ਆਲੋਚਕ ਹਰ ਉਹ ਵਿਅਕਤੀ ਹੈ ਜਿਹੜਾ ਮੁਲੰਕਣ ਕਰ ਕੇ ਨਿਰਣਾ ਦੇਵੇ। ਗੈਰ ਰਸਮੀ ਤੌਰ ਤੇ ਆਲੋਚਨਾ ਸਾਰੇ ਮਨੁੱਖੀ ਪ੍ਰਗਟਾਵੇ ਦਾ ਇੱਕ ਆਮ ਪਹਿਲੂ ਹੈ ਅਤੇ ਨਿਰਣਿਆਂ ਦਾ ਕੁਸ਼ਲ ਜਾਂ ਸਟੀਕ ਪ੍ਰਗਟਾਵ ਹੋਣਾ ਜਰੂਰੀ ਨਹੀਂ। ਇਹ ਮਨੁੱਖੀ ਵਰਤੋਂ ਵਿਹਾਰ ਵਿੱਚ ਨਿਰੰਤਰ ਕਾਰਜਸ਼ੀਲ ਪ੍ਰਕਿਰਿਆ ਹੈ। ਆਲੋਚਨਾਤਮਕ ਨਿਰਣੇ, ਅੱਛੇ ਜਾਂ ਭੈੜੇ, ਸਕਾਰਾਤਮਕ (ਵਿਚਾਰ ਅਧੀਨ ਵਸਤੂ ਜਾਂ ਵਿਚਾਰ ਦੀ ਪ੍ਰਸ਼ੰਸਾ ਵਿੱਚ), ਨਕਾਰਾਤਮਕ (ਨਿੰਦਾ ਕਰਨ ਵਾਲੇ), ਜਾਂ ਸੰਤੁਲਿਤ (ਦੋਨਾਂ ਹੱਕ ਵਿੱਚ ਅਤੇ ਖਿਲਾਫ ਦੋਨਾਂ ਪੱਖਾਂ ਤੋਂ ਜੋਖ ਪਰਖ ਕੇ) ਹੋ ਸਕਦੇ ਹਨ। ਹਾਲਾਂਕਿ ਸਾਰੀ ਆਲੋਚਨਾ ਲਈ ਕਿਸੇ ਉਦੇਸ਼ ਦਾ ਹੋਣਾ ਆਵਸ਼ਕ ਮੰਨਿਆ ਜਾਂਦਾ ਹੈ, ਆਲੋਚਕ ਆਪਣੇ ਵਿਸ਼ੇਸ਼ ਪ੍ਰੇਰਕ-ਮਨੋਰਥ ਦੁਆਰਾ ਵੀ ਪਰਿਭਾਸ਼ਿਤ ਹੋ ਸਕਦਾ ਹੈ। ਆਮ ਤੌਰ ਤੇ ਕਿਸੇ ਆਲੋਚਕ ਦੀ ਮਨਸ਼ਾ ਰਚਨਾਤਮਕ ਜਾਂ ਵਿਨਾਸ਼ਕਾਰੀ ਕੋਈ ਵੀ ਹੋ ਸਕਦੀ ਹੈ। ਅਖਬਾਰ ਤੇ ਰਸਾਲਿਆ ਦੇ ਮਨੋਰੰਜਨ ਪੱਖ ਨੂੰ ਬਰਕਰਾਰ ਰੱਖਣ ਲਈ ਆਲੋਚਕਾਂ ਦੀ ਵੱਡੀ ਲੋੜ ਹੁੰਦੀ ਹੈ। ਉਹ ਸੰਗੀਤ, ਨਾਟਕ ਅਤੇ ਹੋਰ ਕਲਾਤਮਿਕ ਸਰਗਰਮੀਆਂ ਦੀ, ਫਿਲਮਾਂ, ਕਿਤਾਬਾਂ, ਰਾਜਸੀ ਅਤੇ ਸਮਾਜਕ ਸਰਗਰਮੀਆਂ ਦੀ ਆਲੋਚਨਾ ਲਈ ਤੀਖਣ-ਬੁਧ ਨਿਰੀਖਕਾਂ ਨੂੰ ਬਾਕਾਇਦਾ ਭਰਤੀ ਕਰਦੇ ਹਨ ਅਤੇ ਉਨ੍ਹਾਂ ਤੋਂ ਰੋਜ਼ਾਨਾ ਜਾਂ ਹਫਤਾਵਾਰ ਕਾਲਮ ਲਿਖਵਾਉਂਦੇ ਹਨ। ਇਹ ਆਲੋਚਕ ਪਾਠਕਾਂ ਨੂੰ ਸੋਚਣਾ ਸਿਖਾਉਂਦੇ ਹਨ। ਯਾਨੀ, ਆਪਣੇ ਤੌਰ ਤੇ ਮੁਲੰਕਣ ਕਰਨਾ।
ਜਦੋਂ ਤੁਸੀਂ ਕਿਸੇ ਫ਼ਿਲਮ ਬਾਰੇ ਕੋਈ ਰਾਏ ਪ੍ਰਗਟ ਕਰਦੇ ਹੋ, ਤਾਂ ਤੁਸੀਂ ਉਸ ਫ਼ਿਲਮ ਦੀ ਸਮੀਖਿਆ ਕਰ ਰਹੇ ਹੁੰਦੇ ਹੋ। ਪਰ ਇੱਕ ਚੰਗਾ ਅਤੇ ਪੇਸ਼ੇਵਰ ਆਲੋਚਕ ਬਣਨ ਲਈ ਫ਼ਿਲਮ ਕਲਾ ਦੇ ਸਾਰੇ ਪਹਿਲੂਆਂ ਨੂੰ ਸਮਝਣਾ ਜ਼ਰੂਰੀ ਹੈ। ਇਸ ਦੇ ਲਈ ਚੰਗੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਦੇਖੋ ਅਤੇ ਐਕਟਿੰਗ, ਕੈਮਰਾ, ਨਿਰਦੇਸ਼ਨ, ਕਹਾਣੀ, ਸਕ੍ਰਿਪਟ ਅਤੇ ਐਡੀਟਿੰਗ ਆਦਿ ਸਾਰੇ ਪਹਿਲੂਆਂ ‘ਤੇ ਧਿਆਨ ਦਿਓ।
ਤੁਹਾਨੂੰ ਫ਼ਿਲਮ ਦੀ ਹਰ ਸ਼ੈਲੀ ਵਿੱਚ ਕੋਈ ਨਾ ਕੋਈ ਕਲਾ ਮਿਲੇਗੀ। ਸਿਰਫ਼ ਇਸ ਬਾਰੇ ਲਿਖਣਾ ਹੀ ਫ਼ਿਲਮ ਦੀ ਸਮੀਖਿਆ ਕਹੀ ਜਾ ਸਕਦੀ ਹੈ। ਮਸ਼ਹੂਰ ਫ਼ਿਲਮ ਸਮੀਖਿਅਕ ਤੇ ਪੱਤਰਕਾਰ ਇਕਬਾਲ ਚਾਨਾ ਵੀ ਉਨ੍ਹਾਂ ਹੀ ਨਾਮਵਾਰ ਸ਼ਖ਼ਸੀਅਤਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੇ ਹੁਣ ਤੱਕ ਅਣਗਿਣਤ ਬਹੁ ਚਰਚਿਤ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਲਗਾਤਾਰ ਲੇਖਕ ਦੇ ਤੋਰ ਤੇ ਲਿਖ ਕੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਪ੍ਰਸਿੱਧ ਹਿੰਦੀ ਸਿਨੇਮੇ ਪ੍ਰਤੀ ਗੰਭੀਰ ਰਵੱਈਆ ਰੱਖਦੇ ਹੋਏ, ਉਹ ਇਸਦੇ ਵਿਸ਼ਾਲ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਫਿਲਮਾਂ ਅਤੇ ਫ਼ਿਲਮੀ ਹਸਤੀਆਂ ਦੇ ਸੰਪਰਕ ਵਿੱਚ ਆਏ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਫ਼ਿਲਮੀ ਪੱਤਰਕਾਰੀ ਸਿਰਫ ਗੱਪਾਂ ‘ਤੇ ਆਧਾਰਿਤ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕਿਸੇ ਨੇ ਫ਼ਿਲਮੀ ਪੱਤਰਕਾਰੀ ਨੂੰ ਗੰਭੀਰ ਪੱਤਰਕਾਰੀ ਦਾ ਰੂਪ ਦਿੱਤਾ ਹੈ ਤਾਂ ਇਕਬਾਲ ਚਾਨਾ ਦਾ ਨਾਂ ਪ੍ਰਮੁੱਖ ਪੱਤਰਕਾਰਾਂ ਵਿੱਚ ਸ਼ਾਮਲ ਹੁੰਦਾ ਹੈਂ। ਉਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਆਪਣੇ ਬਲਾਗ ਰਾਹੀਂ ਫ਼ਿਲਮਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ 19 ਜਨਵਰੀ ਸਾਲ 1953 ਨੂੰ ਨਵਾਂ ਜ਼ਮਾਨਾ ਅਖ਼ਬਾਰ ਦੇ ਪ੍ਰਸਿੱਧ ਪੱਤਰਕਾਰ ਸਵਰਗੀ ਸ੍ਰ ਸੁਰਜੀਤ ਸਿੰਘ ਜਲੰਧਰੀ ਤੇ ਮਾਤਾ ਨਰਿੰਦਰਜੀਤ ਕੌਰ ਦੇ ਘਰ ਪਿੰਡ ਸਰੀਂਹ ਸ਼ੰਕਰ ਜ਼ਿਲ੍ਹਾ ਜਲੰਧਰ ਵਿੱਚ ਜਨਮੇ ਇਕਬਾਲ ਅਜਿਹੇ ਸਥਾਨ ‘ਤੇ ਵੱਡੇ ਹੋਏ ਜਿੱਥੇ ਫਿਲਮਾਂ ਨੂੰ ਦੂਜੇ ਦਰਜੇ ਦਾ ਮੰਨਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਫ਼ਿਲਮਾਂ ਅਤੇ ਫ਼ਿਲਮ ਜਗਤ ਵਿੱਚ ਉਨ੍ਹਾਂ ਦੀ ਦਿਲਚਸਪੀ ਵਧ ਗਈ।
ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਲਿਖਾਈ ਦੁਆਬਾ ਕਾਲਜ ਜਲੰਧਰ ਤੋਂ ਪੂਰੀ ਕੀਤੀ । ਉਸ ਤੋਂ ਬਾਅਦ ਉਹ 1972 ਵਿੱਚ ਇਸ ਖੇਤਰ ਵਿੱਚ ਆਏ ਅਤੇ ਫਿਰ ਫ਼ਿਲਮ ਜਗਤ ਨੂੰ ਕਿਸੇ ਵੀ ਹੋਰ ਹਿੰਦੀ ਪੱਤਰਕਾਰ ਨਾਲੋਂ ਜ਼ਿਆਦਾ ਨੇੜਿਓਂ ਦੇਖਿਆ ਅਤੇ ਘੋਖਿਆ।ਫ਼ਿਲਮਾਂ ਬਾਰੇ ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਕਰਦੀ ਹੈ। ਭਾਵੇਂ ਇੱਕ ਸਮਾਂ ਸੀ ਜਦੋਂ ਉਹ ਸਾਹਿਤ ਜਗਤ ਵਿੱਚ ਵੀ ਰੁਚੀ ਰੱਖਦੇ ਸੀ ਪਰ ਬਦਲਦੇ ਸਮੇਂ ਦੇ ਨਾਲ ਉਨ੍ਹਾਂ ਆਪਣੇ ਆਪ ਨੂੰ ਫ਼ਿਲਮੀ ਖੇਤਰ ਤੱਕ ਸੀਮਤ ਕਰ ਲਿਆ।
ਇਕਬਾਲ ਚਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ’ ਜਥੇਦਾਰ ਅਖ਼ਬਾਰ ਤੋਂ ਕੀਤੀ। ਜਿਸਨੂੰ ਮਾਸਟਰ ਤਾਰਾ ਸਿੰਘ ਦੀ ਬੇਟੀ ਚਲਾਉਦੀ ਸੀ। ਉਸ ਤੋਂ ਬਾਅਦ ਜੱਗਬਾਣੀ ਤੇ ਰੋਜ਼ਾਨਾ ਅਜੀਤ’ ਨਾਲ ਉਨ੍ਹਾਂ ਦੀ ਸਾਂਝ ਬਣ ਗਈ ਅਤੇ ਉਨ੍ਹਾਂ ਦੂਜੀ ਪਾਰੀ ਮੁੰਬਈ ਵਿੱਚ ਵੀ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੀ।ਇਕਬਾਲ ਚਾਨਾ ਦੀ ਭਾਰਤੀ ਸਿਨੇਮਾ ਤੇ ਬਹੁਤ ਜਲਦੀ ਹੀ ਇੱਕ ਬੇਹੱਦ ਜਾਣਕਾਰੀ ਭਰਪੂਰ ਕਿਤਾਬ ਰਿਲੀਜ਼ ਹੋ ਰਹੀ ਹੈ।ਜਿਸ ਦਾ ਟਾਈਟਲ ‘ਬਾਲੀਵੁੱਡ ਦਾ ਕੌੜਾ ਸੱਚ ‘ ਦੇ ਸਿਰਲੇਖ ਹੇਠ ਇਹ ਖੋਜ ਭਰਪੂਰ ਪੁਸਤਕ ਸਿਨੇਮੇ ਨਾਲ ਜੁੜੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਹਾਈ ਹੋਵੇਗੀ।ਇਕਬਾਲ ਚਾਨਾ ਇੱਕ ਫ਼ਿਲਮ ਪੱਤਰਕਾਰ ਹੋਣ ਦੇ ਨਾਲ-ਨਾਲ ਇੱਕ ਸ਼ਾਨਦਾਰ ਬਲੌਗਰ,ਫ਼ਿਲਮ ਸਕਪਰਿਟ ਲੇਖਕ ਤੇ ਡਾਇਰੈਕਟਰ ਵੀ ਹਨ। ਉਨ੍ਹਾਂ ਦੁਆਰਾ ਨਿਰਦੇਸ਼ਤ ਪੰਜਾਬੀ ਫ਼ਿਲਮਾਂ ‘ਪੱਗੜੀ ਸੰਭਾਲ ਜੱਟਾ’, ‘ਮਸਤੀ’ ਤੇ ‘ਤੇਰੀਆਂ ਮਹੱਬਤਾ’ ਤੇ ਕੁਝ ਸੀਰੀਅਲ ‘ਪੰਜਾਬ ਦੀ ਆਵਾਜ਼’ ਤੇ ‘ਮਸਤ ਰਾਮ’ ਆਦਿ ਵੀ ਕੀਤੇ ਇਕਬਾਲ ਸਿੰਘ ਚਾਨਾ ਆਪਣੇ ਪਰਮ ਮਿੱਤਰ ਉੱਘੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਨਾਲ ਮਿਲ ਕੇ (Punjabi Cinema 4 u )- ਪੰਜਾਬੀ ਸਿਨੇਮਾ 4 U ਨਾਂਅ ਦੇ ਪੰਜਾਬੀ ਚੈਨਲ ਬੜੀ ਸਫ਼ਲਤਾ ਪੂਰਵਕ ਚਲਾ ਰਹੇ ਹਨ। ਜਿਸ ਤੇ ਫ਼ਿਲਮਾਂ ਨਾਲ ਸਬੰਧਤ ਅਪਡੇਟਸ ਰੋਜ ਦੇਖਣ ਨੂੰ ਮਿਲਦੀਆਂ ਹਨ। ਇਕਬਾਲ ਚਾਨਾ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਦੇ ਸਾਬਕਾ ਉਪ ਪ੍ਰਧਾਨ ਅਤੇ ਸਕੱਤਰ ਜਨਰਲ (IFTDA) ਮੁੰਬਈ ਵੀ ਹਨ।
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202
Leave a Comment
Your email address will not be published. Required fields are marked with *