ਫਰੀਦਕੋਟ 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਲਿਖਾਰੀ ਸਾਹਿਤ ਸਭਾ ਬਰਨਾਲਾ ਅਤੇ ਪ੍ਰੋ . ਪ੍ਰੀਤਮ ਸਿੰਘ ਯਾਦਗਾਰੀ ਟਰੱਸਟ ਅਤੇ ਅਦਾਰਾ ਮੁਹਾਂਦਰਾ ਵੱਲੋਂ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਮੁੱਖ ਸਰਪ੍ਰਸਤ ਅਤੇ ਉੱਘੇ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਅਣਵੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਸਾਹਿਤਕ ਘਾਲਣਾਵਾਂ ਨੂੰ ਸਮਰਪਿਤ ਭਰੇ ਸਾਹਿਤਕ ਪੰਡਾਲ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਡਾ . ਰਾਹੁਲ ਰੁਪਾਲ ( ਸੰਪਾਦਕ ਤ੍ਰੈ ਮਾਸਿਕ ਰਸਾਲਾ ਮੁਹਾਂਦਰਾ ) , ਪ੍ਰਸਿੱਧ ਕਹਾਣੀਕਾਰ ਡਾ. ਜੋਗਿੰਦਰ ਸਿੰਘ ਨਿਰਾਲਾ (ਮੁੱਖ ਸੰਪਾਦਕ ਤ੍ਰੈ ਮਾਸਿਕ ਰਸਾਲਾ ਮੁਹਾਂਦਰਾ ) , ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਲਿਖਾਰੀ ਸਭਾ ( ਸੇਖੋਂ ) ਪੰਜਾਬ , ਪ੍ਰਸਿੱਧ ਕਵੀ ਤੇ ਚਿੱਤਰਕਾਰ ਸ੍ਰੀ ਸਵਰਨਜੀਤ ਸਿੰਘ ਸਵੀ( ਚੇਅਰਮੈਨ ਆਰਟ ਕੌਂਸਲ ਪੰਜਾਬ ) , ਡਾ. ਸਰਬਜੀਤ ਸਿੰਘ ( ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ ) ਨੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਸਾਹਿਤਕ ਦੇਣ ਤੇ ਆਪੋ ਆਪਣੇ ਸ਼ੁੱਭ ਵਿਚਾਰ ਪੇਸ਼ ਕੀਤੇ ਅਤੇ ਹੋਰ ਬੁੱਧੀ ਜੀਵੀਆਂ ਨੇ ਨਵਰਾਹੀ ਜੀ ਦੀ ਸਾਹਿਤਕ ਘਾਲਣਾ ਬਾਰੇ ਚਰਚਾ ਕੀਤੀ। ਨਵਰਾਹੀ ਸਾਹਿਬ ਜੀ ਦੀ ਇੱਕ ਗ਼ਜ਼ਲ “ ਮੰਨਾਂ ਤੂੰ ਠੇਸ ਦੇ ਕਿਸ਼ਤੀ ਕਿਨਾਰੇ ਆ ਹੀ ਜਾਵਣਗੇ “ ਨੂੰ ਲੇਖਕ ਤੇ ਗਾਇਕ ਇਕਬਾਲ ਘਾਰੂ ਨੇ ਪੇਸ਼ ਕਰਕੇ ਵਾਹ ਵਾਹ ਖੱਟੀ। ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਕਰਨਲ ਬਲਬੀਰ ਸਿੰਘ ਸਰਾਂ , ਲਾਲ ਸਿੰਘ ਕਲਸੀ , ਇਕਬਾਲ ਘਾਰੂ , ਵਤਨਵੀਰ ਜ਼ਖਮੀ , ਸੁਰਿੰਦਰਪਾਲ ਸ਼ਰਮਾ ਭਲੂਰ , ਸੁਖਚੈਨ ਥਾਂਦੇਵਾਲ ਨੇ ਸ਼ਿਰਕਤ ਕੀਤੀ ਅਤੇ ਨਵਰਾਹੀ ਘੁਗਿਆਣਵੀ ਜੀ ਬਾਰੇ ਆਪੋ ਆਪਣੇ ਵਿਚਾਰ ਤੇ ਰਚਨਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਦੂਰ- ਨੇੜੇ ਤੋ ਆਏ ਹੋਏ ਕਵੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਮਾਗਮ ਦੀ ਰੌਣਕ ਨੂੰ ਵਧਾਇਆ। ਅਖੀਰ ਵਿੱਚ ਪਵਨ ਹਰਚੰਦਪੁਰੀ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਅਤੇ ਉਸ ਦੀ ਹੋਂਦ ਨੂੰ ਖਤਮ ਕਰਨ ਦੇ ਮਨਸੂਬਿਆਂ ਤੇ ਚਾਨਣਾ ਪਾਇਆ। ਡਾ ਰਾਹੁਲ ਰੁਪਾਲ ਅਤੇ ਡਾ ਜੋਗਿੰਦਰ ਸਿੰਘ ਨਿਰਾਲਾ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *