ਆਲੋਚਕ ਹਰ ਉਹ ਵਿਅਕਤੀ ਹੈ ਜਿਹੜਾ ਮੁਲੰਕਣ ਕਰ ਕੇ ਨਿਰਣਾ ਦੇਵੇ। ਗੈਰਰਸਮੀ ਤੌਰ ਤੇ ਆਲੋਚਨਾ ਸਾਰੇ ਮਨੁੱਖੀ ਪ੍ਰਗਟਾ ਦਾ ਇੱਕ ਆਮ ਪਹਿਲੂ ਹੈ ਅਤੇ ਨਿਰਣਿਆਂ ਦਾ ਕੁਸ਼ਲ ਜਾਂ ਸਟੀਕ ਪ੍ਰਗਟਾ ਹੋਣਾ ਜਰੂਰੀ ਨਹੀਂ। ਇਹ ਮਨੁੱਖੀ ਵਰਤੋਂ ਵਿਹਾਰ ਵਿੱਚ ਨਿਰੰਤਰ ਕਾਰਜਸ਼ੀਲ ਪ੍ਰਕਿਰਿਆ ਹੈ। ਆਲੋਚਨਾਤਮਕ ਨਿਰਣੇ, ਅੱਛੇ ਜਾਂ ਭੈੜੇ, ਸਕਾਰਾਤਮਕ (ਵਿਚਾਰ ਅਧੀਨ ਵਸਤੂ ਜਾਂ ਵਿਚਾਰ ਦੀ ਪ੍ਰਸ਼ੰਸਾ ਵਿੱਚ), ਨਕਾਰਾਤਮਕ (ਨਿੰਦਾ ਕਰਨ ਵਾਲੇ), ਜਾਂ ਸੰਤੁਲਿਤ (ਦੋਨਾਂ ਹੱਕ ਵਿੱਚ ਅਤੇ ਖਿਲਾਫ ਦੋਨਾਂ ਪੱਖਾਂ ਤੋਂ ਜੋਖ ਪਰਖ ਕੇ) ਹੋ ਸਕਦੇ ਹਨ। ਹਾਲਾਂਕਿ ਸਾਰੀ ਆਲੋਚਨਾ ਲਈ ਕਿਸੇ ਉਦੇਸ਼ ਦਾ ਹੋਣਾ ਆਵਸ਼ਕ ਮੰਨਿਆ ਜਾਂਦਾ ਹੈ, ਆਲੋਚਕ ਆਪਣੇ ਵਿਸ਼ੇਸ਼ ਪ੍ਰੇਰਕ-ਮਨੋਰਥ ਦੁਆਰਾ ਵੀ ਪਰਿਭਾਸ਼ਿਤ ਹੋ ਸਕਦਾ ਹੈ। ਆਮ ਤੌਰ ਤੇ ਕਿਸੇ ਆਲੋਚਕ ਦਾ ਮਨਸ਼ਾ ਰਚਨਾਤਮਕ ਜਾਂ ਵਿਨਾਸ਼ਕਾਰੀ ਕੋਈ ਵੀ ਹੋ ਸਕਦਾ ਹੈ।
ਅਖਬਾਰ ਤੇ ਰਸਾਲੇ ਦੇ ਮਨੋਰੰਜਨ ਪੱਖ ਨੂੰ ਬਰਕਰਾਰ ਰੱਖਣ ਲਈ ਆਲੋਚਕਾਂ ਦੀ ਵੱਡੀ ਲੋੜ ਹੁੰਦੀ ਹੈ। ਉਹ ਸੰਗੀਤ, ਨਾਟਕ ਅਤੇ ਹੋਰ ਕਲਾ ਸਰਗਰਮੀਆਂ ਦੀ, ਫਿਲਮਾਂ, ਕਿਤਾਬਾਂ, ਰਾਜਸੀ ਅਤੇ ਸਮਾਜਕ ਸਰਗਰਮੀਆਂ ਦੀ ਆਲੋਚਨਾ ਲਈ ਤੀਖਣ-ਬੁਧ ਨਿਰੀਖਕਾਂ ਨੂੰ ਬਾਕਾਇਦਾ ਭਰਤੀ ਕਰਦੇ ਹਨ ਅਤੇ ਉਨ੍ਹਾਂ ਤੋਂ ਰੋਜ਼ਾਨਾ ਜਾਂ ਹਫਤਾਵਾਰ ਕਾਲਮ ਲਿਖਵਾਉਂਦੇ ਹਨ। ਇਹ ਆਲੋਚਕ ਪਾਠਕਾਂ ਨੂੰ ਸੋਚਣਾ ਸਿਖਾਉਂਦੇ ਹਨ। ਯਾਨੀ, ਆਪਣੇ ਤੌਰ ਤੇ ਮੁਲੰਕਣ ਕਰਨਾ।
ਰਮੇਸ਼ ਗਰਗ ਅਜੋਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਵਾਨ ਹੋ ਚੁੱਕੀ ਉਸ ਵਿਦਵਾਨ ਪੀੜ੍ਹੀ ਵਿੱਚੋਂ ਹਨ, ਜਿਹਨਾਂ ਨੇ ਆਪਣੀ ਲੰਬੀ ਸਾਹਿਤਿਕ ਤੇ ਸੱਭਿਆਚਾਰਕ ਸਾਧਨਾ ਦੇ ਬਲਬੂਤੇ ਆਪਣਾ ਮਾਣ-ਸਨਮਾਨ ਹਾਸਿਲ ਕੀਤਾ ਹੈ। ਗਰਗ ਦੀ ਸ਼ਖ਼ਸੀਅਤ ਉਸ ਸਿਰੜੀ ਲੋਕ-ਹਿਤੈਸ਼ੀ ਵਿਦਵਾਨ ਕਾਮੇ ਵਾਲੇ ਹੈ, ਜਿਸਨੇ ਨਿਰੰਤਰ ਲੋਕਪੱਖੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਆਪਣੀ ਪ੍ਰਤਿਬੱਧਤਾ ਪਾਲਦਿਆਂ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਆਪਣੀ ਮੌਲਿਕ ਪ੍ਰਤਿਭਾ ਦੀ ਡੂੰਘੀ ਛਾਪ ਛੱਡੀ। ਗਰਗ ਨੇ ਸਾਹਿਤਿਕ ਆਲੋਚਨਾ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਬਾਰੇ ਵੀ ਆਪਣਾ ਮਹੱਤਵਪੂਰਨ ਖੋਜ ਕਾਰਜ ਕੀਤਾ ਹੈ। ਹੁਣ ਤੱਕ ਗਰਗ ਅਣਗਿਣਤ ਕਿਤਾਬਾਂ ਤੇ ਲਿਖ ਕੇ ਇਕ ਇਮਾਨਦਾਰ ਆਲੋਚਕ ਵਜੋ ਭੂਮਿਕਾ ਨਿਭਾ ਚੁੱਕਾ ਹੈ। ਪਰ ਉਨ੍ਹਾਂ ਵਿਚੋਂ ਕੁਝ ਕਿਤਾਬਾਂ ਦਾ ਵੇਰਵਾ ਇਸ ਪ੍ਰਕਾਰ ਹੈ ਜਿਵੇਂ –
“ਚੱਜ ਜਿਆਉਣ ਦਾ” (ਲੇਖ ਸੰਗ੍ਰਹਿ)
ਪ੍ਰੋ. ਤਰਸੇਮ ਨਰੂਲਾ
“ਮਨ ਦੇ ਮਹਿਰਮ” (ਸ਼ਬਦ ਚਿੱਤਰ)
ਰਣਬੀਰ ਰਾਣਾ
“ਤੀਸਰੀ ਖਿੜਕੀ” (ਕਹਾਣੀ ਸੰਗ੍ਰਹਿ)
ਨਿਰੰਜਣ ਬੋਹਾ
“ਉਹ ਮੇਰਾ ਵੀ ਕੁਝ ਲੱਗਦੈ” (ਕਹਾਣੀ ਸੰਗ੍ਰਹਿ)
ਨਿਰੰਜਣ ਬੋਹਾ
“ਕਲੀਨ ਚਿੱਟ ਦੇ ਦਿਓ ਜੀ” (ਹਾਸ ਵਿਅੰਗ)
ਮੰਗਤ ਕੁਲਜਿੰਦ
“ਚਾਨਣ ਦਾ ਛਿੱਟਾ” (ਗਜ਼ਲ ਸੰਗ੍ਰਹਿ)
ਅਮਰਜੀਤ ਸਿੰਘ ਜੀਤ
“ਬਦਲਦੇ ਮੌਸਮਾਂ ਅੰਦਰ” (ਗਜ਼ਲ ਸੰਗ੍ਰਹਿ)
ਅਮਰਜੀਤ ਸਿੰਘ ਜੀਤ
“ਰੋਹੀ ਦਾ ਲਾਲ” (ਜੀਵਨੀ ਕਾਮਰੇਡ ਹਰਦੇਵ ਅਰਸ਼ੀ)
ਜਸਪਾਲ ਮਾਨਖੇੜਾ
“ਟੂਮਾਂ” (ਗਜ਼ਲ ਸੰਗ੍ਰਹਿ)
ਸੁਰਿੰਦਰਪ੍ਰੀਤ ਘਣੀਆਂ
“ਦਰਦ-ਏ- ਬਲਜੀਤ” (ਕਵਿਤਾਵਾਂ)
ਜਸਬੀਰ ਢਿੱਲੋਂ
“ਸੂਰਜ ਦੇ ਸਾਰਥੀ” (ਕਾਵਿ ਸੰਗ੍ਰਹਿ)
ਡਾ. ਜਸਪਾਲਜੀਤ
“ਹਰਫ਼ਾਂ ਦੀ ਤਾਸੀਰ” (ਕਾਵਿ ਸੰਗ੍ਰਹਿ)
ਜਸਪਾਲ ਜੱਸੀ
ਉਹਨਾਂ ਦੀਆਂ ਸਾਹਿਤਿਕ ਆਲੋਚਨਾ ਨਾਲ ਸੰਬੰਧਿਤ ਸਮੀਖਿਆਵਾਂ ਵੀ ਮਨੁੱਖ ਦੀ ਸੱਭਿਆਚਾਰਕ ਜੀਵਨ-ਜਾਂਚ ਅਤੇ ਪੰਜਾਬੀ ਸੱਭਿਆਚਾਰ ਦੀਆਂ ਵਿਲੱਖਣ ਖਸਲਤਾਂ ਇੱਕ ਅਹਿਮ ਅੰਤਰ ਦ੍ਰਿਸ਼ਟੀ ਵਜੋਂ ਉਹਨਾਂ ਦੀ ਸਿਧਾਂਤ ਚੇਤਨਾ ਦਾ ਇੱਕ ਕੇਂਦਰੀ ਜੁਜ਼ ਬਣਦੀਆਂ ਹਨ। ਗਰਗ ਦੇ ਸੱਭਿਆਚਾਰਕ ਅਧਿਐਨ ਦਾ ਇੱਕ ਮਹੱਤਵਪੂਰਨ ਪਾਸਾਰ ਇਹ ਹੈ ਕਿ ਉਸਨੇ ਸੱਭਿਆਚਾਰ ਦੇ ਅਨੁਸ਼ਾਸਨ ਦੀ ਸਿਧਾਂਤਿਕ ਵੱਖਰਤਾ, ਇਸਦੇ ਸੰਕਲਪ, ਪ੍ਰਕਿਰਤੀ, ਪ੍ਰਯੋਜਨ ਅਤੇ ਰੂਪਾਂਤਰਣ ਦੇ ਅਮਲ ਨੂੰ ਪ੍ਰੀਭਾਸਿਤ ਕੀਤਾ ਹੈ। ਉਸਦੀ ਸਿਧਾਂਤ ਚੇਤਨਾ ਦੀ ਵੱਖਰਤਾ ਇਹ ਹੈ ਕਿ ਉਹ ਬੇਲੋੜੀਆਂ ਸਿਧਾਂਤਵਾਦੀ ਬਹਿਸਾਂ ਵਿੱਚ ਪੈਣ ਦੀ ਬਜਾਇ ਸੱਭਿਆਚਾਰ ਦੀ ਹੋਂਦ ਵਿਧੀ ਬਾਰੇ ਆਪਣੀਆਂ ਤਾਰਕਿਕ ਧਾਰਨਾਵਾਂ ਪ੍ਰਸਤੁਤ ਕਰਨ ਨੂੰ ਵਧੇਰੇ ਤਰਜੀਹ ਦਿੰਦਾ ਹੈ। ਉਸ ਅਨੁਸਾਰ ਸੱਭਿਆਚਾਰ ਕੋਈ ਅਲੌਕਿਕਕ ਜਾਂ ਪਰਾਭੌਤਿਕ ਵਰਤਾਰਾ ਜਾਂ ਸਿਰਜਣਾ ਨਹੀਂ, ਸਗੋਂ ਇਹ ਸਮਾਜੀ ਮਨੁੱਖੀ ਸਿਰਜਣਾ ਹੈ। ਲੰਬੇ ਇਤਿਹਾਸ ਵਿੱਚ ਮਨੁੱਖ ਇਸਨੂੰ ਸਿਰਜਦਾ ਤੇ ਬਦਲਦਾ ਆਇਆ ਹੈ। ਉਸਦੀ ਸਪਸ਼ਟ ਧਾਰਨਾ ਹੈ ਕਿ “ਮਨੁੱਖ ਸੰਸਕ੍ਰਿਤੀ ਦਾ ਸਿਰਜਣਹਾਰ ਵੀ ਹੈ ਤੇ ਭੋਗਣਹਾਰ ਵੀ। ਪਰ ਸ਼੍ਰੇਣੀ ਸਮਾਜ ਵਿੱਚ ਸਿਰਜਦਾ ਕੋਈ ਹੋਰ ਹੈ ਤੇ ਭੋਗਦਾ ਕੋਈ ਹੋਰ।”ਉਸ ਦੀ ਇਸ ਧਾਰਨਾ ਦੀ ਸੂਖ਼ਮ ਪਰਤ ਇਹ ਹੈ ਕਿ ਸਮੁੱਚਾ ਸੱਭਿਆਚਾਰ ਭਾਵੇਂ ਮਨੁੱਖੀ ਦੀ ਸਿਰਜਣਾ ਹੈ। ਪਰ ਹਰੇਕ ਮਨੁੱਖ ਦੀ ਸਿਰਜਣਾ ਵੀ ਨਹੀਂ ਸਗੋਂ ਜਮਾਤੀ ਸਮਾਜ ਵਿੱਚ ਭਾਰੂ ਤੇ ਤਕੜੇ ਵਰਗ ਦੀ ਨੀਤੀ, ਲੋੜ ਅਤੇ ਹਿਤਪੂਰਤੀ ਦੇ ਗੁੰਝਲਦਾਰ ਅਮਲ ਦਾ ਪ੍ਰਗਟਾਵਾ ਹੈ।
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202
Leave a Comment
Your email address will not be published. Required fields are marked with *