ਪੰਜਾਬ ਵਿਚ ਇਸ ਵੇਲੇ ਪੰਜਾਬੀ ਭਾਸ਼ਾ ਦੀ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ ਹੈ ਫਿਰ ਵੀ ਪੰਜਾਬੀ ਦੇ ਅਲੰਬੜਦਾਰ ਆਪਣੀ ਯੁਵਾ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਸਿਖਾਉਣ ਨੂੰ ਤਰਜੀਹ ਨਹੀਂ ਦਿੰਦੇ। ਇਸਦਾ ਕਾਰਨ ਸ਼ਾਇਦ ਪੰਜਾਬੀ ਭਾਸ਼ਾ ਦਾ ਕਿੱਤਾਮੁੱਖੀ ਨਾ ਹੋਣਾ ਹੈ। ਸਥਿਤੀ ਇਹ ਹੈ ਕਿ ਅਤਿ-ਆਧੁਨਿਕ ਸਾਧਨ ਵਿਕਸਿਤ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਵਿਚ ਫੌਂਟ, ਸ਼ਬਦ-ਜੋੜ ਆਦਿ ਅੱਜ ਤੱਕ ਵਿਦਵਾਨਾਂ ਲਈ ਚੁਣੌਤੀ ਬਣੇ ਹੋਏ ਹਨ।
ਪੰਜਾਬੀ ਭਾਸ਼ਾ ਦੇ ਦੁਖਾਂਤ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਅਧਿਆਪਨ ਵਿਚ ਕਦੀ ਵੀ ਸਰਕਾਰ ਨੇ ਦਿਲਚਸਪੀ ਨਹੀਂ ਲਈ। ਪੰਜਾਬੀ ਭਾਸ਼ਾ ਦੀਆਂ ਸੇਵਾਦਾਰ ਕੁਝ ਸੰਸਥਾਵਾਂ ਇਸਦੇ ਵਿਕਾਸ ਲਈ ਤੱਤਪਰ ਤਾਂ ਹਨ ਪਰ ਸਰਕਾਰੀ ਗਰਾਂਟਾਂ ‘ਤੇ ਨਿਰਭਰ ਹੋਣ ਕਰਕੇ ਅਤੇ ਫੰਡਾਂ ਦੀ ਘਾਟ ਕਾਰਨ ਬਹੁਤਾ ਕੁਝ ਕਰਨ ਤੋਂ ਅਸਮਰੱਥ ਹਨ। ਪੰਜਾਬੀ ਭਾਸ਼ਾ ਲਈ ਚੱਲੀਆਂ ਲਹਿਰਾਂ ਵੀ ਨਿਰੋਲ ਸਿਆਸੀ ਸਨ। ਪੰਜਾਬੀਆਂ ਦੀ ਵਿਡੰਬਨਾ ਹੈ ਕਿ ਦੂਜੇ ਬੁਲਾਰਿਆਂ ਦੇ ਮੁਕਾਬਲੇ ਇਹ ਭਾਸ਼ਾ ਨੂੰ ਬੜੀ ਜਲਦੀ ਤਿਆਗਦੇ ਹਨ। ਇਮਾਰਤਾਂ ਦੇ ਲੈਂਟਰ ਕਿੰਨੇ ਵੀ ਮਜ਼ਬੂਤ ਹੋਣ ਜਾਂ ਬਾਹਰੀ ਲਿਸ਼ਕ-ਪੁਸ਼ਕ ਬਾਕਮਾਲ ਹੋਵੇ ਪਰ ਨੀਹਾਂ ਕਮਜ਼ੋਰ ਹੋਣ ‘ਤੇ ਉਸਦੀ ਮਿਆਦ ਬਹੁਤੀ ਲੰਮੀ ਨਹੀਂ ਹੋ ਸਕਦੀ। ਬਿਲਕੁਲ ਅਜਿਹੀ ਸਥਿਤੀ ਪੰਜਾਬੀ ਭਾਸ਼ਾ ਦੀ ਹੈ। ਸਰਕਾਰੀ ਸਕੂਲਾਂ ਨੂੰ ਛੱਡ ਕੇ ਲਗਭਗ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਪੰਜਵੇਂ ਸਾਲ ਸ਼ੁਰੂ ਹੁੰਦੀ ਹੈ। ਸਰਕਾਰੀ ਸਕੂਲਾਂ ਵਿਚ ਉਹ ਤਬਕਾ ਪੜ੍ਹਦਾ ਹੈ ਜਿਨ੍ਹਾਂ ਲਈ ਰੋਜ਼ਗਾਰ ਪਹਿਲੇ ਸਥਾਨ ਤੇ ਹੈ ਅਤੇ ਭਾਸ਼ਾ ਦਾ ਦਰਜਾ ਬਾਅਦ ਵਿਚ ਆਉਂਦਾ ਹੈ। ਇਸੇ ਲਈ ਇਸ ਵਰਗ ਵੱਲੋਂ ਪੰਜਾਬੀ ਦੇ ਵਿਕਾਸ ਲਈ ਕੋਈ ਯੋਗਦਾਨ ਨਹੀਂ ਪਾਇਆ ਜਾਂਦਾ। ਇਥੋਂ ਤੱਕ ਕਿ ਭਾਸ਼ਾ ਸਿਖਾਂਦਰੂ ਵੀ ਲੋੜ ਮੁਤਾਬਕ ਪੰਜਾਬੀ ਭਾਸ਼ਾ ਦਾ ਆਦਾਨ ਪ੍ਰਦਾਨ ਕਰਦੇ ਹਨ। ਇਥੇ ਤਾਂ ਅਸੀਂ ਆਪ ਹੀ ਪੰਜਾਬੀ ਪੜ੍ਹਨ, ਲਿਖਣ, ਬੋਲਣ ਤੇ ਵਰਤਣ ਤੋਂ ਉਪਰਾਮ ਹੋਏ ਪਏ ਹਾਂ। ਇਸ ਵੇਲੇ ‘ਮਨ ਪਰਦੇਸੀ ਜੇ ਥੀਆ ਸਭ ਦੇਸ ਪਰਾਇਆ’ ਵਰਗੀ ਹਾਲਤ ਹੋ ਗਈ ਹੈ ਜਦੋਂ ਅਸੀਂ ਆਪਣੇ ਘਰਾਂ ਵਿਚ ਹੀ ਆਪਣੀ ਭਾਸ਼ਾ ਤੋਂ ਬੇਮੁੱਖ ਹੋ ਗਏ ਹਾਂ। ਇਸੇ ਕਰਕੇ ਪੰਜਾਬੀ ਭਾਸ਼ਾ ਨੂੰ ਪਰਵਾਸੀ ਰੁਤਬਾ ਦਿੱਤਾ ਜਾ ਸਕਦਾ ਹੈ।
ਪੰਜਾਬੀ ਲੋਕ ਤਾਂ ਬੜੇ ਹਿੰਮਤੀ ਹਨ, ਜੋ ਸੱਤ ਸਮੁੰਦਰਾਂ ਤੋਂ ਪਾਰ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿਚ ਪਸਰੇ ਹੋਏ ਹਨ ਅਤੇ ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਦਾ ਸ਼ੁੱਧ ਉਚਾਰਨ ਕਰਦੇ ਹਨ।1 ਵਿਸ਼ਵ ਦੇ 120 ਦੇ ਲਗਭਗ ਦੇਸ਼ਾਂ ਵਿਚ ਪੰਜਾਬੀ ਬੋਲੀ ਜਾਂਦੀ ਹੈ। ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਏਸ਼ੀਆ ਦੇ ਸਿੰਘਾਪੁਰ, ਹਾਂਗਕਾਂਗ, ਮਲੇਸ਼ੀਆ, ਥਾਈਲੈਂਡ, ਫਿਲਪਾਈਨ, ਯੂਰਪ ਦੇ ਇੰਗਲੈਂਡ, ਜਰਮਨੀ, ਇਟਲੀ, ਹਾਲੈਂਡ, ਪੋਲੈਂਡ, ਸਵਿਟਜਰਲੈਂਡ, ਗਰੀਨਲੈਂਡ, ਆਈਸਲੈਂਡ, ਫਿਨਲੈਂਡ, ਅਫਰੀਕਾ ਦੇ ਕੀਨੀਆ, ਯੁਗੰਡਾ, ਅਰਬ ਦੇ ਦੁਬਈ ਆਬੂਧਾਬੀ, ਕਤਰ, ਮਸਕਟ ਅਤੇ ਅਮਰੀਕਾ, ਕਨੇਡਾ, ਫਿਜ਼ੀ, ਆਸਟਰੇਲੀਆ, ਨਿਊਜ਼ੀਲੈਂਡ, ਕੀਨੀਆ ਆਦਿ ਦੇਸ਼ਾਂ ਵਿਚ ਪੰਜਾਬੀ ਬੋਲੀ ਜਾਂਦੀ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਤੇ ਭਾਰਤ ਤੋਂ ਇਲਾਵਾ ਇਕ ਅਨੁਮਾਨ ਅਨੁਸਾਰ ਲਗਭਗ ਪੰਜਾਹ ਦੇਸ਼ਾਂ ਵਿਚ ਪੰਜ ਸੌ ਦੇ ਲਗਭਗ ਸਾਹਿਤਕਾਰ ਪੰਜਾਬੀ ਸਾਹਿਤ ਦੀ ਸਿਰਜਣਾ ਕਰ ਰਹੇ ਹਨ।2 ਇਸਦੇ ਬਾਵਜੂਦ ਵੀ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਹਾਲਤ ਤਰਸਯੋਗ ਹੈ। ਡਾ. ਪਰਮਜੀਤ ਸਿੰਘ ਸਿੱਧੂ ਅਨੁਸਾਰ ਵੀਹਵੀਂ ਸਦੀ ਭਾਸ਼ਾ ਵਿਗਿਆਨ ਦੇ ਇਤਿਹਾਸ ਦਾ ਸੁਨਹਿਰੀ ਯੁੱਗ ਹੈ।3 ਵਾਸਤਵ ਵਿਚ ਭਾਸ਼ਾ ਦੀ ਹੋਂਦ ਵਿਗਿਆਨਕ ਅਧਿਐਨ ‘ਤੇ ਹੀ ਆਧਾਰਿਤ ਨਹੀਂ ਸਗੋਂ ਇਸਦੇ ਬੋਲਾਰਿਆਂ ਦੁਆਰਾ ਨਿਰਧਾਰਿਤ ਹੁੰਦੀ ਹੈ। ਡਾ. ਸਿੱਧੂ ਨੇ ਭਾਸ਼ਾ-ਵਿਗਿਆਨ ਦਾ ਮੁਲਾਂਕਣ ਕੀਤਾ ਹੈ ਨਾ ਕਿ ਪੰਜਾਬੀ ਭਾਸ਼ਾ ਦਾ, ਇਸ ਕਰਕੇ ਉਹਨਾਂ ਦੀ ਟਿੱਪਣੀ ਨੂੰ ਨਿਰਾਰਥਕ ਨਹੀਂ ਕਿਹਾ ਜਾ ਸਕਦਾ। ਭਾਸ਼ਾ ਦਾ ਵਿਗਿਆਨ ਅਧਿਐਨ ਬਹੁਤ ਕਠਿਨ ਕਾਰਜ ਹੈ ਜਿਸ ਵਿਚ ਭਾਸ਼ਾ ਦਾ ਸਿਧਾਂਤਕ ਤੇ ਵਿਆਕਰਨਿਕ ਅਧਿਐਨ ਕੀਤਾ ਜਾਂਦਾ ਹੈ ਪਰ ਵਿਹਾਰਕ ਪੱਧਰ ਤੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਥਾਨਕ ਸਰਕਾਰਾਂ ਤੇ ਸੰਸਥਾਵਾਂ ਦੀ ਵੱਡੀ ਜਿੰਮੇਵਾਰੀ ਹੁੰਦੀ ਹੈ।
ਪੰਜਾਬੀ ਭਾਸ਼ਾ ਦੇ ਬੁਲਾਰੇ ਭਾਵੇਂ ਵੱਡੀ ਮਾਤਰਾ ਵਿਚ ਵਿਦੇਸ਼ਾਂ ਵਿਚ ਵੀ ਫੈਲੇ ਹੋਏ ਹਨ ਪਰ ਪੰਜਾਬ ਵਿਚ ਪੰਜਾਬੀ ਦੀਆਂ ਜੜ੍ਹਾਂ ਅਸੀਂ ਖੁਦ ਵੱਢ ਰਹੇ ਹਾਂ। ਸ਼ਾਇਦ ਵਿਸ਼ਵੀਕਰਨ ਦਾ ਪ੍ਰਭਾਵ ਹੈ ਜਾਂ ਪੰਜਾਬੀਆਂ ਦੀ ਮਾਨਸਿਕਤਾ ਹੀ ਭਾਸ਼ਾ-ਵਿਸਾਰੂ ਹੈ ਅਸੀਂ ਸਮੁੱਚੇ ਵਰਤਾਰਿਆਂ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਦੇਸਣ ਕੀਤਾ ਹੋਇਆ ਹੈ।
ਪੰਜਾਬੀਆਂ ਦੇ ਨਾਮਕਰਣ ਦੀ ਗੱਲ ਕਰੀਏ ਤਾਂ ਅਸੀਂ ਆਪਣੇ ਬੱਚਿਆਂ ਦੇ ਨਾਮ ਗ਼ੈਰ ਪੰਜਾਬੀ ਰੱਖ ਕੇ ਜ਼ਿਆਦਾ ਪ੍ਰਸੰਨਤਾ ਮਹਿਸੂਸ ਕਰਦੇ ਹਾਂ। ਜਰਮਨ, ਲਵ, ਪ੍ਰਿੰਸ, ਨੇਚਰਪ੍ਰੀਤ, ਸਵੀਟੀ, ਰੋਮਾ, ਜੋਆਏ, ਪੀਟਰ, ਹੀਰੋ, ਜੌਹਨ, ਮੈਕ, ਵਿਲਫ੍ਰੈਡ, ਵਿਲੀਅਮ, ਰੋਜ਼, ਸੈਮ, ਲੱਕੀ, ਗੈ੍ਰਸੀ, ਏਂਜਲ, ਡੇਜ਼ੀ, ਲਵਲੀ ਆਦਿ ਵਿਦੇਸ਼ੀ ਨਾਮ ਸਾਨੂੰ ਚੰਗੇ ਲੱਗਦੇ ਹਨ। ਇਥੋਂ ਤੱਕ ਕਿ ਅਸੀਂ ਪਾਲਤੂ ਕੁੱਤਿਆਂ ਦੇ ਨਾਮ ਵੀ ਡੱਬੂ ਤੇ ਭੋਲੂ ਨੂੰ ਛੱਡ ਕੇ ਵਲੈਤੀ ਨਾਮ ਟਾਈਗਰ, ਟੌਮੀ, ਸਾਈਬਰ, ਹਿਪੋ, ਆਲਡੋ, ਸੀਜ਼ਰ, ਟ੍ਰੋਏ, ਰੌਕਸੀ, ਆਸਕਰ, ਰੌਕੀ, ਲੂਸੀ, ਜੈਕੀ, ਟੈਬੀ, ਹਾਰਲੇ, ਲਿਲੀ ਆਦਿ ਰੱਖਣ ਵਿਚ ਯਕੀਨ ਰੱਖਦੇ ਹਾਂ।
ਪੰਜਾਬੀ ਆਪਣੇ ਅਨਮੋਲ ਰਿਸ਼ਤੇ ਮਾਂ, ਪਿਉ, ਭਰਾ, ਭੈਣ, ਚਾਚਾ, ਚਾਚੀ, ਤਾਇਆ, ਤਾਈ, ਭੂਆ, ਫੁੱਫੜ, ਦਾਦਾ, ਦਾਦੀ, ਨਾਨਾ, ਨਾਨੀ, ਮਾਮਾ, ਮਾਮੀ, ਮਾਸੀ, ਮਾਸੜ, ਭਤੀਜਾ, ਭਤੀਜੀ, ਭਣੇਵਾਂ, ਭਣੇਵੀਂ, ਸੱਸ, ਸਹੁਰਾ, ਪਤਿਆਉਰਾ, ਪਤੀਸ, ਦਦੇਸ ਆਦਿ ਰਿਸ਼ਤਿਆਂ ਨੂੰ ਵਿਸਾਰ ਕੇ ਮੌਮ, ਡੈਡ, ਬ੍ਰਦਰ, ਸਿਸਟਰ, ਕਜ਼ਨ, ਆਂਟੀ, ਅੰਕਲ, ਬ੍ਰਦਰ ਇਨ ਲਾਅ, ਸਿਸਟਰ ਇਨ ਲਾਅ, ਫਾਦਰ ਇਨ ਲਾਅ, ਮਦਰ ਇਨ ਲਾਅ ਆਦਿ ਵਲੈਤੀ ਸ਼ਬਦਾਂ ਨਾਲ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੇ ਹਨ। ਸਾਡੇ ਲਈ ਤਾਂ ਜਾਣ-ਪਛਾਣ ਸ਼ਬਦ ਵੀ ਹੀਣ ਭਾਵਨਾ ਵਾਲਾ ਹੈ, ਇਸੇ ਕਰਕੇ ਅਸੀਂ ਸਮਾਗਮ ਲਈ ਸੱਦਾ ਪੱਤਰ ਨਹੀਂ ਸਗੋਂ ਫੰਕਸ਼ਨ ਲਈ ਇਨਵੀਟੇਸ਼ਨ ਦਿੰਦੇ ਹਾਂ। ਸਾਡੇ ਲਈ ਤੋਹਫੇ ਗਿਫਟ ਬਣ ਗਏ ਤੇ ਜਸ਼ਨ ਪਾਰਟੀਜ਼ ਹੋ ਗਏ।
ਪੰਜਾਬੀ ਭਾਸ਼ਾ ਨੂੰ ਅੱਖੋਂ ਪਰੋਖੇ ਕਰਨਾ ਸੁਭਾਵਿਕ ਹੈ ਜਦੋਂ ਅਸੀਂ ਆਪਣੇ ਵਿਰਾਸਤੀ ਤਿਉਹਾਰ ਤਿਆਗ ਕੇ ਵਿਦੇਸ਼ੀ ਫੈਸਟੀਵਲ ਮਨਾਉਣ ਵਿਚ ਖੁਸ਼ੀ ਮਹਿਸੂਸ ਕਰਦੇ ਹਾਂ। ਕ੍ਰਿਸਮਿਸ, ਵੈਲੇਨਟਾਈਨ, ਨਿਊ ਯੀਅਰ ਆਦਿ ਮਿਸਾਲਾਂ ਲਈਆਂ ਜਾ ਸਕਦੀਆਂ ਹਨ, ਜਿਨ੍ਹਾਂ ਨਾਲ ਜੁੜੀ ਸ਼ਬਦਾਵਲੀ ਤੇ ਸਭਿਆਚਾਰ ਪੂਰਨ ਰੂਪ ਵਿਚ ਗ਼ੈਰ ਪੰਜਾਬੀ ਹੈ। ਬੇਸ਼ੱਕ ਪੰਜਾਬੀ ਭਾਸ਼ਾ ਅਮੀਰ ਵਿਰਸੇ ਨੂੰ ਸਮੋਈ ਬੈਠੀ ਹੈ ਪਰ ਭਵਿੱਖ ਵਿਚ ਇਸਦੇ ਵਰਤਾਰੇ ਕੇਵਲ ਸਾਂਭਣਯੋਗ ਤੱਥ ਬਣ ਕੇ ਰਹਿ ਜਾਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਨਵੀਂ ਪਨੀਰੀ ਨੂੰ ਅਸੀਂ ਆਪ ਪੰਜਾਬੀ ਤੋਂ ਦੂਰ ਕਰ ਰਹੇ ਹਾਂ। ਗੁਰੂਆਂ, ਭਗਤਾਂ, ਸੂਫ਼ੀਆਂ, ਕਿੱਸਾਕਾਰਾਂ, ਸਾਹਿਤਕਾਰਾਂ ਆਦਿ ਦੀਆਂ ਅਨਮੋਲ ਰਚਨਾਵਾਂ ਕੇਵਲ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਣਗੀਆਂ ਕਿਉਂਕਿ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਵਿਦਿਆਰਥੀ ਜਪੁਜੀ ਸਾਹਿਬ ਦਾ ਪਾਠ ਤੱਕ ਨਹੀਂ ਕਰ ਸਕਦੇ। ਭਾਵੇਂ ਸਰਕਾਰਾਂ ਵੱਲੋਂ ਪਹਿਲੀ ਸ਼੍ਰੇਣੀ ਤੋਂ ਪੰਜਾਬੀ ਪੜ੍ਹਾਉਣ ਦੇ ਆਦੇਸ਼ ਹਨ ਪਰ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਦੇ ਅੱਖੀਂ ਘੱਟਾ ਪਾ ਕੇ ਬੱਚਿਆਂ ਨੂੰ ਪੰਜਵੇਂ ਸਾਲ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਹੈ। ਪ੍ਰੀ ਨਰਸਰੀ, ਨਰਸਰੀ, ਐੱਲ. ਕੇ. ਜੀ., ਯੂ. ਕੇ. ਜੀ. ਤੋਂ ਬਾਅਦ ਫਸਟ ਕਲਾਸ ਵਿਚ ਪੰਜਾਬੀ ਸ਼ੁਰੂ ਹੁੰਦੀ ਹੈ। ਆਪਣੇ ਵੱਲੋਂ ਸੱਚੇ ਹੋਣ ਲਈ ਉਹ ਕਹਿ ਸਕਦੇ ਨੇ ਕਿ ਪੰਜਾਬੀ ਪਹਿਲੀ ਕਲਾਸ ਤੋਂ ਸ਼ੁਰੂ ਕੀਤੀ ਹੈ ਭਾਵੇਂ ਕਿ ਉਦੋਂ ਤੱਕ ਬੱਚੇ ਚੰਗੀ ਤਰ੍ਹਾਂ ਅੰਗਰੇਜ਼ੀ ਤੇ ਹਿੰਦੀ ਪੜ੍ਹਨਾ ਲਿਖਣਾ ਸਿੱਖ ਚੁੱਕੇ ਹੁੰਦੇ ਹਨ। ਕੁਝ ਇਕ ਸੰਸਥਾਵਾਂ ਨੂੰ ਛੱਡ ਕੇ ਪੰਜਾਬ ਵਿਚ ਪੜ੍ਹਨ ਪੜ੍ਹਾਉਣ ਵਾਲਿਆਂ ਦੀ ਮਾਨਸਿਕਤਾ ਗ਼ੈਰ-ਭਾਸ਼ਾਈ ਹੈ ਇਸੇ ਕਰਕੇ ਸਾਡੇ ਸਕੂਲਾਂ ਦੇ ਨਾਮ ਅੰਗਰੇਜ਼ੀ ਹਨ ਜਿਵੇਂ ਰੋਜ਼ ਬਡਜ਼, ਸੇਕਰਟ ਹਾਰਟ, ਹੋਲੀ ਹਾਰਟ, ਸਪਰਿੰਗ ਡੇਲ, ਜੂਨੀਅਰ ਸਟੱਡੀ, ਸੀਨੀਅਰ ਸਟੱਡੀ, ਬ੍ਰਾਈਟ ਵੇਅ, ਲਿਟਲ ਫਲਾਵਰ, ਕੈਂਬਰੇਜ, ਲੇਕ ਹੈੱਡ, ਸੇਂਟ ਪੀਟਰ, ਕਿੱਡਜ਼ੀ, ਮਿਲੇਨੀਅਮ, ਲਿਟਲ ਏਂਜਲ, ਹਾਰਵਡ ਲੇਨ, ਮਾਊਂਟਬੈਟਨ, ਲਾ ਫਾਊਂਡੇਸ਼ਨ, ਈਸਟ ਵੁੱਡ ਇੰਟਰਨੈਸ਼ਨਲ ਆਦਿ। ਵਿਡੰਬਨਾ ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਵਾਲੇ ‘ਸੰਤ ਸਿਪਾਹੀ’ ਸਕੂਲ ਦਾ ਨਾਮ ‘ਸੇਂਟ ਸੋਲਜਰ’ ਰੱਖ ਦਿੱਤਾ ਗਿਆ।
ਪੰਜਾਬੀ ਮਾਨਸਿਕਤਾ ਦੇ ਹੋਰ ਨਮੂਨੇ ਵੇਖਣੇ ਹੋਣ ਤਾਂ ਇਹਨਾਂ ਦੇ ਘਰਾਂ, ਮਹੱਲਿਆਂ, ਦੁਕਾਨਾਂ, ਗਲੀਆਂ ਤੇ ਸੜਕਾਂ ਦੇ ਨਾਮ ਹੀ ਦੇਖ ਲਉ ਜਿਵੇਂ ਕਲੋਨੀਆਂ ਗ੍ਰੀਨ ਵੈਲੀ, ਗ੍ਰੀਨ ਐਵਿਨਿਊ, ਸਿਲਵਰ ਇਸਟੇਟ, ਹੋਲੀ ਸਿਟੀ, ਡੀ.ਆਰ.ਇਨਕਲੇਵ ਆਦਿ। ਸੜਕਾਂ ਦੇ ਨਾਮ ਕੂਪਰ ਰੋਡ, ਕਵੀਨਜ਼ ਰੋਡ, ਐਲਬਰਟ ਰੋਡ, ਲਾਰੈਂਸ ਰੋਡ, ਮਾਲ ਰੋਡ, ਮੈਕਲਡ ਰੋਡ, ਸਰਕੂਲਰ ਰੋਡ, ਕੈਂਟ ਰੋਡ, ਜੀ.ਟੀ.ਰੋਡ, ਬਾਈਪਾਸ ਆਦਿ। ਦੁਕਾਨਾਂ ਤੇ ਸ਼ਾਪਿੰਗ ਮਾਲ ਜਿਵੇਂ ਸੈਲੀਬ੍ਰੇਸ਼ਨ, ਟ੍ਰਿਲੀਅਮ, ਅਲਫਾ ਵਨ, ਮੈਡੀਸਿਟੀ, ਮੈਡੀਕਲ ਸਟੋਰ, ਬ੍ਰਦਰਜ਼ ਰੇਸਟੋਰੈਂਟ, ਫੈਮਲੀ ਫੂਡ ਅਤੇ ਪਾਰਕਾਂ ਵਿਚ ਸੰਨਸਿਟੀ, ਵੰਡਰਲੈਂਡ, ਫੰਨਸਿਟੀ, ਰੇਂਬੋ ਰਿਜੋਰਟਸ ਆਦਿ। ਘਰਾਂ ਦੇ ਹੋਮ, ਹਾਊਸ ਤੇ ਪੀ.ਜੀ. ਬਣ ਗਏ। ਵਿਹੜੇ, ਕਮਰੇ, ਬੈਠਕ, ਚੌਂਕੇ ਤੇ ਡਿਉਢੀ ਦੀ ਥਾਂ ਤੇ ਪੋਰਚ, ਲੌਬੀ, ਡੱਕਟ, ਰੂਮਜ਼, ਬੈੱਡ, ਡਾਇਨਿੰਗ, ਡਰੈਸਿੰਗ, ਸੈਂਟਰ ਟੇਬਲ, ਚੇਅਰ, ਕਿਚਨ, ਸਟੇਅਰ, ਗ੍ਰਿਲ, ਡੋਰ, ਗੇਟ ਆਦਿ ਸ਼ਬਦਾਂ ਦੀ ਵਰਤੋਂ ਹੋਣ ਲੱਗ ਪਈ।
ਪੰਜਾਬੀ ਭਾਸ਼ਾ ਨੂੰ ਢਾਅ ਲਾਉਣ ਲਈ ਪੰਜਾਬੀ ਮੀਡੀਆ ਦਾ ਵੀ ਵੱਡਾ ਯੋਗਦਾਨ ਹੈ ਜਿਸ ਵਿਚ ਪੰਜਾਬੀ ਫਿਲਮਾਂ ਦੀ ਮਹੱਤਵਪੂਰਨ ਭੂਮਿਕਾ ਹੈ। ਪੰਜਾਬੀ ਫਿਲਮਾਂ ਦਾ ਨਾਮਕਰਨ ਹੀ ਅਜਿਹਾ ਕੀਤਾ ਜਾਂਦਾ ਹੈ ਕਿ ਉਹ ਨਾਮ ਤੋਂ ਹੀ ਵਲੈਤੀ ਜਾਪਦੀਆਂ ਹਨ ਜਿਵੇਂ ਵਨਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ ਅਗੇਨ, ਡੈਡੀ ਕੂਲ ਮੁੰਡੇ ਫੂਲ, ਜੱਟ ਐਂਡ ਜੂਲੀਅਟ, ਜੱਟ ਜੇਮਜ਼ ਬੌਂਡ, ਸੁਪਰ ਸਿੰਘ, ਡਿਸਕੋ ਸਿੰਘ, ਲੱਕੀ ਦੀ ਅਨਲੱਕੀ ਸਟੋਰੀ, ਕੈਰੀ ਔਨ ਜੱਟਾ ਆਦਿ।
ਤਕਨੀਕੀ ਊਣਤਾਈਆਂ ਭਾਸ਼ਾ ਦੇ ਪਤਨ ਦਾ ਕਾਰਨ ਨਹੀਂ ਸਗੋਂ ਲੋਕ-ਮਨਾਂ ਵਿਚੋਂ ਵਿਸਰਨ ਨਾਲ ਭਾਸ਼ਾ ਦਾ ਅੰਤ ਹੁੰਦਾ ਹੈ। ਕਿਸੇ ਵੇਲੇ ਵਿਸ਼ਵ ਵਿਦਿਆਲਿਆਂ ਦਾ ਮਾਧਿਅਮ ਰਹੀਆਂ ਕਈ ਭਾਸ਼ਾਵਾਂ ਸਮੇਂ ਦੀ ਭੇਂਟ ਚੜ੍ਹ ਗਈਆਂ। ਮਨੋਵਿਗਿਆਨੀ ਭਾਸ਼ਾ ਨੂੰ ਮਾਨਸਿਕ ਭਾਵਾਂ ਦੀ ਪੁਸ਼ਾਕ4 ਆਖਦੇ ਹਨ ਪਰ ਪੰਜਾਬੀਆਂ ਦੇ ਮਾਨਸਿਕਤਾ ਡਾਵਾਂਡੋਲ ਹੈ ਤੇ ਭਾਵਾਂ ਦੀ ਪੁਸ਼ਾਕ ਪੰਜਾਬੀ ਭਾਸ਼ਾ ਵੀ ਲੀਰੋ-ਲੀਰ ਹੋਣ ਕੰਢੇ ਹੈ।
ਭਾਵੇਂ ਸਕੂਲ ਅਤੇ ਕਾਲਜ ਪੱਧਰ ਤੇ ਪੰਜਾਬੀ ਲਾਜ਼ਮੀ ਪੜ੍ਹਾਈ ਜਾਂਦੀ ਹੈ ਤਾਂ ਵੀ ਪੰਜਾਬੀ ਨਾਲ ਸਰਕਾਰੀ ਤੇ ਗ਼ੈਰ ਸਰਕਾਰੀ ਤੌਰ ਤੇ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਆਮ ਵੇਖਿਆ ਜਾ ਸਕਦਾ ਹੈ। ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ, ਸੰਸਥਾਵਾਂ, ਸਾਈਨ ਬੋਰਡਾਂ, ਨੇਮ ਪਲੇਟਾਂ, ਸ਼ੋਸ਼ਲ ਮੀਡੀਆ ਆਦਿ ਵਿਚ ਪੰਜਾਬੀ ਭਾਸ਼ਾ ਨੂੰ ਵਿਸਾਰਿਆ ਜਾ ਰਿਹਾ ਹੈ। ਆਮ ਵਰਤਾਰਾ ਹੈ ਕਿ ਕਿਸੇ ਵਿਅਕਤੀ ਦੇ ਸਟੇਟਸ ਨੂੰ ਸਮਝਣ ਲਈ ਉਸ ਦੀ ਭਾਸ਼ਾ ਨੂੰ ਆਧਾਰ ਮੰਨਿਆ ਜਾਂਦਾ ਹੈ। ਪੰਜਾਬੀਆਂ ਦਾ ਦੁਖਾਂਤ ਇਹ ਹੈ ਕਿ ਇਹਨਾਂ ਦੀ ਪਰਖ ਵਿਚ ਉਹ ਇਨਸਾਨ ਸਿਆਣਾ ਤੇ ਸਮਝਦਾਰ ਹੈ ਜੋ ਪੰਜਾਬੀ ਬੋਲਣ ਦੀ ਥਾਂ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਜ਼ਿਆਦਾ ਤੇ ਸ਼ੁੱਧ ਕਰਦਾ ਹੈ। ਦੂਜੇ ਪਾਸੇ ਭਾਵੇਂ ਕੋਈ ਕਿੰਨੀ ਵੀ ਸ਼ੁੱਧ ਪੰਜਾਬੀ ਬੋਲੇ, ਉਸਨੂੰ ਅਸੱਭਿਅਕ, ਜਾਹਲ ਜਾਂ ਪੇਂਡੂ ਦਾ ਦਰਜਾ ਦਿੱਤਾ ਜਾਂਦਾ ਹੈ। ਨਿੱਜੀ ਸਕੂਲਾਂ ਵਿਚ ਜੇਕਰ ਕੋਈ ਵਿਦਿਆਰਥੀ ਪੰਜਾਬੀ ਬੋਲੇ ਤਾਂ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ। ਪਂਜਾਬ ਵਿਚ ਪੰਜਾਬੀ ਭਾਸ਼ਾ ਨੂੰ ਅਸੀਂ ਖੁਦ ਪ੍ਰਦੇਸਣ ਕੀਤਾ ਹੋਇਆ ਹੈ।
ਅੰਤ ਵਿਚ ਇਹੀ ਕਹਿਣਾ ਉਚਿਤ ਹੈ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਬਚਾਉਣਾ ਹੈ ਤਾਂ ਬੰਦ ਕਮਰਿਆਂ ਦੀਆਂ ਬੌਧਿਕ ਗੋਸ਼ਟੀਆਂ ਨੂੰ ਤਿਆਗ ਕੇ ਵਿਹਾਰਕ ਪੱਧਰ ‘ਤੇ ਯਤਨ ਕਰਨ ਦੀ ਲੋੜ ਹੈ। ਪੰਜਾਬੀ ਭਾਸ਼ਾ ਦਾ ਅਧਿਐਨ ਇਕ ਅਲੱਗ ਵਰਤਾਰਾ ਹੈ ਜਿਸ ਵਿਚ ਕੇਵਲ ਭਾਸ਼ਾ ਦੀ ਬਣਤਰ ਆਦਿ ‘ਤੇ ਕੇਂਦਰਿਤ ਹੋਇਆ ਜਾ ਸਕਦਾ ਹੈ ਪਰ ਭਾਸ਼ਾ ਦੀ ਹੋਂਦ ਦਾ ਮਸਲਾ ਬਹੁ-ਪਾਸਾਰੀ ਹੈ। ਇਸਨੂੰ ਸਾਂਭਣ ਤੇ ਬਚਾਉਣ ਲਈ ਪੰਜਾਬੀ ਮਾਨਸਿਕਤਾ ਭਾਸ਼ਾ-ਪ੍ਰੇਮੀ ਹੋਣੀ ਲਾਜ਼ਮੀ ਹੈ। ਮਾਤ-ਭਾਸ਼ਾ ਨੂੰ ਮਤਰੇਈ ਮਾਂ ਵਾਗੂੰ ਸਮਝਣ ਵਾਲੀਆਂ ਕੌਮਾਂ ਬਹੁਤ ਦੇਰ ਤੱਕ ਜੀਵਿਤ ਨਹੀਂ ਰਹਿ ਸਕਦੀਆਂ। ਜੇਕਰ ਪੰਜਾਬੀ ਜਾਗਰੂਕ ਹੋ ਕੇ ਪੰਜਾਬੀ ਭਾਸ਼ਾ ਦੀ ਸੰਭਾਲ ਲਈ ਸਰਗਰਮ ਹੋ ਜਾਣ ਤਾਂ ਸਹਿਜੇ ਹੀ ਪੰਜਾਬੀ ਭਾਸ਼ਾ ਦੀ ਡਾਵਾਂਡੋਲ ਸਥਿਤੀ ਨੂੰ ਸਥਿਰ ਕੀਤਾ ਜਾ ਸਕਦਾ ਹੈ। ਕੁਝ ਸੰਸਥਾਵਾਂ, ਅਦਾਰਿਆਂ ਤੇ ਵਿਅਕਤੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਨਵੀਂ ਤਕਨਾਲੋਜੀ ਅਨੁਸਾਰ ਵਰਤਣ ਲਈ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬੀ ਵਿਸ਼ਵ ਦੇ ਹਾਣ ਦੀ ਬਣਨ ਦੀ ਸਮਰੱਥਾ ਵੀ ਰੱਖਦੀ ਹੈ।
ਹਵਾਲੇ ਅਤੇ ਟਿੱਪਣੀਆਂ
1. ਜੋਗਿੰਦਰ ਸ਼ਮਸ਼ੇਰ, ਬਰਤਾਨੀਆ ਵਿਚ ਪੰਜਾਬੀ ਜੀਵਨ ਅਤੇ ਸਾਹਿਤ, ਪੰਨਾ 162
2. ਡਾ. ਸ. ਪ. ਸਿੰਘ, ਪਰਵਾਸੀ ਪੰਜਾਬੀ ਕਵਿਤਾ, ਪੰਨਾ 9
3. ਪ. ਸ. ਸਿੱਧੂ, ‘ਵੀਹਵੀਂ ਸਦੀ ਦੇ ਪੰਜਾਬੀ ਭਾਸ਼ਾ ਵਿਗਿਆਨ ਦਾ ਮੁਲਾਂਕਣ’, ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦਾ ਮੁਲਾਂਕਣ, ਸੰਪਾ. ਓਮ ਪ੍ਰਕਾਸ਼ ਵਸ਼ਿਸ਼ਟ, ਸਾਹਿਤ ਅਕਾਦਮੀ, ਨਵੀਂ ਦਿੱਲੀ, 2002, ਪੰਨਾ 198
4. ਜੀਤ ਸਿੰਘ ਜੋਸ਼ੀ, ਪੰਜਾਬੀ ਅਧਿਐਨ ਤੇ ਅਧਿਆਪਨ ਦੇ ਮੁੱਢਲੇ ਸੰਕਲਪ, ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ, 1999, ਪੰਨਾ 11

–ਡਾ. ਆਤਮਾ ਸਿੰਘ ਗਿੱਲ
ਸਹਾਇਕ ਪ੍ਰੋਫੈਸਰ
ਬਾਬਾ ਅਜੈ ਸਿੰਘ ਖਾਲਸਾ ਕਾਲਜ
ਗੁਰਦਾਸ ਨੰਗਲ, ਗੁਰਦਾਸਪੁਰ
ਫੋਨ- 9878883680
Email- atmagill2936@gmail.com
Postal Address
Dr. Atma Singh Gill,
#251, Gali No. 8,
Green Valley, Chhehrta,
Amritsar-143105