ਉਹੀ ਪੁੱਤ ਮਾਪਿਆਂ ਨੂੰ ਮਾਰਦੇ ਧੱਕੇ,ਜਿਹੜੇ ਚਾਵਾਂ ਨਾਲ ਜੰਮੇ ਹੁੰਦੇ ਨੇ।
ਫਰੀਦਕੋਟ 29 ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਜਗੀਰ ਸਿੰਘ ਸੱਧਰ ਦੇ ਗ੍ਰਹਿ ਵਿਖੇ ਪ੍ਰਸਿੱਧ ਗ਼ਜ਼ਲਗੋ ਮਾਸਟਰ ਬਿੱਕਰ ਸਿੰਘ ਵਿਯੋਗੀ ਦੀ ਪ੍ਰਧਾਨਗੀ ਹੇਠ ਬਲਬੀਰ ਬਸਤੀ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਤਕਰੀਬਨ ਇੱਕ ਦਰਜ਼ਨ ਤੋਂ ਵੱਧ ਲੇਖਕਾਂ ਨੇ ਭਾਗ ਲਿਆ। ਮੰਚ ਵੱਲੋਂ ਪਿਛਲੇ ਮਹੀਨੇ ਕਰਵਾਏ ਗਏ ਸਲਾਨਾ ਸਮਾਗਮ ਤੇ ਵਿਚਾਰ ਚਰਚਾ ਕੀਤੀ ਗਈ।
ਇਸ ਸਮੇਂ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ।ਜਿਸ ਦੌਰਾਨ ਮਨਜਿੰਦਰ ਸਿੰਘ ਗੋਲ੍ਹੀ ਨੇ ਗ਼ਜ਼ਲ ਮਾਂ ਬੋਲੀ ਦਾ ਦੀਪ, ਪ੍ਰਸਿੱਧ ਪੰਜਾਬੀ ਫ਼ਿਲਮੀ ਕਲਾਕਾਰ ਦੇਵ ਪੰਜਾਬੀ ਨੇ ਉਹੀ ਪੁੱਤ ਮਾਪਿਆਂ ਨੂੰ ਮਾਰਦੇ ਧੱਕੇ ਗੀਤ,ਅਮਰੀਕ ਸਿੰਘ ਗਿੱਲ ਕੰਮੇਆਣਾ ਨੇ ਮਾਂ ਤੇਰੀ ਕੁੱਖ ਚੋ ਬੋਲਾਂ ਗੀਤ, ਵਤਨਵੀਰ ਜ਼ਖ਼ਮੀ ਨੇ ਗ਼ਜ਼ਲ, ਪਰਮਜੀਤ ਸਿੰਘ ਪੰਮਾਂ ਨੇ ਨਜ਼ਮ,ਪੱਪੀ ਲਹਿਰੀ ਨੇ ਗੀਤ,ਜਗੀਰ ਸੱਧਰ ਨੇ ਕਵਿਤਾ, ਧਰਮ ਪ੍ਰਵਾਨਾਂ ਨੇ ਸਿਆਸੀ ਕਾਵਿ ਵਿਅੰਗ,ਜੀਤ ਕੰਮੇਆਣਾ ਨੇ ਗ਼ਜ਼ਲ,ਡਾ ਮੁਕੰਦ ਸਿੰਘ ਵੜਿੰਗ ਨੇ ਗੀਤ, ਡਾਕਟਰ ਕਸ਼ਮੀਰ ਸਿੰਘ ਲੱਕੀ ਕੰਮੇਆਣਾ ਨੇ ਨਜ਼ਮ , ਮਾਸਟਰ ਬਿੱਕਰ ਸਿੰਘ ਵਿਯੋਗੀ ਨੇ ਗ਼ਜ਼ਲ ਸੁਣਾ ਕੇ ਵਾਹ ਵਾਹ ਖੱਟੀ। ਉਪਰੋਕਤ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਹੋਈ। ਇਸ ਸਮੇਂ ਅੱਜ ਦੀ ਪ੍ਰਧਾਨਗੀ ਕਰ ਰਹੇ ਮਾਸਟਰ ਬਿੱਕਰ ਸਿੰਘ ਵਿਯੋਗੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੁਰਾਣੇ ਲੇਖਕਾਂ ਨੂੰ ਕਦੇ ਵੀ ਨਵੇ ਲੇਖਕਾਂ ਨੂੰ ਅਣਗੌਲਿਆ ਨਹੀ ਕਰਨਾ ਚਾਹੀਦਾ ਹੈ। ਕਿਉਕਿ ਨਵੇ ਲੇਖਕ ਕੁੱਝ ਨੂੰ ਛੱਡ ਕੇ ਬਹੁਤ ਵਧੀਆ ਲਿਖ ਰਹੇ ਹਨ।