ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਹੁਕਮਰਾਨ ਸਰਕਾਰਾਂ ਤੇ ਮਜ਼ਦੂਰ ਵਿਰੋਧੀ ਨੀਤੀਆਂ ਕਰ ਰਹੀਆਂ ਨੇ ਲਾਗੂ – ਆਗੂ
ਫਰੀਦਕੋਟ ,25 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤ ਮਜ਼ਦੂਰ ਸਭਾ ਦੀ 33ਵੀ ਦੋ ਰੋਜ਼ਾ ਸੂਬਾਈ ਕਾਨਫਰੰਸ ਅੱਜ ਇੱਥੇ ਅਮਰ ਪੈਲੇਸ ਵਿੱਚ ਸਥਾਪਿਤ ਕੀਤੇ ਗਏ ਸ਼ਹੀਦ ਕਾਮਰੇਡ ਅਮੋਲਕ ਸਿੰਘ ਨਗਰ ਵਿਖੇ ਸ਼ੁਰੂ ਹੋਈ । ਇਸ ਕਾਨਫਰੰਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਖੇਤ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਸਾਰਾ ਫਰੀਦਕੋਟ ਸਹਿਰ ਅਤੇ ਪੰਡਾਲ ਲਾਲ ਝੰਡਿਆਂ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਨਾਅਰਿਆਂ ਨਾਲ ਗੂੰਜ ਰਿਹਾ ਸੀ ।
ਇਸ ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਹਰਦੇਵ ਅਰਸ਼ੀ ਸਾਬਕਾ ਵਿਧਾਇਕ ਤੇ ਮੈਂਬਰ ਕੌਮੀ ਕੌਂਸਲ , ਕਾਮਰੇਡ ਬੰਤ ਸਿੰਘ ਬਰਾੜ ਸੂਬਾ ਪ੍ਰਧਾਨ ਪੰਜਾਬ ਏਟਕ , ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਕੌਮੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ,ਕਾਮਰੇਡ ਦੇਵੀ ਕੁਮਾਰੀ ਸੂਬਾਈ ਆਗੂ ਪੰਜਾਬ ਖੇਤ ਮਜ਼ਦੂਰਾਂ ਸਭਾ , ਅਸ਼ੋਕ ਕੌਸ਼ਲ ਜਿਲ੍ਹਾ ਸਕੱਤਰ , ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਫਰੀਦਕੋਟ ,ਕ੍ਰਿਸ਼ਨ ਚੌਹਾਨ ਮਾਨਸਾ , ਗੁਲਵੰਤ ਸਿੰਘ ਔਲਖ , ਕਾਮਰੇਡ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਤੂੰਬੜਭਨ ਆਦਿ ਆਗੂ ਸ਼ਾਮਲ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਗਠਜੋੜ ਸਰਕਾਰ ਰਾਜ ਸਤਾ ਵਿੱਚ ਬਣੇ ਰਹਿਣ ਲਈ ਹਰ ਹੱਥਕੰਡਾ ਵਰਤ ਰਹੀ ਹੈ ਜਿਸ ਵਿੱਚ ਪ੍ਰੈਸ ਦੀ ਆਜਾਦੀ ਤੇ ਹਮਲਾ ਵੀ ਸ਼ਾਮਲ ਹੈ । ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਦੇਸ਼ ਵਿੱਚ ਪਿੰਡਾ ਦੇ ਖੇਤ ਮਜ਼ਦੂਰ ਆਰਥਿਕ ਅਤੇ ਸਮਾਜਿਕ ਤੌਰ ਤੇ ਸਭ ਤੋਂ ਵੱਧ ਪੀੜਤ ਹਨ । ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ
ਮਗਨਰੇਗਾ ਸਕੀਮ ਦੇ ਬਜਟ ਵਿੱਚ 30 ਫੀਸਦੀ ਕਟੌਤੀ ਕਾਰਨ ਇਸ ਸਕੀਮ ਦਾ ਬਜਟ ਪਹਿਲੇ 6 ਮਹੀਨੇ ਵਿੱਚ ਹੀ ਖਤਮ ਹੋ ਗਿਆ ਹੈ ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਅੱਜ ਦੇਸ਼ ਬਹੁਤ ਖਤਰਨਾਕ ਮੋੜ ਤੇ ਖੜਾ ਹੈ । ਕਾਨੂੰਨ ਦੇ ਰਾਜ ਦੀ ਥਾਂ ਬੁਲਡੋਜ਼ਰਾਂ ਦਾ ਰਾਜ ਚਲਾਇਆ ਜਾ ਰਿਹਾ ਹੈ। ਪੰਜਾਬ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਵੱਧ ਗਿਆ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਪਹਿਲਾਂ ਨਾਲੋਂ ਨਿੱਘਰ ਗਈ ਹੈ । ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਨੇ ਕਿਹਾ ਕਿ ਪੰਜਾਬ ਵਿੱਚ 8 ਖੇਤ ਮਜ਼ਦੂਰਾਂ ਜਥੇਬੰਦੀਆਂ ਵੱਲੋਂ ਸਾਂਝਾ ਮੋਰਚਾ ਬਣਾਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਪਈਆਂ ਹਨ। ਉਹਨਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਮਜ਼ਦੂਰਾਂ ਦੇ ਅੰਦੋਲਨ ਦਾ ਪੂਰਾ ਸਾਥ ਦਿੰਦੇ ਹੋਏ ਰੈਲੀ ਦਾ ਸੁਨੇਹਾ ਘਰ ਘਰ ਅੰਦਰ ਲੈਕੇ ਜਾਣ । ਇਸ ਤੋਂ ਇਲਾਵਾ ਸਮੁੱਚੇ ਦੇਸ਼ ਅਤੇ ਪੰਜਾਬ ਰਾਜ ਵਿੱਚ ਖੇਤ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਰਾਜ ਸਮੇਤ ਵੱਖ ਵੱਖ ਹੁਕਮਰਾਨ ਸਰਕਾਰਾਂ ਸੰਸਾਰ ਬੈਂਕ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ । ਕੰਮ ਦਿਹਾੜੀ ਸਮਾਂ ਘੱਟ ਕਰਨ ਦੀ ਬਜਾਏ ਕੰਮ ਦਿਹਾੜੀ ਸਮੇਂ ਵਿੱਚ 8ਘੰਟੇ ਦੀ ਬਜਾਏ 12 ਘੰਟੇ ਦਾ ਵਾਧਾ ਕਰ ਦਿੱਤਾ ਗਿਆ ਹੈ । ਇਸ ਮੌਕੇ ਸਰਵ ਸੰਮਤੀ ਨਾਲ ਫੈਸਲਾ ਕੀਤਾ ਕਿ ਪੰਜ ਖੇਤ ਮਜ਼ਦੂਰਾਂ ਅਤੇ ਦਲਿਤ ਜਥੇਬੰਦੀਆਂ ਵੱਲੋਂ 4 ਦਸੰਬਰ 2023 ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਨੇੜੇ ਦੇਸ਼ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ।
ਕਾਨਫਰੰਸ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਕਾਮਿਆਂ ਲਈ ਮਗਨਰੇਗਾ ਸਕੀਮ ਠੀਕ ਰੂਪ ਵਿੱਚ ਲਾਗੂ ਕੀਤੀ ਜਾਵੇ , ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਕੀਤੀ ਜਾਵੇ, ਇਨਾ ਕਾਮਿਆਂ ਲਈ ਬਦਲਵੇਂ ਕੰਮ ਦਾ ਪ੍ਰਬੰਧ ਕੀਤਾ ਜਾਵੇ , ਪੰਜਾਬ ਸਰਕਾਰ ਵੱਲੋਂ ਕੰਮ ਦਿਹਾੜੀ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਬਾਰੇ ਜਾਰੀ ਕੀਤਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ , ਨਿੱਜੀ ਖੇਤਰ ਵਿੱਚ ਰਾਖਵੇਂਕਰਨ ਦਾ ਹੱਕ ਦਿੱਤਾ ਜਾਵੇ , ਨੌਕਰੀਆਂ ਵਿੱਚ
ਬੈਕਲਾਗ ਪੂਰਾ ਕੀਤਾ ਜਾਵੇ , ਬੇਘਰੇ ਲੋਕਾਂ ਲਈ 10-10 ਮਰਲੇ ਦੇ ਪਲਾਟ ਅਤੇ ਮਕਾਨ ਪਾਉਣ ਲਈ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ, ਵਿਧਵਾਵਾਂ ,ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਘੱਟੋ ਘੱਟ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪਹਿਲੀ ਜਮਾਤ ਤੋਂ ਬੀ ਏ ਤੱਕ ਲਾਜ਼ਮੀ , ਮੁਫ਼ਤ ਅਤੇ ਮਿਆਰੀ ਸਿੱਖਿਆ ਦੀ ਗਰੰਟੀ ਦਿੱਤੀ ਜਾਵੇ, ਅੰਨ ਸੁਰੱਖਿਆ ਅਧੀਨ ਨਜ਼ਾਇਜ਼ ਤੌਰ ਤੇ ਕੱਟੇ ਗਏ ਰਾਸ਼ਨ ਕਾਰਡ ਤੁਰੰਤ ਬਹਾਲ ਕੀਤੇ ਜਾਣ, ਸ਼ਾਮਲਾਤ ਜ਼ਮੀਨਾਂ ਦਾ ਠੇਕਾ ਘੱਟ ਰੇਟ ਤੇ ਦਿੱਤਾ ਜਾਵੇ ਅਤੇ ਡੰਮੀ ਬੋਲੀਆਂ ਤੁਰੰਤ ਰੋਕੀਆਂ ਜਾਣ, ਅਨਸੂਚਿਤ ਜਾਤੀਆਂ ਉੱਪਰ ਹੁੰਦੇ ਸਮਾਜਿਕ ਅਤਿਆਚਾਰਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ , ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ, ਅਨਸੂਚਿਤ ਜਾਤੀ ਛੋਟੀ ਯੋਜਨਾ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ , ਪ੍ਰੇਮ ਚਾਵਲਾ , ਸੀਤਾ ਰਾਮ ਗੋਬਿੰਦਪੁਰਾ , ਕੁਲਵੰਤ ਸਿੰਘ ਲੁਧਿਆਣਾ , ਜਸਵੀਰ ਕੌਰ ਬਠਿੰਡਾ , ਨਾਨਕ ਚੰਦ ਲੰਬੀ , ਸ਼ਸ਼ੀ ਸ਼ਰਮਾ , ਰਿਸ਼ੀ ਪਾਲ ਫਾਜਿਲਕਾ , ਰਾਮ ਚੰਦ ਪਟਿਆਲਾ , ਮੰਗਲ ਸਿੰਘ ਅੰਮ੍ਰਿਤਸਰ , ਸੁਖਦੇਵ ਸਿੰਘ ਤਰਨਤਾਰਨ , ਸੁਦਰਸ਼ਨ ਜੱਗਾ , ਅਵਤਾਰ ਸਿੰਘ ਫਿਰੋਜ਼ਪੁਰ , ਗੁਰਬਖਸ਼ ਕੌਰ ਨਵਾਂ ਸ਼ਹਿਰ, ਗੋਰਾ ਪਿੱਪਲੀ , ਬਲਵੀਰ ਸਿੰਘ ਔਲਖ , ਵੀਰ ਸਿੰਘ ਕੰਮੇਆਂਨਾ, ਕੁਲਵੰਤ ਸਿੰਘ ਚਾਨੀ, ਪ੍ਰਦੀਪ ਸਿੰਘ ਬਰਾੜ ਤੇ ਸੋਮ ਨਾਥ ਅਰੋੜਾ ਆਦਿ ਸ਼ਾਮਲ ਸਨ ।
Leave a Comment
Your email address will not be published. Required fields are marked with *