
ਲੁਧਿਆਣਾਃ 24 ਅਕਤੂਬਰ (ਵਰਲਡ ਪੰਜਾਬੀ ਟਾਈਮਜ)
ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ ਸਾਹਿਤਕ ਸੰਸਥਾ ਪੰਜਾਬੀ ਲਿਖਾਰੀ ਸਭਾ ਰਾਮਪੁਰ(ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ ਪੁਰਸਕਾਰ ਫ਼ਰੀਦਕੋਟ ਵੱਸਦੇ ਕਵੀ ਵਿਜੈ ਵਿਵੇਕ ਨੂੰ 5ਨਵੰਬਰ ਨੂੰ ਰਾਮਪੁਰ ਵਿਖੇ ਪ੍ਰਦਾਨ ਕੀਤਾ ਜਾਵੇਗਾ।
ਇਹ ਜਾਣਕਾਰੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਤੇ ਜਨਰਲ ਸਕੱਤਰ ਬਲਵੰਤ ਸਿੰਘ ਮਾਂਗਟ ਨੇ ਦਿੱਤੀ।
ਪੰਜਾਬੀ ਲਿਖਾਰੀ ਸਭਾ ਦੇ ਮੀਤ ਪ੍ਰਧਾਨ ਅਮਰਿੰਦਰ ਸੋਹਲ ਤੇ ਸਕੱਤਰ ਨੀਤੂ ਰਾਮਪੁਰ ਨੇ ਦੱਸਿਆ ਕਿ ਇਸ ਸਭਾ ਦੀ ਸਥਾਪਨਾ 7 ਅਗਸਤ 1953 ਨੂੰ ਹੋਈ ਸੀ ਅਤੇ ਆਪਣੇ ਸਾਹਿਤਕ ਕਾਰਜਾਂ ਕਰਕੇ ਹੁਣ ਤਕ ਇਹ ਸਭਾ ਦੇਸ਼ ਬਦੇਸ਼ ਵਿੱਚ ਚਰਚਿਤ ਹੈ l
ਇਸ ਸਭਾ ਦੇ ਬਾਨੀਆਂ ਚੋਂ ਪ੍ਰਮੁੱਖ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਪੰਜਾਬੀ ਦੇ ਨਾਮਵਰ ਕਵੀ ਸਨ ਅਤੇ ਚੜ੍ਹਦੀ ਉਮਰੇ ਹੀ ਕੈਨੇਡਾ ਚਲੇ ਗਏ ਸਨ। ਉਹ l ਗੁਰਚਰਨ ਰਾਮਪੁਰੀ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਦੀਆਂ ਕੈਨੇਡਾ ਵੱਸਦੀਆਂ ਬੇਟੀਆਂ ਵੱਲੋਂ ਇਹ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ ਜੋ ਹੁਣ ਤੀਕ ਸਵਰਗੀ ਕਵੀ ਸ਼ਿਵ ਨਾਥ ਤੇ ਬੀਬਾ ਬਲਵੰਤ ਨੂੰ ਪ੍ਰਦਾਨ ਕੀਤਾ ਜਾ ਚੁਕਾ ਹੈ। ਇਸ ਵਾਰ ਤੀਸਰੇ ਗੁਰਚਰਨ ਰਾਮਪੁਰੀ ਪੁਰਸਕਾਰ ਲਈ ਪੰਜਾਬੀ ਦੇ ਉੱਘੇ ਗ਼ਜ਼ਲਗੋ ਵਿਜੇ ਵਿਵੇਕ ਦੀ ਚੋਣ ਹੋਈ ਹੈ ਜਿਸ ਦੇ ਦੋ ਗ਼ਜ਼ਲ ਸੰਗ੍ਰਿਹ “ਚੱਪਾ ਕੁ ਪੂਰਬ”ਤੇ “ਛਿਣਭੰਗਰ ਵੀ ਕਾਲਾਅਤੀਤ ਵੀ”ਪ੍ਰਕਾਸ਼ਿਤ ਹੋ ਚੁਕੇ ਹਨ।
ਇਸ ਪੁਰਸਕਾਰ ਵਿਚ 21000/ ਦੀ ਰਾਸ਼ੀ, ਦੋਸ਼ਾਲਾ , ਟਰਾਫ਼ੀ ਅਤੇ ਕਿਤਾਬਾਂ ਦਾ ਸੈੱਟ ਸ਼ਾਮਲ ਹੁੰਦਾ ਹੈ l ਇਹ ਸਮਾਗਮ ਪੰਜ ਨਵੰਬਰ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ)ਦੇ ਲਾਇਬ੍ਰੇਰੀ ਹਾਲ ਵਿਚ ਹੋਵੇਗਾ।