ਜੈਤੋ ਦੇ ਸਰਕਾਰੀ ਹਸਪਤਾਲ ‘ਚ ਲੰਬੇ ਸਮੇਂ ਤੋਂ ਗਾਇਨੀਕੋਲੋਜਿਸਟ ਦੀ ਅਸਾਮੀ ਖਾਲੀ
ਔਰਤਾਂ ਨੂੰ ਇਲਾਜ ਲਈ ਪੇਸ਼ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਭਾਜਪਾ ਦੇ ਜ਼ਿਲਾ ਪ੍ਰਧਾਨ ਨੇ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ
ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਪ੍ਰਧਾਨ ਗੌਰਵ ਕੱਕੜ ਨੇ ਹਲਕਾ ਇੰਚਾਰਜ ਡਾ. ਰਮਨ ਜੈਤੋ ਨਾਲ ਜਾ ਕੇ ਸਿਵਲ ਸਰਜਨ ਫ਼ਰੀਦਕੋਟ ਨੂੰ ਜੈਤੋ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਔਰਤਾਂ ਦੇ ਮਾਹਿਰ ਡਾਕਟਰ ਅਤੇ ਐਮਰਜੈਂਸੀ ਮੈਡੀਕਲ ਅਫ਼ਸਰ ਦੀ ਪੋਸਟ ਖਾਲੀ ਪਈ ਹੋਣ ਦਾ ਮਸਲਾ ਧਿਆਨ ਵਿੱਚ ਲਿਆਂਦਾ। ਜਿਸ ਦੇ ਮੱਦੇਨਜ਼ਰ ਸਿਵਲ ਸਰਜਨ ਫ਼ਰੀਦਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਇੱਕ ਅਲਟਰਾਸਾਊਂਡ ਮਸ਼ੀਨ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਡਾ. ਰਮਨ ਜੈਤੋ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਜ਼ਿਆਦਾਤਰ ਗਰਭਵਤੀ ਔਰਤਾਂ ਦੇ ਪਰਿਵਾਰ ਦੂਜੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹਨ। ਇਸ ਤੋਂ ਬਿਨਾਂ ਓਪੀਡੀ ਵਿੱਚ ਬੈਠੇ ਡਾਕਟਰ ਐਮਰਜੈਂਸੀ ਡਿਊਟੀ ’ਤੇ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਹਸਪਤਾਲ ਵਿੱਚ ਆਸਪਾਸ ਵਾਲੇ ਪਿੰਡਾਂ ਦੇ ਦਰਜਨਾਂ ਲੋਕ ਇਲਾਜ ਲਈ ਆਉਂਦੇ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਉਹ ਬਿਨਾਂ ਇਲਾਜ ਤੋਂ ਦੂਜੇ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹਨ। ਡਾਕਟਰ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਅਲਟਰਾਸਾਊਂਡ ਮਸ਼ੀਨਾਂ ਨਾ ਹੋਣ ਦਾ ਨਤੀਜਾ ਹੈ ਕਿ ਹਰ ਰੋਜ਼ ਕਈ ਮਰੀਜ਼ਾਂ ਨੂੰ ਪ੍ਰਾਈਵੇਟ ਸੈਂਟਰਾਂ ਤੋਂ ਮਹਿੰਗੇ ਰੇਟਾਂ ’ਤੇ ਅਲਟਰਾਸਾਊਂਡ ਕਰਵਾਉਣਾ ਪੈਂਦਾ ਹੈ।
ਸਰਕਾਰੀ ਸਹੂਲਤਾਂ ਦਾ ਲਾਭ ਨਹੀਂ ਮਿਲ ਰਿਹਾ :-
ਬੀਜੇਪੀ ਜਿਲਾ ਪ੍ਰਧਾਨ ਗੌਰਵ ਕੱਕੜ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰ ਦੀ ਅਸਾਮੀ ਖਾਲੀ ਹੋਣ ਕਾਰਣ ਜਿਆਦਾਤਰ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ। ਖਾਲੀ ਅਸਾਮੀਆਂ ਕਾਰਨ, ਔਰਤਾਂ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈਣ ਦੇ ਯੋਗ ਨਹੀਂ ਹਨ। ਇਸ ਤੋਂ ਬਿਨਾਂ ਹਸਪਤਾਲ ਵਿੱਚ ਲੰਮੇ ਸਮੇਂ ਤੋਂ ਡਾਕਟਰਾਂ ਦੀ ਅਸਾਮੀ ਖਾਲੀ ਹੋਣ ਕਾਰਨ ਔਰਤਾਂ ਨੂੰ ਇਲਾਜ ਲਈ ਕੋਟਕਪੂਰਾ ਅਤੇ ਫਰੀਦਕੋਟ ਜਾਂ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਜਾਣਾ ਪੈਂਦਾ ਹੈ, ਜਿਸ ਕਾਰਨ ਆਰਥਿਕ ਨੁਕਸਾਨ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Leave a Comment
Your email address will not be published. Required fields are marked with *