ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਖੇਤਾਂ ‘ਚ ਪਰਾਲੀ ਸਮੇਟਣ ਵਾਲੇ ਸੰਦਾਂ ‘ਤੇ ਸਬਸਿਡੀ ਪਿਛਲੇ ਕਈ ਸਾਲਾਂ ਤੋਂ ਦਿੱਤੀ ਜਾ ਰਹੀ ਹੈ ਫ਼ਿਰ ਵੀ ਇਹ ਮਸ਼ੀਨਰੀ ਖਰੀਦਣੀ ਦਰਮਿਆਨੇ ਤੇ ਛੋਟੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ। ਕੇਂਦਰੀ ਖੇਤੀ ਖੋਜ ਕੇਂਦਰ (ਪੂਸਾ) ਵੱਲੋਂ ਇਸ ਵਾਰ ਡੀਕੰਪੋਜ਼ਰ ਤਕਨੀਕ ਲਿਆਂਦੀ ਗਈ ਹੈ ਜਿਸ ‘ਚ ਕੈਪਸੂਲ, ਗੁੜ ਤੇ ਵੇਸਣ ਦਾ ਘੋਲ ਤਿਆਰ ਕਰਕੇ ਪਰਾਲੀ ‘ਤੇ ਛਿੜਕਾਅ ਕੀਤਾ ਜਾਵੇਗਾ ਖੇਤੀ ਮਾਹਿਰਾਂ ਅਨੁਸਾਰ ਇਸ ਛਿੜਕਾਅ ਨਾਲ ਪਰਾਲੀ ਗਲ ਕੇ ਖਾਦ ਬਣ ਜਾਵੇਗੀ ਜੇਕਰ ਇਹ ਤਕਨੀਕ ਕਾਮਯਾਬ ਹੁੰਦੀ ਹੈ ਤਾਂ ਅਗਲੇ ਸਾਲ ਇਸ ਨੂੰ ਦੇਸ਼ ਅੰਦਰ ਵੱਡੇ ਪੱਧਰ ‘ਤੇ ਅਪਣਾਇਆ ਜਾ ਸਕਦਾ ਹੈ ਦਰਅਸਲ ਤਕਨੀਕ ਹੀ ਇਸ ਮਸਲੇ ਦਾ ਸਹੀ ਹੱਲ ਹੈ
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜ਼ਮੀਨ ਨੂੰ ਅੱਗ ਲੱਗਣ ਨਾਲ ਬਹੁਤ ਸਾਰੇ ਸੂਖਮ ਜੀਵ ਤੇ ਹੋਰ ਮਿੱਤਰ ਕੀਟ, ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ, ਉਹ ਨਸ਼ਟ ਹੋ ਜਾਂਦੇ ਹਨ। ਇਸ ਲਈ ਲੋੜ ਹੈ ਕਿਸਾਨ ਸਮਝਦਾਰੀ ਤੋਂ ਕੰਮ ਲੈਣ ਤੇ ਥੋੜ੍ਹੀ ਜਿਹੀ ਮਿਹਨਤ ਨਾਲ ਨਾੜ ਨੂੰ ਖਾਦ ਦੇ ਰੂਪ ਵਿਚ ਵਰਤ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ ਨੂੰ ਖਰਾਬ ਹੋਣੋਂ ਬਚਾ ਸਕਦੇ ਹਨ। ਧਰਤੀ ਦੇ ਸੂਖਮ ਤੱਤ ਬਰਕਰਾਰ ਰਹਿੰਦੇ ਹਨ। ਧਰਤੀ ਦੀ ਉੱਪਰਲੀ ਤਹਿ ਵਿੱਚ ਕਿਸਾਨ ਦੇ ਮਿੱਤਰ ਕੀੜਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ।
ਸਾੜਨ ਨਾਲ ਹੋਣ ਵਾਲੇ ਹੋਰ ਨੁਕਸਾਨ ਇਸ ਤਰ੍ਹਾਂ ਹਨ:- ਖੇਤਾਂ ਦੇ ਆਲੇ-ਦੁਆਲੇ ਖੜ੍ਹੀ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ, ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ ਜਿਸ ਦਾ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਇਸ ਨਾਲ ਜੋ ਧੂੰਆਂ ਨਿੱਕਲਦਾ ਹੈ ਉਸਦਾ ਸੜਕੀ ਆਵਾਜਾਈ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਸਿੱਟੇ ਵਜੋਂ ਕਈ ਹਾਦਸੇ ਵਾਪਰਦੇ ਹਨ, ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਕਈ ਫੈਕਟਰੀਆਂ, ਇੱਟਾਂ ਦੇ ਭੱਠੇ, ਕਾਰਖਾਨਿਆਂ ਆਦਿ ਰਾਹੀਂ ਵੀ ਰਹਿੰਦ ਖੂੰਹਦ ਤੇ ਧੂੰਏਂ ਦਾ ਪ੍ਰਦੂਸ਼ਣ ਹੁੰਦਾ ਹੈ ਜੋ ਕਿ ਇਨਸਾਨਾਂ ਲਈ ਬਹੁਤ ਹੀ ਖਤਰਨਾਕ ਹੈ।
ਕੰਬਾਇਨ ਨਾਲ ਵੱਢੀ ਝੋਨੇ ਦੀ ਰਹਿੰਦ-ਖੂੰਹਦ ਅਗਲੇਰੀ ਫਸਲ ਲਈ ਖੇਤ ਤਿਆਰ ਕਰਨ ਵਿਚ ਅੜਿੱਕਾ ਖੜ੍ਹਾ ਕਰਦੀ ਹੈ। ਇਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਆਪਣੇ ਖੇਤਾਂ ਵਿਚ ਖੜ੍ਹੇ ਇਸ ਨਾੜ ਦੇ ਬੂਝਿਆਂ ਨੂੰ ਅੱਗ ਲਾ ਦਿੰਦੇ ਹਨ। ਜਿਸ ਨਾਲ ਪੈਦਾ ਹੋਇਆ ਧੂੰਆਂ ਜਿੱਥੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਉੱਥੇ ਜਨ-ਜੀਵਨ ਉੱਪਰ ਵੀ ਇਸ ਧੂੰਏਂ ਦਾ ਡਾਢਾ ਮਾੜਾ ਅਸਰ ਪੈਂਦਾ ਹੈ। ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਇਹ ਧੂੰਆਂ ਜਿੱਥੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ। ਅੱਖਾਂ ਉਪਰ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਾਹ ਦੀ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਸ਼ਾਮ ਸਮੇਂ ਲਾਈ ਅੱਗ ਕਾਰਨ ਬਹੁਤੇ ਸਾਧਨ ਵਗੈਰਾ ਆਪਸ ਵਿਚ ਟਕਰਾ ਜਾਂਦੇ ਹਨ, ਇਹਨਾਂ ਹਾਦਸਿਆਂ ਵਿਚ ਅਕਸਰ ਰਾਹਗੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।
ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਚਲਾਏ ਪਟਾਕਿਆਂ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਪ੍ਰਦੂਸ਼ਣ ਕਾਰਨ ਕਈ ਦਿਨਾਂ ਤੋਂ ਪੰਜਾਬ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੁੰਦਾ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਤੇ ਲੋਕ ਸਾਹ, ਖੰਘ, ਦਮਾ ਆਦਿ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ।
ਮਾਸਟਰ ਪ੍ਰੇਮ ਸਰੂਪ ਛਾਜਲੀ