ਅੱਜ ਪੰਜਾਬੀ ਗ਼ਜ਼ਲ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਸ਼ਾਇਰ ਆਪਣੀਆਂ ਗ਼ਜ਼ਲਾਂ ਰਾਹੀਂ ਦਿਲਕਸ਼, ਖੂਬਸੂਰਤ ਅਤੇ ਬਾ-ਕਮਾਲ ਸ਼ਾਇਰੀ ਦੀ ਰਚਨਾ ਕਰ ਰਹੇ ਹਨ। ਪਰ ਕੋਈ ਸਮਾਂ ਸੀ ਜਦੋਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਆਖਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਉਰਦੂ ਵਿਦਵਾਨਾਂ ਅਤੇ ਸ਼ਾਇਰਾਂ ਦੇ ਇਸ ਚੈਲਿੰਜ ਨੂੰ ਕਬੂਲ ਕਰਦਿਆਂ ਕਈ ਪੰਜਾਬੀ ਸ਼ਾਇਰ ਪੰਜਾਬੀ ਵਿਚ ਗ਼ਜ਼ਲ ਦੀ ਰਚਨਾ ਕਰਨ ਲਈ ਸਾਹਿਤਕ ਮੈਦਾਨ ਵਿਚ ਆਏ। ਉਨ੍ਹਾਂ ਵਿੱਚੋਂ ਉਸਤਾਦ ਦੀਪਕ ਜੈਤੋਈ ਵੀ ਇਕ ਸਨ, ਜਿਨ੍ਹਾਂ ਨੂੰ ਪੰਜਾਬੀ ਦੇ ਬਾਬਾ-ਏ-ਗ਼ਜ਼ਲ ਅਖਵਾਉਣ ਦਾ ਫ਼ਖ਼ਰ ਵੀ ਹਾਸਲ ਹੋਇਆ। ਉਸਤਾਦ ਸ਼ਾਇਰ ਦੀਪਕ ਜੈਤੋਈ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੀ ਇਕ ਮਾਣਯੋਗ ਸੰਸਥਾ ਸਨ। ਉਨ੍ਹਾਂ ਆਪਣੇ ਜੀਵਨ ਦੇ ਛੇ ਦਹਾਕੇ ਮਾਂ ਬੋਲੀ ਪੰਜਾਬੀ ਦਾ ਕਾਵਿਕ-ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਸ਼ਾਇਰੀ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਿਤ ਕੀਤੇ।
ਉਨ੍ਹਾਂ ਦਾ ਜਨਮ ਜ਼ਿਲਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿਚ ਇਕ ਸਾਧਾਰਨ ਪਰਿਵਾਰ ਵਿਚ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਗੁਰਚਰਨ ਸਿੰਘ ਰੱਖਿਆ। ਬੜੀ ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਅੰਦਰ ਕਾਵਿਕ ਕਿਰਨ ਜਾਗੀ ਅਤੇ ਉਨ੍ਹਾਂ ਤੀਜੀ ਜਮਾਤ ਵਿਚ ਪੜ੍ਹਦਿਆਂ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿਚ ਸੀ। ਇਹ ਚਿੱਠੀ ਹੀ ਉਨ੍ਹਾਂ ਦੀ ਸ਼ਾਇਰੀ ਦਾ ਆਗ਼ਾਜ਼ ਬਣੀ। ਬਾਅਦ ਵਿਚ ਉਨ੍ਹਾਂ ਸ਼ਾਇਰੀ ਦੀ ਤਹਿਆਂ ਤੱਕ ਜਾਣ ਲਈ ਅਤੇ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ਜਨਾਬ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰਿਆ। ਗ਼ਜ਼ਲ ਤੇ ਕਵਿਤਾ ਦੇ ਖੇਤਰ ਵਿਚ ਉਹ ‘ਦੀਪਕ ਜੈਤੋਈ’ ਦੇ ਨਾਂ ਨਾਲ ਚਰਚਿਤ ਹੋਏ।
ਜਨਾਬ ਦੀਪਕ ਜੈਤੋਈ ਨੇ ਬਹੁਤ ਹੀ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਗ਼ਜ਼ਲ ਨੂੰ ਪੰਜਾਬੀ ਕਵਿਤਾ ਦੀ ਪਟਰਾਣੀ ਬਣਾਉਣ ਲਈ ਕਾਰਜ ਕੀਤਾ। ਨਿਰਸੰਦੇਹ ਉਨ੍ਹਾਂ ਦੀ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਨ੍ਹਾਂ ਦੇ ਹਮਸਫ਼ਰ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਗ਼ਜ਼ਲ ਦੇ ਪਾਸਾਰ ਲਈ ਬਕਾਇਦਾ ਤੌਰ ਤੇ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕੀਤੀ। ਇਸ ਸਕੂਲ ਰਾਹੀਂ ਉਹ ਹਰ ਰੋਜ਼ ਲੰਮਾਂ ਸਮਾਂ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ, ਰੂਪਕ ਪੱਖ, ਜ਼ੁਬਾਨ ਦਾ ਸੁਹਜ, ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦੇ ਰਹੇ। ਉਨ੍ਹਾਂ ਦੀ ਇਸ ਤਪੱਸਿਆ ਸਦਕਾ ਹੀ ਅੱਜ ਉਨ੍ਹਾਂ ਦੇ ਅਨੇਕਾਂ ਸ਼ਾਗਿਰਦ ਪੰਜਾਬੀ ਗ਼ਜ਼ਲ ਖੇਤਰ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਬੇਸ਼ੱਕ ਅੱਜ ਕਵਿਤਾ ਦੇ ਨਾਂ ਤੇ ਅਕਵਿਤਾ ਵੀ ਵੱਡੀ ਗਿਣਤੀ ਵਿਚ ਪਾਠਕ ਮਨਾਂ ਨੂੰ ਉਚਾਟ ਕਰ ਰਹੀ ਹੈ ਪਰ ਦੀਪਕ ਜੈਤੋਈ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਕਿ ਸੰਗੀਤਾਮਿਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।
ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸਤਾਦ ਦੀਪਕ ਜੈਤੋਈ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਨ੍ਹਾਂ ਦੇ ਅਨੇਕਾਂ ਗੀਤ ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ। ‘ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ’, ‘ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ’, ‘ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ’ ਆਦਿ ਕਈ ਗੀਤ ਤਾਂ ਪੰਜਾਬੀਆਂ ਦੀ ਜ਼ੁਬਾਨ ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਉਨ੍ਹਾਂ ਧਾਰਮਿਕ ਗੀਤਾਂ ਦੀ ਰਚਨਾ ਵੀ ਕੀਤੀ ਜਿਨ੍ਹਾਂ ਵਿਚ ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ (ਦੋਵੇਂ ਐਲ.ਪੀ.) ਪ੍ਰਸਿੱਧ ਕੰਪਨੀ ਐਚ.ਐਮ.ਵੀ. ਵਿਚ ਰਿਕਾਰਡ ਹੋਏ ਅਤੇ ਇਨ੍ਹਾਂ ਨੇ ਵਿਕਰੀ ਦਾ ਵੀ ਇਕ ਰਿਕਾਰਡ ਕਾਇਮ ਕੀਤਾ। ਗੀਤਕਾਰੀ ਖਤੇਰ ਵਿੱਚ ਦੀਪਕ ਜੈਤੋਈ ਦਾ ਮਨ ਉਦੋਂ ਉਚਾਟ ਹੋ ਗਿਆ ਜਦੋਂ ਜ਼ਿਅਦਾਤਰ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਧੰਦੇ ਤੱਕ ਸੀਮਤ ਕਰ ਲਿਆ।
ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੇ ਗ਼ਜ਼ਲ ਤੋਂ ਇਲਾਵਾ ਗੀਤ, ਕਾਵਿ-ਨਾਟ, ਮਹਾਂਕਾਵਿ, ਕਹਾਣੀ, ਨਾਟਕ ਅਤੇ ਅਨੁਵਾਦ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ ‘ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ), ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਦੀ ਅਦਾ, ਦੀਪਕ ਦੀ ਲੋਅ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਗ਼ਜ਼ਲ ਦਾ ਬਾਂਕਪਨ, ਆਹ ਲੈ ਮਾਏ ਸਾਂਭ ਕੁੰਜੀਆਂ, ਗ਼ਜ਼ਲ ਕੀ ਹੈ, ਮਾਡਰਨ ਗ਼ਜ਼ਲ ਸੰਗ੍ਰਹਿ, ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕਿਤ ਤੋਂ ਅਨੁਵਾਦਿਤ) ਆਦਿ ਰਚਨਾਵਾਂ ਕਾਬਲਿ-ਜ਼ਿਕਰ ਹਨ। ਪੰਜਾਬੀ ਵਿਚ ਪਹਿਲਾ ਗ਼ਜ਼ਲ ਦੀਵਾਨ ‘ਦੀਵਾਨੇ-ਦੀਪਕ’ ਲਿਖਣ ਦਾ ਫ਼ਖਰ ਵੀ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ।
ਪੰਜਾਬੀ ਜ਼ੁਬਾਨ ਅਤੇ ਗ਼ਜ਼ਲ ਪ੍ਰਤੀ ਆਪਣੀ ਸਮੁੱਚੀ ਜ਼ਿੰਦਗੀ ਅਰਪਿਤ ਕਰਨ ਵਾਲੇ ਗ਼ਜ਼ਲ ਦੇ ਇਸ ਬਾਬਾ ਬੋਹੜ, ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਪੰਜਾਬ ਅਤੇ ਹਰਿਆਣਾ ਦੀ ਲੱਗਭੱਗ ਹਰ ਇਕ ਵੱਡੀ ਸਾਹਿਤਕ ਸੰਸਥਾ ਨੇ ਬਣਦਾ ਮਾਣ ਸਨਮਾਨ ਦੇ ਕੇ ਆਪਣੇ ਫਰਜ਼ ਦੀ ਪੂਰਤੀ ਕੀਤੀ। ਉਨ੍ਹਾਂ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ।
ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਾਲੇ ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ ਪਰ ਆਪਣੇ ਉਚੇਰੇ ਸ਼ੌਕ ਬਰਕਰਾਰ ਰੱਖੇ। ਤੰਗੀਆਂ ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਬਣ ਕੇ ਰਹੀਆਂ, ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਸਦਕੇ ਜਾਈਏ ਉਸ ਮਹਾਨ ਪੰਜਾਬੀ ਸਪੂਤ ਦੇ ਜਿਸ ਨੇ ਅਜਿਹੇ ਹਾਲਾਤ ਵਿਚ ਵੀ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। ਇਸ ਦੀ ਮਿਸਾਲ ਇਨ੍ਹਾਂ ਤੱਥਾਂ ਤੋਂ ਵੀ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ ਅਤੇ ਅਕਸਰ ਹੀ ਕਵੀ ਦਰਬਾਰਾਂ ਵਿਚ ਉਹ ਇਕੱਠਿਆਂ ਸ਼ਾਮਲ ਹੋਇਆ ਕਰਦੇ ਸਨ ਪਰ ਦੀਪਕ ਜੈਤੋਈ ਨੇ ਆਪਣੇ ਨਾਸਾਜ਼ਗਾਰ ਹਾਲਾਤ ਵਿਚ ਵੀ ਸ੍ਰੀ ਵਾਜਪਾਈ ਤੱਕ ਆਪਣੀ ਆਰਥਿਕ ਮੰਦਹਾਲੀ ਦੀ ਭਿਣਕ ਨਹੀਂ ਪੈਣ ਦਿੱਤੀ।
ਅੰਤ 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦਾ ਇਹ ਸੂਰਜ ਹਮੇਸ਼ਾ ਲਈ ਅਸਤ ਹੋ ਗਿਆ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸ਼ਾਇਰੀ ਦੇ ਇਕ ਫ਼ਖ਼ਰਯੋਗ ਅਤੇ ਸੁਨਹਿਰੀ ਅਧਿਆਇ ਦਾ ਅੰਤ ਹੋ ਗਿਆ ਹੈ ਪਰ ਪੰਜਾਬੀ ਸ਼ਾਇਰੀ ਪ੍ਰਤੀ ਉਨ੍ਹਾਂ ਦੀ ਘਾਲਣਾ ਨੂੰ ਪੰਜਾਬੀ ਪ੍ਰੇਮੀ ਕਦੇ ਵੀ ਭੁਲਾ ਨਹੀਂ ਸਕਣਗੇ।
ਹਰਦਮ ਸਿੰਘ ਮਾਨ
Leave a Comment
Your email address will not be published. Required fields are marked with *