ਗੁਰੂ ਰਵਿਦਾਸ ਅਤੇ ਸੰਤ ਕਬੀਰ ਜੀ ਸਬੰਧੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਦਰਜ ਐਫ ਆਈ ਆਰ
ਬਠਿੰਡਾ, 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਗੁਰੂ ਰਵਿਦਾਸ ਅਤੇ ਸੰਤ ਕਬੀਰ ਜੀ ਸਬੰਧੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਹੈ। ਜਲੰਧਰ ਜਿਲ੍ਹੇ ਦੇ ਥਾਣਾ ਪਤਾਰਾ ’ਚ 17 ਮਾਰਚ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਜਲੰਧਰ ਦੇਹਾਤੀ ਪੁਲਿਸ ਥਾਣੇ ਵਿੱਚ ਇੱਕ ਜਥੇਬੰਦੀ ਨੇ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਡੇਰਾ ਸਿਰਸਾ ਮੁਖੀ ਨੇ 5 ਫਰਵਰੀ ਨੂੰ ਇੱਕ ਯੂਟਿਊਬ ਚੈਨਲ ਉੱਤੇ ਸਤਿਸੰਗ ਦੌਰਾਨ ਸੰਤ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਨਾਲ ਜੁੜੇ ਇਤਿਹਾਸ ਬਾਰੇ ਗ਼ਲਤ ਬਿਆਨੀ ਕੀਤੀ ਹੈ ਅਤੇ ਦੋਵੇਂ ਹਸਤੀਆਂ ਬਾਰੇ ਇਤਰਾਜ਼ਯੋਗ ਗੱਲਾਂ ਕੀਤੀਆਂ ਹਨ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕਰੀਬ 7 ਸਾਲ ਪਹਿਲਾਂ ਹੋਏ ਸਤਿਸੰਗ ਦੌਰਾਨ ਰਾਮ ਰਹੀਮ ਵੱਲੋਂ ਕੀਤੀ ਟਿੱਪਣੀ ਦੀ ਵੀਡੀਓ ਜਲੰਧਰ ਦੇ ਰਵਿਦਾਸ ਸਮਾਜ ਕੋਲ ਪਹੁੰਚੀ ਤਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ।
ਤੱਥਾਂ ਅਤੇ ਸਬੂਤਾਂ ਦੀ ਘਾਟ ਕਾਰਨ ਹਾਈਕੋਰਟ ਨੇ ਇਹ ਮੁਕੱਦਮਾ ਖਾਰਜ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਇਹ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਸੀ।