ਪਿਛਲੇ ਦਿਨੀਂ ਅਦਾਰਾ 23 ਮਾਰਚ ਵਲੋਂ ਪੰਜਾਬੀ ਸਾਹਿਤ ਦੇ ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਪੰਜਾਬੀ ਜੋੜ ਮੇਲਾ ਪਿੰਡ ਢੁੱਡੀਕੇ ਵਿੱਚ ਕੰਵਲ ਜੀ ਦੇ ਗ੍ਰਹਿ ਵਿਖੇ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ। ਤਿੰਨੇ ਦਿਨ ਪੰਜਾਬੀ ਦੇ ਸਿਰਮੌਰ ਲੇਖਕਾਂ ,ਬੁੱਧੀਜੀਵੀਆਂ ਅਤੇ ਚਿੰਤਕਾਂ ਵਲੋਂ ਪੰਜਾਬੀ ਸਾਹਿਤ , ਜਸਵੰਤ ਸਿੰਘ ਕੰਵਲ ਹੁਰਾਂ ਦੀ ਸਾਹਿਤ ਨੂੰ ਦੇਣ , ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਲਈ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ।
ਤੀਜੇ ਦਿਨ ਦੇ ਸ਼ੈਸ਼ਨ ਦਾ ਅਨੰਦ ਮਾਣਦਿਆਂ ਸਤਿਕਾਰਤ ਕਹਾਣੀਕਾਰ ਸੁਖਜੀਤ , ਬਲਵਿੰਦਰ ਗਰੇਵਾਲ , ਡਾ ਸਵਰਾਜਵੀਰ ਡਾ ਸੁਰਜੀਤ ਅਤੇ ਸੁਰਜੀਤ ਪਾਤਰ ਜੀ ਸਮੇਤ ਹੋਰ ਵੀ ਬਹੁਤ ਸਾਰੇ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕਾਂ ਨੂੰ ਸੁਣਨ ਤੇ ਮਿਲਣ ਦਾ ਮੌਕਾ ਮਿਲਿਆ। ਇਸ ਸ਼ੈਸ਼ਨ ਵਿੱਚ ਜਸਵੰਤ ਕੰਵਲ ਜੀ ਦੇ ਨਾਵਲ ਪਾਲੀ ਵਾਰੇ ਕਹਾਣੀਕਾਰ ਸੁਖਜੀਤ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਹੁਰਾਂ ਬਹੁਤ ਕਮਾਲ ਦੀ ਗੱਲਬਾਤ ਕੀਤੀ । ਸ਼ਿਵ ਕੁਮਾਰ ਬਟਾਲਵੀ ਵਾਰੇ ਗੱਲਬਾਤ ਕਰਦਿਆਂ ਡਾ ਸੁਰਜੀਤ , ਡਾ ਸਵਰਾਜਬੀਰ ਅਤੇ ਪਾਤਰ ਸਾਹਿਬ ਨੇ ਕਿਹਾ ਕਿ ਸ਼ਿਵ ਕੁਮਾਰ ਅਤੇ ਉਸਦੀ ਸ਼ਾਇਰੀ ਭਾਵੇਂ ਬਹੁਤ ਮਕਬੂਲ ਹੈ ਪਰ ਉਸਦੀ ਸ਼ਾਇਰੀ ਉੱਤੇ ਅਜੇ ਹੋਰ ਬਹੁਤ ਸਾਰੇ ਪੱਖਾਂ ਤੋਂ ਹੋਰ ਗੱਲ ਹੋਣੀ ਚਾਹੀਦੀ ਹੈ।
ਕਮਾਲ ਦੀ ਗੱਲ ਸੀ ਕੇ ਇਨਾ ਦੋਵੇਂ ਸ਼ੈਸ਼ਨਾਂ ਵਿੱਚ ਹੋਈ ਵਾਰਤਾਲਾਪ ਨੇ ਸਰੋਤਿਆਂ ਨੂੰ ਅੰਤ ਤੱਕ ਕੀਲ ਨੇ ਬਿਠਾਈ ਰੱਖਿਆ ਤੇ ਯੁੱਗਾਂ ਦੀ ਗਾਥਾ ਚੋਂ ਗੁਜ਼ਰਕੇ ਅਜੋਕੇ ਸੰਦਰਭ ਤੱਕ ਆਉਂਦਿਆਂ ਵਾਰਤਾਕਾਰਾਂ ਨੇ ਨਾਥਾਂ, ਯੋਗੀਆਂ,ਰਿਸ਼ੀਆਂ , ਅਵਤਾਰਾਂ , ਤੇ ਗੁਰੂਆਂ – ਪੀਰਾਂ ਸਮੇਤ ਪੰਜਾਬ ਦੇ ਇਤਿਹਾਸ , ਸਾਹਿਤ , ਸਮਾਜ , ਸੱਭਿਆਚਾਰ , ਮੱਨੁਖੀ ਮਾਨਸਿਕਤਾ , ਪਿਆਰ – ਮੁਹੱਬਤ ਅਤੇ ਸਾਹਿਤਕਾਰਾਂ ਵਾਰੇ ਬਹੁਤ ਨਿੱਠ ਕੇ ਗੱਲਾਂ ਕੀਤੀਆਂ, ਜਿਸ ਵਿੱਚ ਭਾਰਤ ਦਰਸ਼ਨ ਵੀ ਸੀ ਤੇ ਪੰਜਾਬ ਵੀ। ਸਵਾਲ ਵੀ ਸਨ ਤੇ ਜਵਾਬ ਵੀ।
ਸਿਰਮੌਰ ਲੇਖਕ ਕਹਾਣੀਕਾਰ ਬਲਵਿੰਦਰ ਗਰੇਵਾਲ, ਕਹਾਣੀਕਾਰ ਸੁਖਜੀਤ , ਇਤਿਹਾਸਕਾਰ ਕੰਗ ਸਾਹਿਬ , ਸਤਿਕਾਰਤ ਸੁਰਜੀਤ ਪਾਤਰ , ਡਾ ਸੁਰਜੀਤ , ਡਾ ਸਵਰਾਜਬੀਰ ,ਮੈਡਮ ਅਰਤਿੰਦਰ ਸੰਧੂ ਅਤੇ ਹੋਰ ਵੀ ਬਹੁਤ ਸਾਰੀਆਂ ਸਾਹਿਤਿਕ ਸ਼ਖਸ਼ੀਅਤਾਂ ਸੰਗ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਦੇ ਘਰ ਬਿਤਾਇਆ ਇਹ ਦਿਨ ਹਮੇਸ਼ਾ ਯਾਦਗਾਰੀ ਰਹੇਗਾ।
ਦਲਜਿੰਦਰ ਰਹਿਲ
Leave a Comment
Your email address will not be published. Required fields are marked with *