ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਏਡਜ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸ਼ੀਏਸ਼ਨ (ਸਿਹਤ ਵਿਭਾਗ) ਵਲੋਂ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਝੰਡਾ ਲਹਿਰਾਉਣ ਦੌਰਾਨ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸੋਸ਼ੀਏਸ਼ਨ ਦੇ ਸੂਬਾਈ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਿਲਾ ਪ੍ਰਧਾਨ ਵਿਕਾਸ ਕੁਮਾਰ ਵਿੱਕੀ ਸ਼ਰਮਾ ਨੇ ਦੱਸਿਆ ਕਿ ਅੱਜ ਦੋ ਸਾਲ ਬੀਤ ਜਾਣ ਉਪਰੰਤ ਵੀ ‘ਆਪ’ ਸਰਕਾਰ ਮੁਲਾਜਮਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਿਭਾਉਣ ’ਚ ਨਾਕਾਮ ਰਹੀ ਹੈ, ਜਦਕਿ ਹਰੇਕ ਚੋਣਾਂ ਤੋਂ ਪਹਿਲਾਂ ਇਹ ਵਾਅਦੇ ਜਲਦ ਪੂਰੇ ਕਰਨ ਦੇ ਭਰੋਸੇ ਦਿੱਤੇ ਗਏ, ਜਿਸ ’ਚ ਰੈਗੂਲਰ ਕਰਨ ਅਤੇ ਦਿੱਲੀ ਦੇ ਅਧਾਰ ’ਤੇ ਇਹਨਾਂ ਮੁਲਾਜਮਾਂ ਨੂੰ 20% ਵਾਧਾ ਪੰਜਾਬ ਸਰਕਾਰ ਵਲੋਂ ਤੁਰਤ ਦਿੱਤੇ ਜਾਣ ਤੋਂ ਇਲਾਵਾ ਹੋਰ ਸਰਕਾਰੀ ਮੁਲਾਜਮਾਂ ਵਾਲੀਆਂ ਸਹੂਲਤਾਂ ਬਿਨਾਂ ਸ਼ਰਤ ਦਿੱਤੇ ਜਾਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਇਲਾਵਾ ਕਈ ਵਾਰ ਲਿਖਤ ਰੂਪ ’ਚ ਜਥੇਬੰਦੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕਰਵਾਈ ਗਈ। ਉਹਨਾਂ ਦੱਸਿਆ ਕਿ ਪਿਛਲੇ ਦਿਨੀ 200 ਤੋਂ ਜਿਆਦਾ ਮੁਲਾਜਮਾਂ ਵੱਲੋਂ ਵਿਭਾਗ ਦੇ ਮੁਲਾਜਮ ਵਿਰੋਧੀ ਫੈਸਲਿਆਂ ਅਤੇ ਇੱਕ ਤਾਨਾਸ਼ਾਹੀ ਅਫਸਰ ਖਿਲਾਫ ਦਿੱਤੀ ਲਿਖਤ ਸ਼ਿਕਾਇਤ ਤੋਂ ਬਾਅਦ ਵੀ ਬਚਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਦਕਿ ਇਸ ਤੋਂ ਪਹਿਲਾਂ ਵੀ ਮੌਖਿਕ ਰੂਪ ’ਚ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਕੰਮ ਕਰਨ ਦੇ ਬਾਵਜੂਦ ਇੱਕ ਦਿਨ ਦੀ ਕੱਟੀ ਗਈ ਤਨਖਾਹ ਅਤੇ ਅੱਧੀ ਛੁੱਟੀ ਬੰਦ ਕਰਕੇ ਮੁਲਾਜਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
Leave a Comment
Your email address will not be published. Required fields are marked with *