ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਤੌਰ ਮੁੱਖ ਮਹਿਮਾਨ ਕੀਤੀ ਗਈ ਸ਼ਿਰਕਤ
ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਯਤਨਸ਼ੀਲ ਰਹਿਣ ਵਾਲੀ ਪ੍ਰਵਾਸੀ ਭਾਰਤੀਆਂ ਦੀ ਸੰਸਥਾ ‘ਪਗੜੀ’ ਵੱਲੋਂ ‘ਸਫਲ ਕਿਸਾਨ ਸਨਮਾਨ ਸਮਾਗਮ’ ਦੌਰਾਨ ਪਿਛਲੇ ਸਮੇਂ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਜੈਵਿਕ ਘਰੇਲੂ ਬਗੀਚੀ ਅਤੇ ਮੁਰਗੀ ਪਾਲਣ ’ਚ ਸਫਲਤਾ ਹਾਸਲ ਕਰਨ ਵਾਲੇ ਕਿਸਾਨਾਂ ਦਾ ਅੱਜ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਸਥਾਨਕ ਕੋਠੇ ਗੱਜਣ ਸਿੰਘ ਵਾਲਾ ਵਿਖੇ ਹੋਏ ਉਕਤ ਸਮਾਗਮ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਪਗੜੀ ਸੰਸਥਾ ਦੇ ਮੁੱਖ ਸੇਵਾਦਾਰ ਲਾਲ ਸਿੰਘ ਸ਼ਿਕਾਗੋ ਵਲੋਂ ਕੀਤੀ ਗਈ। ਸਪੀਕਰ ਸੰਧਵਾਂ ਨੇ ਪਗੜੀ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋਂ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਕਿਸਾਨਾਂ ਦੀ ਮੱਦਦ ਕਰਨ ਲਈ 40 ਕਿਸਾਨਾਂ ਨੂੰ ਪੋਲਟਰੀ ਦਾ ਕੰਮ ਸ਼ੁਰੂ ਕਰਵਾ ਕੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 450 ਘਰੇਲੂ ਬਗੀਚੀਆਂ ਲਵਾਈਆਂ, ਕੁਦਰਤੀ ਖੇਤੀ ਲਈ ਕਿਸਾਨਾ ਨੂੰ ਵੀ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲੋੜ ਅਨੁਸਾਰ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਖੇਤੀਬਾੜੀ ਬਹੁਤ ਲਾਹੇਵੰਦ ਧੰਦਾ ਹੈ ਅਤੇ ਪੁਰਾਣੀ ਕਹਾਵਤ ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ ਅਨੁਸਾਰ ਅੱਜ ਵੀ ਖੇਤੀ ਦਾ ਧੰਦਾ ਹਰ ਪੱਖੋਂ ਉਤਮ ਹੈ। ਸੰਸਥਾ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਸਪੀਕਰ ਸੰਧਵਾਂ ਨੇ ਆਖਿਆ ਕਿ ਅਜਿਹੀਆਂ ਵਾਤਾਵਰਣ ਪੱਖੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਲਈ ਸਰਕਾਰ ਹਰ ਸਮੇਂ ਤਿਆਰ ਹੈ ਤੇ ਉਹ ਇਸ ਬਾਰੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਕਰਨਗੇ। ਸੰਸਥਾ ਦੇ ਸੰਸਥਾਪਕ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰ. ਲਾਲ ਸਿੰਘ ਸ਼ਿਕਾਗੋ ਨੇ ਆਖਿਆ ਕਿ ਸੰਸਥਾ ਵਲੋਂ ਹੁਣ ਤੱਕ 450 ਤੋਂ ਜਿਆਦਾ ਵਾਤਾਵਰਣ ਪੱਖੀ ਕਿਸਾਨਾ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਤੇ ਅੱਜ 40 ਪੋਲਟਰੀ ਫਾਰਮ ਦਾ ਧੰਦਾ ਕਰਨ ਵਾਲੇ ਅਤੇ 55 ਘਰੇਲੂ ਬਗੀਚੀਆਂ ਵਾਲੇ ਵਾਤਾਵਰਣ ਪੱਖੀ ਕਿਸਾਨਾ ਦਾ ਸਨਮਾਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਕਰਵਾਇਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ, ਗੁਰਪ੍ਰੀਤ ਸਿੰਘ ਬਲਾਕ ਅਫਸਰ ਸਮੇਤ ਹਰਵਿੰਦਰ ਸਿੰਘ ਮਰਵਾਹਾ, ਦਲੇਰ ਸਿੰਘ, ਅਮਰਜੀਤ ਸਿੰਘ ਢਿੱਲੋਂ, ਦਲੀਪ ਸਿੰਘ, ਮਾ. ਜਸਪਾਲ ਸਿੰਘ ਮੜਾਕ, ਡਾ. ਮਨਜੀਤ ਸਿੰਘ ਲਾਲੇਆਣਾ ਅਤੇ ਪਰਮਜੀਤ ਸਿੰਘ ਮਾਨ ਆਦਿ ਨੇ ਵੀ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਪਗੜੀ ਸੰਸਥਾ ਸ਼ਿਕਾਗੋ (ਅਮਰੀਕਾ) ਕਿਸਾਨੀ ਮੋਰਚੇ ਤੋਂ ਬਾਅਦ ਹੋਂਦ ਵਿੱਚ ਆਈ ਅਤੇ ਪ੍ਰਵਾਸੀ ਭਾਰਤੀ ਵੀਰਾਂ ਨੇ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਸੋਚਿਆ ਕਿ ਕਿਸਾਨਾਂ ਦੀ ਮੱਦਦ ਕੀਤੀ ਜਾਣੀ ਚਾਹੀਦੀ ਹੈ। ਉਕਤ ਸੰਸਥਾ ਨੇ ਲਾਲ ਸਿੰਘ (ਮੁੱਖ ਸੇਵਾਦਾਰ) ਸ਼ਿਕਾਗੋ, ਕੁਲਦੀਪ ਸਿੰਘ ਸਰਾਂ, ਡਾ. ਹਰਿੰਦਰ ਸਿੰਘ ਲਾਂਬਾ ਦੀ ਅਗਵਾਈ ਵਿੱਚ ਫਰੀਦਕੋਟ ਤੋਂ ਸੇਵਾ ਕਾਰਜ ਸ਼ੁਰੂ ਕੀਤਾ। ਹਰਵਿੰਦਰ ਸਿੰਘ (ਕੋਆਰਡੀਨੇਟਰ) ਨੇ ਦੱਸਿਆ ਕਿ ਫਰੀਦਕੋਟ ਦੇ ਪਿੰਡਾਂ ਖਾਰਾ, ਵਾੜਾਦਰਾਕਾ, ਬਾਹਮਣਵਾਲਾ, ਢਾਬ ਗੁਰੂ ਕੀ, ਢੈਪਈ, ਰੋਮਾਣਾ ਅਲਬੇਲ ਸਿੰਘ, ਡੇਲਿਆਂਵਾਲੀ, ਕੋਠੇ ਰਾਮਸਰ, ਹਜ਼ੂਰਾ ਸਿੰਘ ਵਾਲਾ, ਲਾਲੇਆਣਾ ਆਦਿ ਦੇ 30 ਕਿਸਾਨਾਂ ਨੂੰ ਪੋਲਟਰੀ ਦਾ ਕੰਮ ਸ਼ੁਰੂ ਕਰਕੇ ਦਿੱਤਾ, 419 ਘਰੇਲੂ ਬਗੀਚੀਆਂ ਲਵਾਈਆਂ, ਕੁਦਰਤੀ ਖੇਤੀ ਲਈ ਕਿਸਾਨਾ ਨੂੰ ਉਤਸ਼ਾਹਿਤ ਕੀਤਾ, ਇਸ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲੋੜ ਅਨੁਸਾਰ ਮੱਦਦ ਕੀਤੀ ਜਾ ਰਹੀ ਹੈ। ਇਸ ਮੌਕੇ ਉਪਰਕੋਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਨਦੀਪ ਸਿੰਘ ਮੌਂਗਾ, ਜਗਤਾਰ ਸਿੰਘ ਨੰਗਲ, ਜੋਰਾਵਰ ਸਿੰਘ ਚਹਿਲ, ਜਸਵੰਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *