ਗੁਰਪ੍ਰੀਤ ਸਿੰਘ ਸਹੋਤਾ ਪ੍ਰਧਾਨ ਅਤੇ ਜਰਨੈਲ ਸਿੰਘ ਆਰਟਿਸਟ ਜਨਰਲ ਸਕੱਤਰ ਚੁਣੇ ਗਏ
ਸਰੀ, 7 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੀ ਵਿਸ਼ੇਸ਼ ਮੀਟਿੰਗ ਅੰਪਾਇਰ ਬੈਂਕੁਇਟ ਹਾਲ ਸਰੀ ਵਿਖੇ ਹੋਈ ਜਿਸ ਵਿਚ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਅਤੇ ਜਰਨੈਲ ਸਿੰਘ ਆਰਟਿਸਟ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਚੜ੍ਹਦੀ ਕਲਾ ਨਿਊਜ਼ ਦੇ ਸੰਪਾਦਕ ਅਤੇ ਚੈਨਲ ਪੰਜਾਬੀ ਦੇ ਸਹੋਤਾ ਸ਼ੋਅ ਦੇ ਸੰਚਾਲਕ ਗੁਰਪ੍ਰੀਤ ਸਿੰਘ (ਲੱਕੀ ਸਹੋਤਾ) ਪੰਜਾਬੀ ਪ੍ਰੈਸ ਕਲੱਬ ਦੇ ਮੁਢਲੇ ਮੈਂਬਰਾਂ ਵਿੱਚੋਂ ਹਨ ਅਤੇ ਇਸ ਤੋਂ ਪਹਿਲਾਂ ਉਹ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਮੀਟਿੰਗ ਵਿਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਪ੍ਰੀਤ ਸਿੰਘ ਸਹੋਤਾ ਦਾ ਨਾਂ ਪ੍ਰਧਾਨ ਲਈ ਪੇਸ਼ ਕੀਤਾ, ਜਿਸ ਨੂੰ ਆਮ ਸਹਿਮਤੀ ਨਾਲ ਸਮੂਹ ਮੈਂਬਰਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ। ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਨਵੇਂ ਜਨਰਲ ਸਕੱਤਰ ਜਰਨੈਲ ਸਿੰਘ ਆਰਟਿਸਟ ਵੀ ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮੋਢੀ ਮੈਂਬਰਾਂ ਵਿੱਚੋਂ ਹਨ। ਐਗਜ਼ੈਕਟਿਵ ਲਈ ਚੁਣੇ ਗਏ ਹੋਰ ਅਹੁਦੇਦਾਰਾਂ ਵਿੱਚ ਬਲਜਿੰਦਰ ਕੌਰ ਮੀਤ ਪ੍ਰਧਾਨ, ਖਜ਼ਾਨਚੀ ਬਲਦੇਵ ਸਿੰਘ ਮਾਨ, ਸਹਾਇਕ ਸਕੱਤਰ ਰਸ਼ਪਾਲ ਸਿੰਘ ਗਿੱਲ, ਸਹਾਇਕ ਖਜ਼ਾਨਚੀ ਸੁੱਖੀ ਰੰਧਾਵਾ ਅਤੇ ਕਾਰਜਕਾਰੀ ਮੈਂਬਰ ਬਲਵੀਰ ਕੌਰ ਢਿੱਲੋਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 2008 ਤੋਂ ਸਥਾਪਿਤ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਮੀਡੀਆ ਦੀ ਸਾਂਝੀ ਸੰਸਥਾ ਹੈ। ਰਵਾਇਤ ਅਨੁਸਾਰ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਚੋਣ ਦੀ ਥਾਂ ‘ਤੇ ਆਮ ਸਹਿਮਤੀ ਨਾਲ ਐਗਜ਼ੈਕਟਿਵ ਚੁਣੀ ਜਾਂਦੀ ਹੈ ਅਤੇ ਇਸ ਵਾਰ ਵੀ ਇਸ ਰਵਾਇਤ ਨੂੰ ਬਕਾਇਦਾ ਕਾਇਮ ਰੱਖਿਆ ਗਿਆ ਹੈ। ਪੰਜਾਬੀ ਪ੍ਰੈੱਸ ਕਲੱਬ ਵਿੱਚ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਆਦਿ ਅਦਾਰਿਆਂ ਨਾਲ ਸੰਬੰਧਿਤ 35 ਮੈਂਬਰ ਸ਼ਾਮਿਲ ਹਨ। ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੀ ਨਵੀਂ ਐਗਜ਼ੈਕਟਿਵ ਸੰਨ 2024-25 ਲਈ ਸੇਵਾਵਾਂ ਨਿਭਾਏਗੀ।
Leave a Comment
Your email address will not be published. Required fields are marked with *