ਡਾ ਗੁਰਜੀਤ ਚੌਹਾਨ ਬਣੇ ਪ੍ਰਧਾਨ ਤੇ ਸੁਰਿੰਦਰਪਾਲ ਸਿੰਘ ਜਨਰਲ ਸਕੱਤਰ
ਬਠਿੰਡਾ,31 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰਾਂ ਸਮੇਤ ਹਰ ਵਰਗ ਦੀ ਆਵਾਜ਼ ਬੁਲੰਦ ਕਰਨ ਅਤੇ ਹਰ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਮੋਹਰੀ ਹੋਕੇ ਖੜਨ ਵਾਲੇ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਇੱਕ ਅਹਿਮ ਮੀਟਿੰਗ ਸੀਨੀਅਰ ਪੱਤਰਕਾਰ ਸ੍ਰੀ ਭੀਮ ਚੰਦ ਅਗਰਵਾਲ ਦੀ ਦੇਖ ਰੇਖ ਹੇਠ ਇੱਥੇ ਸਥਿਤ ਟੀਚਰ ਹੋਮ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿੱਥੇ ਪੱਤਰਕਾਰਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਤੇ ਚਰਚਾ ਕੀਤੀ ਗਈ ਉੱਥੇ ਕਲੱਬ ਦੀ ਨਵੇਂ ਸਿਰੇ ਤੋਂ ਚੋਣ ਵੀ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ ਸਾਰੇ ਹੀ ਮੈਂਬਰ ਸਹਿਬਾਨਾਂ ਦੀ ਹਾਜ਼ਰੀ ਅਤੇ ਸਹਿਮਤੀ ਵਿੱਚ ਬੜੇ ਹੀ ਮਿਹਨਤੀ, ਨਿੱਡਰ ਅਤੇ ਪੱਤਰਕਾਰਾਂ ਦੇ ਹਿੱਤਾਂ ਲਈ ਹਮੇਸ਼ਾ ਖੜਨ ਵਾਲੇ ਡਾ ਗੁਰਜੀਤ ਚੌਹਾਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਡਾ ਗੁਰਜੀਤ ਚੌਹਾਨ ਦੇ ਨਾਮ ਦੀ ਪ੍ਰਧਾਨਗੀ ਲਈ ਪੇਸ਼ਕਸ਼ ਗੁਰਪ੍ਰੀਤ ਚਹਿਲ ਵੱਲੋਂ ਕੀਤੀ ਗਈ ਜਿਸਤੇ ਸਮੂੰਹ ਮੈਂਬਰਾਂ ਨੇ ਸਹਿਮਤੀ ਦਿੱਤੀ। ਇਸੇ ਤਰ੍ਹਾਂ ਬਾਕੀ ਆਹੁਦੇਦਾਰਾਂ ਦੀ ਚੋਣ ਵੀ ਮੀਟਿੰਗ ਚ ਮੌਜੂਦ ਮੈਂਬਰਾਂ ਦੀ ਸਹਿਮਤੀ ਨਾਲ ਕੀਤੀ ਗਈ ਜਿਸ ਮੁਤਾਬਕ ਅਜੀਤ ਸਿੰਘ ਨੂੰ ਚੇਅਰਮੈਨ, ਗੁਰਪ੍ਰੀਤ ਚਹਿਲ ਨੂੰ ਸੀਨੀਅਰ ਮੀਤ ਪ੍ਰਧਾਨ , ਸੁਰਿੰਦਰਪਾਲ ਸਿੰਘ ਜਨਰਲ ਸਕੱਤਰ,ਰਾਜਦੀਪ ਜੋਸ਼ੀ ਖਜਾਨਚੀ ,ਭੀਮ ਚੰਦ ਜਥੇਬੰਦਕ ਸਕੱਤਰ,ਰਾਜਕੁਮਾਰ ਸਲਾਹਕਾਰ ਦਿਲਬਾਗ ਜ਼ਖਮੀ ਪ੍ਰੈੱਸ ਸਕੱਤਰ ਰਾਜਦੀਪ ਡੱਬੂ ਜੁਆਇੰਟ ਸਕੱਤਰ ਤੋਂ ਇਲਾਵਾ ਗੁਰਸੇਵਕ ਸਿੰਘ , ਨਸੀਬ ਚੰਦ, ਮਨੋਜ ਚਰਖੀਵਾਲ ਨਵਦੀਪ ਗਰਗ ,ਤਰਸੇਮ ਸਿੰਗਲਾ ,ਕੁਲਵਿੰਦਰ ਚਾਨੀ ਸੁਖਵਿੰਦਰ ਸਰਾਂ ਦੀ ਮੈਂਬਰ ਵਜੋਂ ਚੋਣ ਕੀਤੀ ਗਈ।
ਇਸ ਮੌਕੇ ਤੇ ਨਵੇਂ ਬਣੇ ਪ੍ਰਧਾਨ ਡਾਕਟਰ ਗੁਰਜੀਤ ਚੌਹਾਨ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਸਤੰਭ ਮੰਨੇ ਜਾਂਦੇ ਹਨ ਪਰ ਅੱਜ ਦੇ ਸਮੇਂ ਚ ਸੱਚੀ ਸੁੱਚੀ ਪੱਤਰਕਾਰੀ ਕਰਨਾ ਬੇਹੱਦ ਚੁਣੌਤੀ ਭਰਿਆ ਕੰਮ ਹੈ। ਉਹਨਾਂ ਆਪਣੇ ਸੰਬੋਧਨ ਚ ਅੱਗੇ ਕਿਹਾ ਕਿ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਸਮੂਹ ਪੱਤਰਕਾਰ ਵੀਰਾਂ ਵੱਲੋਂ ਉਹਨਾਂ ਤੇ ਵਿਸ਼ਵਾਸ਼ ਜਤਾਉਂਦੇ ਹੋਏ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਹ ਉਸਤੇ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਪਹਿਰਾ ਦੇਣਗੇ। ਪ੍ਰੈਸ ਕਲੱਬ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਮਹੀਨੇ ਦੀ 30 ਤਰੀਕ ਨੂੰ ਮੀਟਿੰਗ ਕੀਤੀ ਜਾਇਆ ਕਰੇਗੀ ਅਤੇ ਸਾਰੇ ਮੈਂਬਰ ਸਹਿਬਾਨਾਂ ਦੇ ਕੀਮਤੀ ਸੁਝਾਵ ਵੀ ਲਏ ਜਾਇਆ ਕਰਨਗੇ। ਜਲਦ ਹੀ ਸਮੁੱਚੀ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਟੀਮ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਮਿਲੇਗੀ ਜੇਕਰ ਕਿਸੇ ਪੱਤਰਕਾਰ ਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਰੀ ਟੀਮ ਇੱਕਜੁੱਟ ਹੋ ਕੇ ਉਸਦਾ ਹੱਲ ਕਰੇਗੀ। ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਵੀ ਗਤੀ ਦਿੱਤੀ ਜਾਵੇਗੀ। ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਸਾਰੇ ਹੀ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਇੱਕ ਦੂਜੇ ਨੂੰ ਪਰਸਪਰ ਵਧਾਈ ਦਿੱਤੀ ਗਈ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਮੂਹ ਕਲੱਬ ਮੈਂਬਰਾਂ ਵੱਲੋਂ ਨਵ ਨਿਯੁਕਤ ਪ੍ਰਧਾਨ ਡਾ ਗੁਰਜੀਤ ਚੌਹਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਇੱਕ ਵਾਰ ਫਿਰ ਡਾ ਗੁਰਜੀਤ ਚੌਹਾਨ ਨੇ ਉਹਨਾਂ ਤੇ ਵਿਸ਼ਵਾਸ ਜਤਾਉਣ ਲਈ ਸਮੂਹ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਸਾਰੇ ਹੀ ਮੈਂਬਰਾਂ ਤੇ ਅਹੁਦੇਦਾਰਾਂ ਨੇ ਨਵ ਨਿਯੁਕਤ ਪ੍ਰਧਾਨ ਨੂੰ ਵਿਸ਼ਵਾਸ ਦਵਾਇਆ ਕਿ ਪ੍ਰੈਸ ਕਲੱਬ ਦੀ ਬਿਹਤਰੀ ਲਈ ਸਾਰੇ ਹੀ ਮੈਂਬਰ ਪ੍ਰਧਾਨ ਜੀ ਦਾ ਪੂਰਾ ਪੂਰਾ ਸਾਥ ਦੇਣਗੇ ਅਤੇ ਹਰ ਸੁੱਖ ਦੁਖ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ।
Leave a Comment
Your email address will not be published. Required fields are marked with *