ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਤਿੰਨ ਮਾਰਚ ਨੂੰ ਹੋ ਰਹੀ ਚੋਣ, ਸਿਰਫ਼ ਅਹੁਦਿਆਂ ਦਾ ਯੁੱਧ ਨਹੀਂ ਹੈ, ਇਹ ਪੰਜਾਬੀ ਭਾਸ਼ਾ,ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਅਤੇ ਭਵਿੱਖ ਦਾ ਮਸਲਾ ਵੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪੜ੍ਹਾਈ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚੋਂ ਬੰਦ ਕਰਨ ਜਾਂ ਘਟਾਉਣ ਦੀ ਲੜਾਈ ਵੀ ਇਸੇ ਨਾਲ ਹੀ ਜੁੜੀ ਹੋਈ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਦੀ ਹੈਸੀਅਤ ਵਿਚ ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਨੀਤੀਆਂ ਵਿਰੁੱਧ ਲੜੀ ਗਈ ਲੜਾਈ ਸਮੇਂ, ਪੰਜਾਬੀ ਭਾਸ਼ਾ ਨੂੰ ਪਿੱਠ ਦਿਖਾਉਣ ਵਾਲੇ ਬਹੁਤੇ ਕਿਰਦਾਰ ਚਿਹਰੇ ਬਦਲ ਬਦਲ ਕੇ ਇਨ੍ਹਾਂ ਚੋਣਾਂ ਵਿਚ ਮੇਰੇ ਵਿਰੁੱਧ ਕੁੱਦ ਚੁੱਕੇ ਹਨ। ਅਕਾਦਮਿਕ ਕੌਂਸਲ ਦੀ 7 ਜੁਲਾਈ, 2023 ਨੂੰ ਹੋਈ ਮੀਟਿੰਗ ਵਿਚੋਂ ਆਪਣੇ ਰੁਝੇਵੇਂ ਦਾ ਬਹਾਨਾ ਬਣਾ ਕੇ ਗ਼ੈਰ-ਹਾਜ਼ਰ ਰਹਿਣ ਵਾਲੇ’,ਮੀਟਿੰਗ ਵਿਚ ਹਾਜ਼ਰ ਰਹਿ ਕੇ ਵੀ ਵਾਈਸ ਚਾਂਸਲਰ ਦੇ ਹੱਕ ਵਿਚ ਲਗਾਤਾਰ ਭੁਗਤਣ ਵਾਲੇ, ਅਤੇ ਯੂਨੀਵਰਸਿਟੀ ਦੇ ਉਸ ਪੰਜਾਬੀ ਵਿਰੋਧੀ ਫ਼ੈਸਲੇ ਉੱਤੇ ਦਸਤਖ਼ਤ ਕਰਨ ਵਾਲੇ ਇਸ ਵੇਲੇ ਇਕੱਠੇ ਦਿਸ ਰਹੇ ਹਨ।
ਇਹ ਸਾਰੇ ਤੱਥ ਦਰਸਾਉਂਦੇ ਹਨ ਕਿ ਨਵੇਂ ਸਮਿਸਟਰ ਤੋਂ ਲਾਗੂ ਹੋਣ ਵਾਲੇ ਉਹ ਫ਼ੈਸਲੇ, ਫੇਰ ਖ਼ਤਰੇ ਵਿਚ ਹਨ, ਜਿਨ੍ਹਾਂ ਨੂੰ ਕਰਵਾਉਣ ਲਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਿਛਲੀ ਟੀਮ ਨੇ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਿਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਯੂਨਿਵਰਸਿਟੀ ਨੂੰ ਫੈਸਲੈ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ।
ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਦੀ ਖ਼ਬਰ ਇਹ ਹੈ ਕਿ ਜੁਲਾਈ ਵਿਚ ਸ਼ੁਰੂ ਹੋਣ ਵਾਲੀਆਂ ਨਵੀਆਂ ਕਲਾਸਾਂ ਲਈ, ਉਦੋਂ ਹੋਏ ਫ਼ੈਸਲਿਆਂ ਅਨੁਸਾਰ ਪਾਠਕ੍ਰਮ ਨਹੀਂ ਬਣਾਏ ਜਾ ਰਹੇ। ਕਾਲਜਾਂ ਵਿਚ ਅਤੇ ਯੂਨੀਵਰਸਿਟੀ ਦੇ ਵਿਭਾਗਾਂ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ। ਪਹਿਲਾਂ ਭਰਤੀ ਹੋਏ ਅਧਿਆਪਕਾਂ ਦੇ ਪੀਰੀਅਡ ਘਟਾਏ ਜਾ ਰਹੇ ਹਨ।
ਸਾਰੀਆਂ ਯੂਨੀਵਰਸਿਟੀਆਂ ਦੇ ਪਾਠਕ੍ਰਮਾਂ ਨੂੰ ਇਕੋ ਜਿਹੇ ਕਰਨ ਲਈ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੀ ਸਥਿਤੀ ਵਿਚ ਸਾਰੇ ਪੰਜਾਬੀ ਪਿਆਰਿਆਂ ਨੂੰ ਇਕਜੁੱਟ ਹੋ ਕੇ ਚੋਣ ਮੈਦਾਨ ਵਿਚ ਉਤਰੇ ਕਿਰਦਾਰਾਂ ਦੀ ਪਛਾਣ ਕਰਕੇ ਹੀ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।
ਮੈਂ ‘ਨਵਾਂ ਜ਼ਮਾਨਾ’ ਅਤੇ ‘ਅਜੀਤ’ ਦੇ ਮੈਗਜ਼ੀਨ ਸੰਪਾਦਕ ਵਜੋਂ, ਦੂਰਦਰਸ਼ਨ ਦੇ ਪ੍ਰੋਗਰਾਮ ਐਗਜ਼ੈਕਟਿਵ ਵਜੋਂ, ਕਲਾ ਪਰਿਸ਼ਦ ਦੇ ਸਕੱਤਰ ਵਜੋਂ ਅਤੇ ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਵੱਖ-ਵੱਖ ਅਹੁਦਿਆਂ ਉੱਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਮੈਂ ਕਵਿਤਾ, ਵਾਰਤਕ, ਆਲੋਚਨਾ ਅਤੇ ਅਨੁਵਾਦ ਦੀਆਂ 12 ਪੁਸਤਕਾਂ ਦਾ ਲੇਖਕ ਹਾਂ।
ਮੈਂ ਜੋ ਕੁਝ ਦੋ ਸਾਲਾਂ ਦੌਰਾਨ ਆਪਣੀ ਟੀਮ ਨਾਲ ਮਿਲ ਕੇ ਕੀਤਾ ਹੈ, ਉਸ ਦਾ ਵੇਰਵਾ ਅਕਾਡਮੀ ਦੀ ਮੈਂਬਰਸ਼ਿਪ ਸੂਚੀ ਵਿੱਚ ਹਰਫ਼ ਹਰਫ਼ ਲਿਖ ਦਿੱਤਾ ਹੈ।
ਅਗਲਾ ਮਨੋਰਥ ਪੱਤਰ ਵੀ ਲੋਕ ਅਰਪਣ ਕਰ ਦਿੱਤਾ ਹੈ।
ਸਨਿਮਰ ਬੇਨਤੀ ਹੈ ਕਿ ਮੇਰੇ ਕਾਰਜਾਂ, ਮੇਰੀ ਪ੍ਰਬੰਧਕੀ ਕਾਰਜ ਵਿਧੀ ਅਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀਆਂ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵਾਚ ਕੇ ਮੈਨੂੰ ਅਤੇ ਮੇਰੀ ਸਹਿਯੋਗੀ ਸਮੁੱਚੀ ਟੀਮ ਨੂੰ ਸਹਿਯੋਗ ਅਤੇ ਆਸ਼ੀਰਵਾਦ ਦਿਓ ਤਾਂ ਕਿ ਅਕਾਡਮੀ ਦੇ ਸਾਹਿਤਕ ਅਤੇ ਅਕਾਦਮਿਕ ਸਰੂਪ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇ।
ਸਾਡਾ ਸਰਬ ਸਾਂਝਾ ਪੈਨਲ ਇਹ ਹੈ।
ਪ੍ਰਧਾਨ : ਲਖਵਿੰਦਰ ਸਿੰਘ ਜੌਹਲ (ਡਾ.)
ਸੀ.ਮੀਤ ਪ੍ਰਧਾਨ : ਡਾ. ਸ਼ਿੰਦਰਪਾਲ ਸਿੰਘ
ਜਨਰਲ ਸਕੱਤਰ : ਡਾ. ਗੁਰਇਕਬਾਲ ਸਿੰਘ
ਮੀਤ ਪ੍ਰਧਾਨ : ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਭਗਵੰਤ ਸਿੰਘ, ਮਦਨ ਵੀਰਾ, ਡਾਕਟਰ ਇਕਬਾਲ ਸਿੰਘ ਗੋਦਾਰਾ (ਪੰਜਾਬੋਂ ਬਾਹਰ)
ਪ੍ਰਬੰਧਕੀ ਬੋਰਡ : ਗੁਰਵਿੰਦਰ ਸਿੰਘ ਅਮਨ, ਦੀਪ ਜਗਦੀਪ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੋਫ਼ੈਸਰ ਸਰਘੀ, ਹਰਦੀਪ ਢਿੱਲੋਂ, ਰੋਜ਼ੀ ਸਿੰਘ, ਹਰਵਿੰਦਰ ਚੰਡੀਗੜ੍ਹ, ਜਗਦੀਸ਼ ਰਾਏ ਕੁੱਲਰੀਆਂ , ਬਲਜੀਤ ਪਰਮਾਰ (ਬਾਕੀ ਭਾਰਤ), ਨਾਇਬ ਸਿੰਘ ਮੰਡੇਰ (ਪੰਜਾਬੋਂ ਬਾਹਰ), ਕੰਵਲਜੀਤ ਸਿੰਘ ਕੁਟੀ, ਕਰਮਜੀਤ ਗਰੇਵਾਲ, ਬਲਬੀਰ ਜਲਾਲਾਬਾਦੀ, ਡਾ. ਨਰੇਸ਼ ਕੁਮਾਰ ਅਤੇ ਪਰਮਜੀਤ ਕੌਰ ਮਹਿਕ।
ਬੇਨਤੀਕਰਤਾ
ਲਖਵਿੰਦਰ ਸਿੰਘ ਜੌਹਲ (ਡਾ.) ਅਤੇ ਸਮੁਚੀ ਟੀਮ