ਭਾਰਤ ਦੀ ਕਾਬਲੀਅਤਾਂ ਨੂੰ ਜਾਨਣ ਦੇ ਬਾਵਜੂਦ ਵਿਦੇਸ਼ੀ ਮੀਡੀਆ ਸਾਡਾ ਨਕਾਰਾਤਮਕ ਅਕਸ ਪੇਸ਼ ਕਰਦਾ ਹੈ – ਪ੍ਰੋ. ਬੀ.ਕੇ. ਕੁਠਿਆਲਾ, ਸਾਬਕਾ ਵਾਈਸ ਚਾਂਸਲਰ, ਮਾਖਨਲਾਲ ਚਤੁਰਵੇਦੀ ਨੈਸ਼ਨਲ ਯੂਨੀਵਰਸਿਟੀ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ
• ਵਿਦੇਸ਼ੀ ਮੀਡੀਆ ਦੁਆਰਾ ਸਥਾਪਤ ਪੱਛਮੀ ਸਭਿਅਤਾ-ਕੇਂਦਰਿਤ ਪੱਖਪਾਤ ਦਾ ਮੁਕਾਬਲਾ ਕਰਨ ਲਈ ਸਾਨੂੰ ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਵੱਲ ਮੁੜਨਾ ਪਵੇਗਾ – ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ, ਵਾਈਸ ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ “ਵਿਦੇਸ਼ੀ ਮੀਡੀਆ ਵਿੱਚ ਭਾਰਤ ਦੀ ਕਵਰੇਜ ਦਾ ਮੁਲਾਂਕਣ” ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਮਾਪਤ
ਬਠਿੰਡਾ, 19 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ “ਵਿਦੇਸ਼ੀ ਮੀਡੀਆ ਵਿੱਚ ਭਾਰਤ ਦੀ ਕਵਰੇਜ ਦਾ ਮੁਲਾਂਕਣ” ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁੱਕਰਵਾਰ ਨੂੰ ਸਮਾਪਤ ਹੋ ਗਿਆ। ਇਸ ਸਮਾਗਮ ਵਿੱਚ ਸਿੱਖਿਆ ਅਤੇ ਮੀਡੀਆ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਲ ਨਾਲ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੇ ਸੈਮੀਨਾਰ ਦੇ ਵੱਖ-ਵੱਖ ਉਪ-ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਪੱਖਪਾਤ ਨੂੰ ਸਮਝਣ ਅਤੇ ਵਿਰੋਧੀ ਰਣਨੀਤੀਆਂ ਬਣਾਉਣ ਲਈ ਵਿਦੇਸ਼ੀ ਮੀਡੀਆ ਵਿੱਚ ਭਾਰਤ ਦੀ ਕਵਰੇਜ ਦਾ ਮੁਲਾਂਕਣ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।
ਸਮਾਪਤੀ ਸਮਾਗਮ ਦੀ ਸ਼ੁਰੂਆਤ ਵਿੱਚ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੀਰਿਕਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ। ਇਸ ਤੋਂ ਬਾਅਦ ਸੈਮੀਨਾਰ ਦੇ ਕੋਆਰਡੀਨੇਟਰ ਡਾ: ਰੂਬਲ ਕਨੌਜੀਆ ਨੇ ਸੰਖੇਪ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਰਾਸ਼ਟਰੀ ਸੈਮੀਨਾਰ ਵਿੱਚ ਕਰਵਾਏ ਗਏ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ 29 ਖੋਜ ਪੱਤਰ ਪੇਸ਼ ਕੀਤੇ ਗਏ। ਇਸ ਵਿਚਾਰ-ਵਟਾਂਦਰੇ ਵਿੱਚ ਪੱਛਮੀ ਮੀਡੀਆ ਸਮੱਗਰੀ ਦੇ ਵਧੇਰੇ ਪ੍ਰਭਾਵ ਦੇ ਪਿੱਛੇ ਮੁੱਖ ਕਾਰਨ ਸਾਡੇ ਦੇਸ਼ ਦੇ ਨਾਗਰਿਕਾਂ ਦੁਆਰਾ ਪੱਛਮੀ ਮੀਡੀਆ ਦੀਆਂ ਖਬਰਾਂ ਦੀ ਸਮੱਗਰੀ ‘ਤੇ ਉੱਚ ਪਰਸਪਰ ਪ੍ਰਭਾਵ ਦਰਾਂ ਨੂੰ ਮੰਨਿਆ ਗਿਆ, ਜਿਸ ਨੂੰ ਸੋਸ਼ਲ ਅਤੇ ਡਿਜੀਟਲ ਮੀਡੀਆ ਪਲੇਟਫਾਰਮਾਂ ‘ਤੇ ਦੇਖਿਆ ਜਾ ਸਕਦਾ ਹੈ। ਪੱਛਮੀ ਮੀਡੀਆ ਖਪਤਕਾਰਾਂ ਦਾ ਇਸ ਵਿਵਹਾਰ ਨੇ ਪੱਛਮੀ ਮੀਡੀਆ ਘਰਾਣਿਆਂ ਨੂੰ ਭਾਰਤ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਨ ਲਈ ਆਪਣਾ ਪ੍ਰਚਾਰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਹੈ।
ਸਮਾਪਤੀ ਸੈਸ਼ਨ ਵਿੱਚ ਕੁਸ਼ਾਭਾਊ ਠਾਕਰੇ ਨੈਸ਼ਨਲ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਯੂਨੀਵਰਸਿਟੀ, ਰਾਏਪੁਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਬਲਦੇਵ ਭਾਈ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਹਨਾਂ ਦੱਸਿਆ ਕਿ ਇਤਿਹਾਸ ਵਿੱਚ ਸਾਡੇ ਮਹਾਨ ਸਮਾਜਕ ਚਿੰਤਕਾਂ, ਸੁਧਾਰਕਾਂ ਅਤੇ ਸੰਤਾਂ ਨੇ ਸਾਨੂੰ ਭਾਰਤੀ ਗਿਆਨ ਪ੍ਰਣਾਲੀ ਦੀਆਂ ਕਦਰਾਂ-ਕੀਮਤਾਂ ਵਿੱਚ ਜੜ੍ਹੀ ਮਾਨਵ-ਕੇਂਦਰਿਤ ਪਹੁੰਚ ਅਪਣਾਉਣ ਲਈ ਮਾਰਗਦਰਸ਼ਨ ਕੀਤਾ ਹੈ। ਇਸ ਦੇ ਬਾਵਜੂਦ ਸਮਾਜ ਵਿੱਚ ਪੱਛਮੀ ਵਿਚਾਰਾਂ ਨੂੰ ਉੱਤਮ ਅਤੇ ਮਿਆਰੀ ਸਮਝਣ ਦੀ ਪ੍ਰਵਿਰਤੀ ਹੈ, ਭਾਵੇਂ ਉਹ ਸਵੈ-ਕੇਂਦਰਿਤ ਹੀ ਕਿਉਂ ਨਾ ਹੋਵੇ। ਪ੍ਰੋਫੈਸਰ ਬਲਦੇਵ ਭਾਈ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਵਿਚਾਰਧਾਰਾਵਾਂ ਪ੍ਰਤੀ ਇਹ ਤਰਜੀਹ ਪੱਛਮੀ ਮੀਡੀਆ ਨੂੰ ਭਾਰਤ ਦਾ ਨਕਾਰਾਤਮਕ ਅਕਸ ਪੇਸ਼ ਕਰਕੇ ਆਪਣਾ ਦਬਦਬਾ ਕਾਇਮ ਰੱਖਣ ਦੀ ਤਾਕਤ ਦਿੰਦੀ ਹੈ। ਪ੍ਰੋ. ਸ਼ਰਮਾ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਪੱਤਰਕਾਰੀ ਦੇ ਤੱਤ ਨੂੰ ਸਮਝਣ, ਕੇਵਲ ਪ੍ਰਮਾਣਿਕ ਜਾਣਕਾਰੀ ਸਾਂਝੀ ਕਰਨ, ਭਾਰਤੀ ਸਮਾਜ ਦੇ ਸਮਾਵੇਸ਼ੀ ਵਿਕਾਸ ਦੀ ਸੋਚ ਨੂੰ ਅੱਗੇ ਵਧਾਉਣ ਅਤੇ ਰਾਸ਼ਟਰੀ ਅਖੰਡਤਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ।
ਇਸ ਪ੍ਰੋਗਰਾਮ ਵਿੱਚ ਮਾਖਨਲਾਲ ਚਤੁਰਵੇਦੀ ਨੈਸ਼ਨਲ ਯੂਨੀਵਰਸਿਟੀ ਆਫ ਜਰਨਲਿਜ਼ਮ ਐਂਡ ਕਮਿਊਨੀਕੇਸ਼ਨ, ਭੋਪਾਲ ਦੇ ਸਾਬਕਾ ਵਾਈਸ ਚਾਂਸਲਰ ਅਤੇ ਹਰਿਆਣਾ ਰਾਜ ਉੱਚ ਸਿੱਖਿਆ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਬੀ.ਕੇ. ਕੁਠਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇੱਕ ਔਫਬੀਟ ਥੀਮ ਚੁਣਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਮੀਡੀਆ ਪਲੇਟਫਾਰਮਾਂ ਤੋਂ ਪਰੇ ਸੰਚਾਰ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਉਹਨਾਂ ਨੇ ਇਸ ਗਲ ਤੇ ਧਿਆਨ ਦਿਵਾਇਆ ਕਿ ਵਿਦੇਸ਼ੀ ਮੀਡੀਆ ਦੁਆਰਾ ਭਾਰਤ ਦੀ ਇੱਕ ਨਕਾਰਾਤਮਕ ਅਕਸ ਪੇਸ਼ ਕਰਨ ਦੇ ਲਗਾਤਾਰ ਯਤਨਾਂ ਦੇ ਬਾਵਜੂਦ, ਪੱਛਮੀ ਬੁੱਧੀਜੀਵੀ ਆਪਣੀ ਆਰਥਿਕਤਾ ਵਿੱਚ ਭਾਰਤੀ ਡਾਇਸਪੋਰਾ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਇਸ ਦੇ ਨਾਲ ਹੀ, ਪਿਛਲੇ ਕੁਝ ਦਹਾਕਿਆਂ ਵਿੱਚ ਸਾਡੇ ਦੇਸ਼ ਵਿੱਚ ਹੋਈ ਤਰੱਕੀ ਨੇ ਅੰਤਰਰਾਸ਼ਟਰੀ ਖੋਜਾਰਥੀਆਂ ਨੂੰ ਇਸ ਦਹਾਕੇ ਦੇ ਅੰਤ ਤੱਕ ਭਾਰਤ ਦੇ ਇੱਕ ਗਲੋਬਲ ਸਾਫਟ ਪਾਵਰ ਬਣਨ ਦੀਆਂ ਸੰਭਾਵਨਾਵਾਂ ‘ਤੇ ਲਿਖਣ ਲਈ ਵੀ ਪ੍ਰੇਰਿਤ ਕੀਤਾ ਹੈ। ਪ੍ਰੋਫੈਸਰ ਬੀ.ਕੇ. ਕੁਠਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਮੀਡੀਆ ਪੇਸ਼ੇਵਰਾਂ ਨੂੰ ਉਪਨਿਸ਼ਦਾਂ ਰਾਹੀਂ ਸੰਚਾਰ ਦੇ ਵਿਗਿਆਨ ਨੂੰ ਸਮਝਣਾ ਚਾਹੀਦਾ ਹੈ ਅਤੇ ਸੱਚਾਈ, ਨਿਰਪੱਖਤਾ ਅਤੇ ਸੰਚਾਰ ਦੇ ਸਿਧਾਂਤਾਂ ਨੂੰ ਅਪਣਾ ਕੇ ਵਿਸ਼ਵ ਪੱਧਰ ‘ਤੇ ਆਪਣੀ ਭਰੋਸੇਯੋਗਤਾ ਨੂੰ ਵਧਾਉਣਾ ਚਾਹੀਦਾ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਕਿ ਸਾਡੇ ਪੁਰਾਤਨ ਗ੍ਰੰਥ ਡੂੰਘੇ ਗਿਆਨ ਦੇ ਭੰਡਾਰ ਹਨ, ਜੋ ਕੁਦਰਤ-ਕੇਂਦ੍ਰਿਤ ਜੀਵਨ ਸ਼ੈਲੀ ਅਤੇ ਅਧਿਆਤਮਿਕ ਸ਼ਕਤੀਕਰਨ ਵੱਲ ਨਿਰੰਤਰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਹਾਲਾਂਕਿ, ਸਾਡੇ ਦਿਮਾਗਾਂ ਦੇ ਪੱਛਮੀਕਰਨ ਦੇ ਕਾਰਨ ਅਸੀਂ ਇਹ ਪਛਾਣਨ ਵਿੱਚ ਅਸਮਰੱਥ ਹਾਂ ਕਿ ਜਿਹੜੇ ਨਵੀਨ ਮਨੁੱਖੀ ਕੇਂਦਰਿਤ ਵਿਚਾਰਾਂ ਦੀ ਸਿਰਜਣਾ ਦਾ ਸਿਹਰਾ ਅਕਸਰ ਪੱਛਮ ਨੂੰ ਦਿੱਤਾ ਜਾਂਦਾ ਹੈ, ਅਸਲ ਵਿੱਚ ਇਹ ਪ੍ਰਾਚੀਨ ਭਾਰਤੀ ਸਭਿਅਤਾ ਦੇ ਦੌਰਾਨ ਸਾਡੇ ਪੂਰਵਜਾਂ ਦੁਆਰਾ ਸੰਕਲਪਿਤ ਕੀਤੇ ਗਏ ਸਨ। ਨਤੀਜੇ ਵਜੋਂ, ਸਾਡੇ ਲਈ ਇਹ ਲਾਜ਼ਮੀ ਹੈ ਕਿ ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਵੱਲ ਮੁੜੀਏ ਅਤੇ ਭਾਰਤੀ ਪੱਤਰਕਾਰ ਹੀ ਸਾਡੀ ਸਨਾਤਨ ਸੰਸਕ੍ਰਿਤੀ ਦੇ ਸਰਬ-ਸੰਮਲਿਤ ਪ੍ਰਕਿਰਤੀ-ਕੇਂਦ੍ਰਿਤ ਵਿਕਾਸ ਦੀ ਵਿਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਭਾਰਤੀ ਦ੍ਰਿਸ਼ਟੀਕੋਣ ਨੂੰ ਅਪਣਾ ਕੇ ਹੀ ਅਸੀਂ ਵਿਦੇਸ਼ੀ ਮੀਡੀਆ ਦੁਆਰਾ ਸਥਾਪਤ ਪੱਛਮੀ ਸਭਿਅਤਾ-ਕੇਂਦਰਿਤ ਪੱਖਪਾਤ ਦਾ ਮੁਕਾਬਲਾ ਕਰ ਸਕਦੇ ਹਾਂ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਆਫ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਸਟੱਡੀਜ਼ ਦੇ ਡੀਨ ਡਾ. ਭਵਨਾਥ ਪਾਂਡੇ ਨੇ ਸਭ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *