ਬਠਿੰਡਾ, 30 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਵੱਲੋਂ ਪੰਜਾਬੀ-ਮਾਹ ਦੇ ਸਮਾਗਮਾਂ ਦੀ ਲੜੀ ਤਹਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਸਕੂਲ ਆਫ ਐਮੀਨੈਂਸ ਬੰਗੀ ਕਲਾਂ ਅਤੇ ਕੋਟਸ਼ਮੀਰ ਵਿਖੇ ਪੁਸਤਕ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸ. ਹਰਪ੍ਰੀਤ ਸਿੰਘ ਬਹਿਣੀਵਾਲ ਪੰਜਾਬੀ ਭਾਸ਼ਾ ਦੇ ਉਪਾਸਕ ਅਤੇ ਸਮਾਜ ਸੇਵੀ ਦੇ ਸਹਿਯੋਗ ਨਾਲ਼ ਆਯੋਜਿਤ ਕੀਤਾ ਗਿਆ।
ਇਸ ਮੌਕੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਐੱਸ.ਡੀ.ਐੱਮ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕੀਰਤੀ ਕਿਰਪਾਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਮਾਹ ਦੌਰਾਨ ਅਜਿਹੇ ਸਮਾਗਮ ਦਾ ਮੁੱਖ ਉਦੇਸ਼ ਭਾਸ਼ਾ ਵਿਭਾਗ ਦੇ ਖ਼ਜ਼ਾਨੇ ‘ਚ ਪਏ ਵੱਡਮੁੱਲੇ ਸਾਹਿਤ ਨੂੰ ਵਿਦਿਆਰਥੀਆਂ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਚੰਗਾ ਸਾਹਿਤ ਹੀ ਸਮਾਜ ਨੂੰ ਬੌਧਿਕ ਸੇਧ ਦੇ ਸਕਦਾ ਹੈ ।
ਇਸ ਦੌਰਾਨ ਐਸਡੀਐਮ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਭਾਸ਼ਾ ਨੇ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਤਾਬਾਂ ਵਰਗਾ ਸੱਚਾ ਦੋਸਤ ਕੋਈ ਨਹੀਂ ਹੈ ਅਤੇ ਇਹ ਦੋਸਤੀ ਪੂਰੀ ਉਮਰ ਨਿਭਦੀ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਜੇਕਰ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਜਾਵੇ ਤਾਂ ਅਜੋਕੇ ਸਮਾਜ ਵਿੱਚ ਆਇਆ ਨਿਘਾਰ ਦੂਰ ਹੋ ਸਕਦਾ ਹੈ। ਸ. ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਤਲਵੰਡੀ ਸਾਬੋ ਦੀ ਧਰਤੀ, ਜਿਹੜੀ ਕਿ ਗੁਰੂ ਕਾਸ਼ੀ ਵਜੋਂ ਜਾਣੀ ਜਾਂਦੀ ਹੈ, ਜਿੱਥੇ ਆਦਿ ਗ੍ਰੰਥ ਦੀ ਰਚਨਾ ਹੋਈ । ਦੁਨੀਆ ਭਰ ਤੋਂ ਲੋਕ ਇੱਥੇ ਪੰਜਾਬੀ ਭਾਸ਼ਾ ਦੇ ਅੱਖਰ ਲਿਖਣ ਲਈ ਆਉਂਦੇ ਹਨ ਅਤੇ ਸਾਨੂੰ ਗੁਰੂਆਂ ਵੱਲੋਂ ਵਰੋਸਾਈ ਇਸ ਭਾਸ਼ਾ ਨਾਲ਼ ਜੁੜਨ ਦੀ ਲੇੜ ਹੈ। ਕਾਲਜ ਪ੍ਰਿੰਸੀਪਲ ਡਾ਼ ਕਮਲਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਅਪਨਾਉਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸ. ਸਤਨਾਮ ਸਿੰਘ ਅਤ ਸ. ਪ੍ਰਿਤਪਾਲ ਸਿੰਘ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜੇਤੂ ਖਿਡਾਰੀਆਂ ਨੇ ਵੀ ਆਪਣੀ ਮੌਜੂਦਗੀ ਨਾਲ਼ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕੀਤਾ ।
ਇਸ ਦੌਰਾਨ ਸਕੂਲ ਆਫ ਐਮੀਨੈਂਸ ਬੰਗੀ ਕਲਾਂ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸ. ਹਰਪ੍ਰੀਤ ਸਿੰਘ ਬਹਿਣੀਵਾਲ ਨੇ ਪ੍ਰਿੰਸੀਪਲ ਡੀ.ਕੇ. ਗੋਇਲ ਦੀ ਹਾਜ਼ਰੀ ਵਿੱਚ ਕਿਤਾਬਾਂ ਵੰਡ ਕੇ ਸਾਹਿਤ ਅਤੇ ਪੰਜਾਬੀ ਇਤਿਹਾਸ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ।
ਸਕੂਲ ਆਫ ਐਮੀਨੈਂਸ ਕੋਟ ਸ਼ਮੀਰ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਬੁੱਟਰ, ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸਕੂਲ ਪ੍ਰਿੰਸੀਪਲ ਨਿਸ਼ਾ ਬਾਂਸਲ ਨੇ ਵਿਦਿਆਰਥੀਆਂ ਨੂੰ ਸਾਹਿਤਕ ਚੇਟਕ ਲਾਉਣ ਲਈ ਕਿਤਾਬਾਂ ਵੰਡੀਆਂ। ਮੰਚ ਸੰਚਾਲਨ ਸਕੂਲ ਅਧਿਆਪਕ ਸ਼੍ਰੀ ਦਵਿੰਦਰ ਨੇ ਕੀਤਾ।
ਇਸ ਦੌਰਾਨ ਕਾਲਜ ਅਤੇ ਸਕੂਲ ਦੇ ਸਟਾਫ਼ ਸਮੇਤ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਅਨਿਲ ਕੁਮਾਰ ਅਤੇ ਪਰਮਜੀਤ ਸਿੰਘ ਆਦਿ ਮੌਜੂਦ ਸਨ।
Leave a Comment
Your email address will not be published. Required fields are marked with *