਨ ਦੁਨੀ ਦਾ ਛਤਰ ਸਿਰ ਝੁੱਲ ਪੈਣਾ।
ਗੁਰੂ ਨਾਨਕ ਦੀ ਮਿਹਰ ਜਾਂ ਹੋਊ ਇਸ ਤੇ,
ਇਹਦੀਆਂ ਘੁੰਗਣੀਆਂ ਦਾ ਫਿਰ ਮੁੱਲ ਪੈਣਾ।
ਸੂਝਵਾਨ ਤੇ ਪੁੰਜ ਸੀ ਨਿਮਰਤਾ ਦਾ,
ਹੁਕਮ ਗੁਰੂ ਦਾ ਮੰਨਦਾ ਨਾਲ ਜੇਠਾ।
ਥੜ੍ਹਿਆਂ ਵਾਲੇ ਇਮਤਿਹਾਨ ‘ਚੋਂ ਪਾਸ ਹੋਇਆ,
ਗੁਰਗੱਦੀ ਤੇ ਦਿੱਤਾ ਬਿਠਾਲ ਜੇਠਾ।
ਪਾਤਸ਼ਾਹ ਦੇ ਹੁਕਮ ਨੂੰ ਮੰਨ ਕੇ ਤੇ,
ਇੱਕ ‘ਗੁਰੂ ਕਾ ਚੱਕ’ ਵਸਾ ਦਿੱਤਾ।
ਸਭ ਕਿੱਤਿਆਂ ਦੇ ਲੋਕ ਵਸਾ ਏਥੇ,
ਨਵਾਂ ‘ਗੁਰੂ ਬਜ਼ਾਰ’ ਬਣਾ ਦਿੱਤਾ।
ਸਾਰੇ ਜਗਤ ਦੇ ਦੁੱਖੜੇ ਕੱਟਣੇ ਲਈ,
‘ਸੰਤੋਖ ਸਰ’ ਸਰੋਵਰ ਬਣਾ ਦਿੱਤਾ।
ਦੁੱਖ ਭੰਜਨੀ ਬੇਰੀ ਹੇਠ ਬਹਿ ਕੇ,
‘ਸੋਮਾ ਅੰਮ੍ਰਿਤ’ ਵੀ ਇੱਕ ਖੁਦਵਾ ਦਿੱਤਾ।
ਕੇਂਦਰ ਕੌਮ ਦਾ ਆਸਰਾ ਨਿਰਧਨਾਂ ਦਾ,
ਚਹੁੰ ਵਰਨਾਂ ਲਈ ਦਰ ਸੀ ਖੋਲ੍ਹ ਦਿੱਤੇ।
ਹੰਝੂ ਅੱਖੀਆਂ ‘ਚ ਲੈ ਕੇ ਆਏ ਜਿਹੜਾ,
ਮੋਤੀ ਉਸ ਦੀ ਝੋਲੀ ‘ਚ ਡੋਲ੍ਹ ਦਿੱਤੇ।
ਪ੍ਰਿਥੀ ਚੰਦ ਹੋਇਆ ਗੁਰੂ ਘਰ ਦੋਖੀ,
ਦਾਤੇ ਉਸ ਨੂੰ ਦਿਲੋਂ ਵਿਸਾਰ ਦਿੱਤਾ।
ਮਹਿਮਾਂ ਪਾਵਨ ਗੁਰਬਾਣੀ ਦੀ ਕਾਇਮ ਰੱਖੀ,
ਅਰਜਨ ਗੁਰੂ ਤੋਂ ਜੱਗ ਰੁਸ਼ਨਾਰ ਦਿੱਤਾ।
“ਦਾਹੜੀ ਲੰਮੀ ਕਿਉਂ ਏਨੀ ਵਧਾਈ ਹੋਈ ਏ”
ਸ੍ਰੀ ਚੰਦ ਜੀ ਕਿਹਾ ਉਚਾਰ ਮੁੱਖੋਂ।
“ਮਹਾਂ ਪੁਰਸ਼ਾਂ ਦੇ ਚਰਨਾਂ ਨੂੰ ਝਾੜਨੇ ਲਈ”
ਏਦਾਂ ਆਖਿਆ- ਨੂਰੀ ਨੁਹਾਰ ਮੁੱਖੋਂ।
ਤੀਹ ਰਾਗਾਂ ‘ਚ ਬਾਣੀ ਉਚਾਰ ਗੁਰਾਂ,
ਪਰਉਪਕਾਰ ਹੈ ਇੱਕ ਮਹਾਨ ਕੀਤਾ।
ਅਨੰਦ ਕਾਰਜ ਦੀ ਰਸਮ ਨੂੰ ਰਾਸ ਕਰਦਾ,
‘ਪਾਠ ਲਾਵਾਂ ਦਾ’ ਕੁੱਲ ਜਹਾਨ ਦਿੱਤਾ।
ਸਾਂਝੀਵਾਲਤਾ, ਸਬਕ ਮਨੁੱਖਤਾ ਨੂੰ,
ਮਹਿਮਾਂ ਤੇਰੀ ਤਾਂ ‘ਦੀਸ਼’ ਨਹੀਂ ਗਾ ਸਕਦੀ।
‘ਦੀਨ ਦੁਨੀ ਦੇ ਥੰਮ’ ਰਾਮ ਦਾਸ ਸਤਿਗੁਰ,
ਕੌਮ ਨਹੀਂ ਉਪਕਾਰ ਭੁਲਾ ਸਕਦੀ।
(‘ਜਿਨੀ ਨਾਮੁ ਧਿਆਇਆ’- ਪੁਸਤਕ)

ਗੁਰਦੀਸ਼ ਕੌਰ ਗਰੇਵਾਲ
+1 403-404-1450 ਕੈਲਗਰੀ