ਬਠਿੰਡਾ, 30 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕੇਂਦਰੀ ਯੂਨੀਵਰਸਿਟੀ, ਘੁੱਦਾ(ਬਠਿੰਡਾ) ਦੇ ਪੰਜਾਬੀ ਵਿਭਾਗ ਅਤੇ ਜਨ ਸੰਪਰਕ ਦਫਤਰ ਵੱਲੋਂ ਵਾਈਸ ਚਾਂਸਲਰ ਪ੍ਰੋ. ਆਰ. ਪੀ. ਤਿਵਾਰੀ ਦੀ ਅਗਵਾਈ ਵਿੱਚ 28 ਨਵੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ।”ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਸ਼ਵ ਦ੍ਰਿਸ਼ਟੀ”ਵਿਸ਼ੇ ਤੇ ਕੇਂਦਰਿਤ ਇਸ ਸੈਮੀਨਾਰ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਬਾਨੀ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ।
ਸੈਮੀਨਾਰ ਦਾ ਮੁੱਖ ਭਾਸ਼ਣ ਪੇਸ਼ ਕਰਦੇ ਹੋਏ ਡਾ. ਮਨਜਿੰਦਰ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ ਤੇ ਉਹਨਾਂ ਦੀ ਬਾਣੀ ਨੂੰ ਸਮਝਣ ਲਈ ਵਰਤੇ ਜਾਂਦੇ ਪੂਰਵ-ਪ੍ਰਚਲਿਤ ਮਾਪਦੰਡਾਂ ‘ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹੋਏ ਕਿਹਾ ਕਿ ਗੁਰਬਾਣੀ ਨੂੰ ਪੱਛਮੀ ਸੰਕਲਪਾਂ ਰਾਹੀਂ ਸਮਝਣ ਦੀ ਬਜਾਇ ਸਾਨੂੰ ਗੁਰਬਾਣੀ ਵਿਚੋਂ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਦੇ ਅਧਾਰ ‘ਤੇ ਸਮਝਣਾ ਚਾਹੀਦਾ ਹੈ। ਇਸ ਨਾਲ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਤੋਂ ਸੰਸਾਰ ਨੂੰ ਸਮਝਣ ਲਈ ਗੁਰਬਾਣੀ ਦਾ ਵੱਖਰਾ ਗਿਆਨ ਪ੍ਰਬੰਧ ਉਸਾਰਿਆ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਜਾਂ ਉਹਨਾਂ ਦੀ ਬਾਣੀ ਨੂੰ ਇਤਿਹਾਸ, ਭੂਗੋਲ ਅਤੇ ਕਾਲ ਦੀ ਸੀਮਾਂ ਵਿਚ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਗੁਰੂ ਨਾਨਕ ਦੀ ਦ੍ਰਿਸ਼ਟੀ ‘ਆਦਿ ਸਚੁ’ ਦੀ ਧਾਰਨੀ ਹੈ। ਗੁਰੂ ਨਾਨਕ, ਜਗਤ ਗੁਰੂ ਹਨ ਜਿਨ੍ਹਾਂ ਦੀ ਦ੍ਰਿਸ਼ਟੀ ਦਾ ਪਾਸਾਰ ਸਰਵ ਵਿਆਪਕ ਬ੍ਰਹਿਮੰਡੀ ਚੇਤਨਾ ਤੱਕ ਪਸਰਿਆ ਹੋਇਆ ਹੈ। ਉਹਨਾਂ ਨੇ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦਵਾਇਆ ਕਿ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿਚ ਦੂਜੀ ਹੋਂਦ(Other)ਨਹੀਂ ਹੈ, ਉਹ ਦੂਜੀ ਹੋਂਦ ਨੂੰ ਨਕਾਰਦੇ ਨਹੀਂ ਬਲਕਿ ਸਵਾਰਦੇ ਹਨ। ਇਸ ਲਈ ਗੁਰੂ ਨਾਨਕ ਦੇਵ ਜੀ ਦੁਆਰਾ ਗੁਰਬਾਣੀ ਦੇ ਰੂਪ ਵਿਚ ਵੰਨ-ਸੁਵੰਨਤਾ ਵਿਚ ਏਕਤਾ ਦਾ ਬੇਹਤਰੀਨ ਮਾਡਲ ਪ੍ਰਦਾਨ ਕੀਤਾ ਗਿਆ ਹੈ।
ਇਸ ਵਿਚਾਰ ਚਰਚਾ ਨੂੰ ਹੀ ਆਪਣੇ ਵੱਖਰੇ ਦ੍ਰਿਸ਼ਟੀਕੋਣ ਤੋਂ ਅਗਾਂਹ ਤੋਰਦਿਆਂ ਮੁਖ ਮਹਿਮਾਨ, ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਨਿਰੋਲ ਗੁਰਬਾਣੀ ਕੇਂਦਰਿਤ ਹੋ ਕੇ ਸਮਕਾਲੀ ਸੰਕਟਾਂ ਦਾ ਹੱਲ ਗੁਰੂ ਨਾਨਕ ਬਾਣੀ ਵਿਚੋਂ ਤਲਾਸ਼ਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਜਦੋਂ ਵਿਸ਼ਵ ਪੱਧਰ ਤੇ ਪਸਰੇ ਅਸ਼ਾਂਤ ਮਾਹੌਲ ਵਿੱਚ ਹਉਮੈ-ਗ੍ਰਸਤ ਮਾਨਵਤਾ ਵੱਡੇ ਪੱਧਰ ‘ਤੇ ਸੰਤਾਪ ਹੰਢਾ ਰਹੀ ਹੈ,ਅਜਿਹੇ ਸਮੇਂ ਦੌਰਾਨ ਗੁਰੂ ਨਾਨਕ ਬਾਣੀ ਦੀ ਸਾਰਥਕਤਾ ਹੋਰ ਵੱਧ ਗਈ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਬਾਣੀ ਵਿਚਲੀ ਗਿਆਨ ਚੇਤਨਾ ਮਨੁੱਖ ਨੂੰ ਉਸ ਦੇ ਲਗਭਗ ਸਾਰੇ ਸੰਕਟਾਂ ਤੋਂ ਮੁਕਤ ਕਰ ਸਕਦੀ ਹੈ। ਇਸ ਲਈ ਵਰਤਮਾਨ ਸਮੇਂ ਧਰਮ ਗ੍ਰੰਥਾਂ ਨੂੰ ਪੁਨਰ-ਵਿਚਾਰ ਕੇ ਜੀਵਨ ਵਿਚ ਧਾਰਨ ਕਰਨ ਦੀ ਜ਼ਰੂਰਤ ਹੈ। ਸੈਮੀਨਾਰ ਦੇ ਦੋਹਾਂ ਬੁਲਾਰਿਆਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਗੁਰੂ ਨਾਨਕ ਬਾਣੀ ਦੇ ਗਿਆਨ ਨੂੰ ਵਿਹਾਰ ਵਿਚ ਉਤਾਰਨ ਦੀ ਅਹਿਮ ਲੋੜ ਹੈ।
ਇਸ ਉਪਰੰਤ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਸੁਦੀਕਸ਼ਾ-ਏ ਟ੍ਰਿਬਿਊਟ ਟੂ ਸ੍ਰੀ ਗੁਰੂ ਨਾਨਕ ਦੇਵ ਜੀ’ ਰਿਲੀਜ਼ ਕੀਤੀ ਗਈ। ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਸ ਪੁਸਤਕ ਨੂੰ ਯੂਨੀਵਰਸਿਟੀ ਦੇ ਚੇਅਰ ਪ੍ਰੋਫੈਸਰ ਪ੍ਰੋ. ਹਰਪਾਲ ਸਿੰਘ ਪੰਨੂੰ ਅਤੇ ਪ੍ਰੋ. ਕੁਲਦੀਪ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਮਾਹਿਰ ਵਿਦਵਾਨਾਂ ਦੁਆਰਾ ਲਿਖੇ 18 ਲੇਖ ਸ਼ਾਮਲ ਕੀਤੇ ਗਏ ਹਨ।
ਰਿਲੀਜ਼ ਸਮਾਰੋਹ ਉਪਰੰਤ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਪੁਸਤਕ ਦੇ ਸੰਪਾਦਕਾਂ ਅਤੇ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਨਾਨਕ ਬਾਣੀ ਨੂੰ ਭੂਗੋਲ ਅਤੇ ਸਮੇਂ ਦੀ ਸੀਮਾਂ ਵਿਚ ਕੈਦ ਨਹੀਂ ਕੀਤਾ ਜਾ ਸਕਦਾ,ਕਿਉੰਕਿ ਇਹ ਸਮਾਜ ਦਾ ਮੁਲਾਂਕਣ ਕਰਕੇ ਸਾਡੇ ਸਾਹਮਣੇ ਸਮੱਸਿਆਵਾਂ ਦਾ ਸਮਾਧਾਨ ਰੱਖਦੀ ਹੈ। ਇਸ ਲਈ ਸਮਾਜ ਸੁਧਾਰ ਲਈ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਇਸ ਵਿੱਚ ਯੂਨੀਵਰਸਿਟੀਆਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਖਾਸ ਕਰਕੇ ਨਸ਼ਿਆਂ ਅਤੇ ਜਵਾਨੀ ਦੇ ਪਰਵਾਸ ਨਾਲ ਜੂਝ ਰਿਹਾ ਹੈ, ਜਿਸਦਾ ਮੁਕਾਬਲਾ ਕਰਨ ਲਈ ਗੁਰਬਾਣੀ ਨੂੰ ਆਤਮਸਾਤ ਕਰਨਾ ਅਤੇ ਆਪਣੇ ਨਿੱਤਾ-ਪ੍ਰਤੀ ਦੇ ਜੀਵਨ ਦਾ ਹਿੱਸਾ ਬਣਾਉਣਾ ਜਰੂਰੀ ਹੈ।
ਇਸਤੋਂ ਪਹਿਲਾਂ ਸੈਮੀਨਾਰ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸੈਮੀਨਾਰ ਦੇ ਵਿਸ਼ੇ ਬਾਰੇ ਜਾਣ-ਪਛਾਣ ਕਰਵਾਈ। ਪੰਜਾਬੀ ਵਿਭਾਗ ਤੋਂ ਡਾ. ਅਮਨਦੀਪ ਸਿੰਘ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਈ ਅਤੇ ਅੰਗਰੇਜ਼ੀ ਵਿਭਾਗ ਦੇ ਡਾ. ਵਿਪਨ ਪਾਲ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪਿੰਡ ਘੁੱਦਾ ਦੇ ਪਤਵੰਤੇ ਸੱਜਣ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
Leave a Comment
Your email address will not be published. Required fields are marked with *