ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੁਬਾਰਕਾਂ
ਲੁਧਿਆਣਾਃ 7 ਦਸੰਬਰ( ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਅਧਿਆਪਕ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਅਸੈਂਬਲੀ ਦੇ ਸਪੀਕਰ ਚੁਣੇ ਗਏ ਹਨ।
ਦੂਜੀ ਵਾਰ ਵਿਧਾਇਕ ਬਣੇ ਦਿਲਜੀਤਪਾਲ ਪੀ ਏ ਯੂ ‘ਚ ਪੜ੍ਹਦਿਆਂ ਵੀ ਆਗੂਆਂ ਵਾਲੀ ਬਿਰਤੀ ਰੱਖਦੇ ਸਨ। ਉਹ ਭੰਗੜੇ ਦੇ ਸਿਰਕੱਢ ਕਲਾਕਾਰ ਹੋਣ ਤੋਂ ਇਲਾਵਾ ਪੰਜਾਬੀ ਸਾਹਿੱਤ ਸਿਰਜਣ ਵਿੱਚ ਵਿੱਚ ਵੀ ਵਿਸ਼ੇਸ਼ ਦਿਲਚਸਪੀ ਰੱਖਦੇ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਅਤੇ ਪੀ ਏ ਯੂ ਦੇ ਸੇਵਾਮੁਕਤ ਅਧਿਆਪਕ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦਿਲਜੀਤਪਾਲ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ। ਪਿਛਲੀ ਪੰਜਾਬ ਫੇਰੀ ਦੌਰਾਨ ਉਹ ਪੰਜਾਬੀ ਭਵਨ ਲੁਧਿਆਣਾ ਵਿੱਚ ਆਪਣੇ ਪੁੱਤਰ ਸਮੇਤ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਡਾਃ ਅਨਿਲ ਸ਼ਰਮਾ ਤੇ ਮੇਰੇ ਨਾਲ ਮੁਲਾਕਾਤ ਕਰਕੇ ਗਏ ਸਨ। ਪ੍ਰੋਃ ਗਿੱਲ ਨੇ ਕਿਹਾ ਕਿ ਕਨੇਡਾ ਦੇ ਮੈਨੀਟੋਬਾ ਸੂਬੇ ‘ਚ ਸਪੀਕਰ ਦੀ ਕੁਰਸੀ ‘ ਤੇ ਬੈਠਣ ਵਾਲੇ ਪਹਿਲੇ ਪੰਜਾਬੀ ਬਣੇ ਦਿਲਜੀਤਪਾਲ ਸਿੰਘ ਬਰਾੜ ਪੰਜਾਬੀ ਮੂਲ ਦੇ ਕਨੇਡੀਅਨ ਸਿਆਸਤਦਾਨ ਬਣੇ ਹਨ ਜਿੰਨ੍ਹਾਂ ਨੂੰ ਮੈਨੀਟੋਬਾ ਵਿਧਾਨ ਸਭਾ ‘ਚ ਸਪੀਕਰ ਦੀ ਕੁਰਸੀ ‘ਤੇ ਬੈਠਣ ਦਾ ਮਾਣ ਮਿਲਿਆ ਹੈ। ਇਹ ਰੁਤਬਾ ਹਾਸਲ ਕਰਨ ਵਾਲੇ ਉਹ ਪਹਿਲੇ ਦਸਤਾਰਧਾਰੀ ਪੰਜਾਬੀ ਬਣ ਗਏ ਹਨ। ਇਹ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਮੁਕਤਸਰ ਦੇ ਪਿੰਡ ਭੰਗਚੜ੍ਹੀ ‘ਚ ਜੰਮੇ ਦਲਜੀਤਪਾਲ ਸਿੰਘ ਬਰਾੜ 2010 ‘ਚ ਕਨੇਡਾ ਗਏ ਸਨ । ਕਨੇਡਾ ਦੇ ਵਿਨੀਪੈਗ ਸ਼ਹਿਰ ਦੇ ਬਰੋਜ਼ ਹਲਕੇ ਤੋਂ ਉਹ ਦੂਜੀ ਵਾਰ ਵਿਧਾਇਕ ਬਣੇ ਹਨ। 48 ਸਾਲ ਉਮਰ ਦੇ ਦਿਲਜੀਤਪਾਲ ਸਿੰਘ ਬਰਾੜ ਨੇ 29 ਨਵੰਬਰ ਨੂੰ ਸਹਾਇਕ ਡਿਪਟੀ ਸਪੀਕਰ ਦੀ ਡਿਊਟੀ ਨਿਭਾਈ ਸੀ।
ਮੁਕਤਸਰ ਸ਼ਹਿਰ ‘ਚ ਰਹਿੰਦੇ ਦਿਲਜੀਤਪਾਲ ਸਿੰਘ ਦੇ ਪਿਤਾ ਸਃ ਮੰਗਲ ਸਿੰਘ ਬਰਾੜ ਨੇ ਕਿਹਾ ਕਿ , “ਇਹ ਸਾਡੇ ਪਰਿਵਾਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਪਹਿਲਾ ਦਸਤਾਰਧਾਰੀ ਵਿਅਕਤੀ ਹੈ ਜੋ ਵਿਧਾਨ ਸਭਾ ‘ਚ ਸਪੀਕਰ ਦੀ ਕੁਰਸੀ ‘ਤੇ ਬੈਠ ਕੇ ਕਾਰਵਾਈ ਚਲਾ ਰਿਹਾ ਹੈ। ਦਿਲਜੀਤ ਹੁਣ ਤੀਕ 2020 ‘ਚ ਸਿਰਫ਼ ਇਕ ਵਾਰ ਭਾਰਤ ਆਇਆ ਹੈ।” ਉਨ੍ਹਾਂ ਅੱਗੇ ਕਿਹਾ, “ਉਸ ਨੇ ਉਥੇ ਥੋੜ੍ਹੇ ਸਮੇਂ ‘ਚ ਅਪਣੇ ਲਈ ਇਕ ਵਿਸ਼ੇਸ਼ ਥਾਂ ਬਣਾਈ ਹੈ।
ਦਿਲਜੀਤਪਾਲ ਅਤੇ ਉਸ ਦੀ ਪਤਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਿਦਿਆਰਥੀ ਸਨ ਅਤੇ ਪੜ੍ਹਨ ਉਪਰੰਤ ਦੋਹਾਂ ਨੇ
ਇਸੇ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫ਼ੈਸਰ ਵਜੋਂ ਗੁਰਦਾਸਪੁਰ ਤੇ ਲੁਧਿਆਣਾ ਵਿੱਚ ਵੀ ਸੇਵਾ ਨਿਭਾਈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਦਿਲਜੀਤ ਨੇ ਪਿਛਲੇ ਸਾਲ ਵਿਧਾਨ ਸਭਾ ਵਿਚ ਇਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਸੀ, ਜੋ ਬਿਨਾਂ ਕਿਸੇ ਵਿਰੋਧ ਦੇ ਦਸਤਾਰ ਦਿਵਸ ਐਕਟ ਬਣ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਹਰ ਸਾਲ 13 ਅਪ੍ਰੈਲ ਨੂੰ ਸੂਬੇ ਭਰ ਵਿਚ ਦਸਤਾਰ ਦਿਵਸ ਵਜੋਂ ਮਨਾਇਆ ਜਾਵੇਗਾ। ਦਿਲਜੀਤ ਵਿਨੀਪੈੱਗ ਸਥਿਤ ਸੰਸਥਾ ਬੁੱਲ੍ਹਾ ਆਰਟਸ ਇੰਟਰਨੈਸ਼ਨਲ (ਬੀ.ਏ.ਆਈ.) ਦੇ ਡਾਇਰੈਕਟਰ ਵਜੋਂ ਵੀ ਕੰਮ ਕਰਦਾ ਹੈ, ਜੋ ਪੰਜਾਬੀ ਕਲਾਵਾਂ ਅਤੇ ਸੱਭਿਆਚਾਰ ‘ਚ ਵਿੱਦਿਅਕ ਪ੍ਰੋਗਰਾਮ ਪੇਸ਼ ਕਰਦੀ ਹੈ।
Leave a Comment
Your email address will not be published. Required fields are marked with *