ਲੁਧਿਆਣਾਃ 19 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਸਿਹਤਮੰਦ ਪੰਜਾਬੀ ਸੰਗੀਤ ਪਰੰਪਰਾ ਦੇ ਪੇਸ਼ਕਾਰ ਤੇ ਬੁਲੰਦ ਆਵਾਜ਼ ਦੇ ਮਾਲਕ ਹਰਪ੍ਰੀਤ ਸਿੰਘ ਜਗਰਾਉਂ ਦੇ ਗਾਏ, ਜਸਵਿੰਦਰ ਸਿੰਘ ਜਲਾਲ ਦੇ ਲਿਖੇ ਅਤੇ ਦੇਵਿੰਦਰ ਕੈਂਥ ਵੱਲੋਂ ਰਸਵੰਤੇ ਸੰਗੀਤ ਚ ਪਰੋਏ ਗੀਤ “ਪੀੜ ਪੰਜਾਬ ਦੀ” ਨੂੰ ਅੱਜ ਸਵੇਰੇ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਉੱਘੇ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਲੋਕ ਅਰਪਨ ਕੀਤਾ।
ਗੀਤ ਸੁਣਨ ਉਪਰੰਤ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਗੀਤ ਦੇ ਬੋਲ ਅੱਜ ਦੇ ਸਮੇਂ ਵਿੱਚ ਨਸ਼ੇ ,ਲੱਚਰਤਾ ਅਤੇ ਮਿਲਾਵਟਖ਼ੋਰੀ ਕਰਕੇ ਪੰਜਾਬ ਮਾਨਸਿਕ ਪੀੜਾ ਵਿੱਚੋਂ ਗੁਜ਼ਰ ਰਹੇ ਪੰਜਾਬ ਦਾ ਦਰਦ ਬਿਆਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਹਿ ਕੇ ਹੀ ਚੰਗੇ ਰੁਜ਼ਗਾਰ ਦੀ ਪ੍ਰਾਪਤੀ ਲਈ ਯਤਨ ਕਰਨ ਤੋਂ ਭੱਜ ਕੇ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਦੌੜ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਾਇਕ ਅਤੇ ਗੀਤਕਾਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਬੇਬਸੀ ਦੀ ਮਾਨਸਿਕ ਪੀੜ ਸਰੀਰਕ ਪੀੜ ਤੋਂ ਕਿਤੇ ਵੱਧ ਖ਼ਤਰਨਾਕ ਹੁੰਦੀ ਹੈ। ਅੱਜ ਜਸਵਿੰਦਰ ਸਿੰਘ ਜਲਾਲ ਤੇ ਹਰਪ੍ਰੀਤ ਸਿੰਘ ਵਰਗੇ ਵਿਰਲੇ ਹੀ ਲੇਖਕ ਅਤੇ ਗਾਉਣ ਵਾਲੇ ਹਨ ਜਿਹੜੇ ਵਿਰਸੇ ਤੇ ਮਾਣ ਕਰਨ ਵਾਲੇ ਤੱਥਾਂ ਨੂੰ ਲੋਕਾਂ ਵਿੱਚ ਲਿਆ ਕੇ ਚੜ੍ਹਦੀ ਕਲਾ ਦਾ ਸੰਦੇਸ਼ ਦੇ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋ. ਰਵਿੰਦਰ ਭੱਠਲ ਨੇ ਬੋਲਦਿਆਂ ਕਿਹਾ ਕਿ ਮੇਰੇ ਪੁਰਾਣੇ ਵਿਦਿਆਰਥੀ ਜਸਵਿੰਦਰ ਜਲਾਲ ਨੇ ਸਿਹਤਮੰਦ ਸੋਚ ਧਾਰਾ ਵਾਲਾ ਗੀਤ ਲਿਖਿਆ ਹੈ ਅਤੇ ਪੂਰੀ ਸੰਵੇਦਨਾ ਨਾਲ ਹਰਪ੍ਰੀਤ ਸਿੰਘ ਜਗਰਾਉਂ ਨੇ ਗਾਇਆ ਹੈ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਪੰਜਾਬ ਵਿੱਚ ਵਾਹੀਵਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਨਕਲਾਬੀ ਕਾਰਜ ਕੀਤਾ। ਇਹ ਚੰਗੀ ਗੱਲ ਹੈ ਕਿ ਇਹ ਗੀਤ ਬਾਬਾ ਜੀ ਦੀ ਇਤਿਹਾਸਕ ਦੇਣ ਦਾ ਵੀ ਜੱਸ ਗਾਉਂਦਾ ਹੈ।
ਗੀਤਕਾਰ ਜਸਵਿੰਦਰ ਜਲਾਲ ਨੇ ਕਿਹਾ ਕਿ ਮੈਂ ਐੱਸ ਡੀ ਕਾਲਿਜ ਬਰਨਾਲਾ ਵਿੱਚ ਪ੍ਰੋਃ ਰਵਿੰਦਰ ਭੱਠਲ ਜੀ ਕੋਲੋਂ ਪੜ੍ਹਦਿਆਂ ਸਿਹਤਮੰਦ ਸਾਹਿੱਤ ਸੱਭਆਚਾਰ ਦੀ ਗੁੜ੍ਹਤੀ ਲਈ ਸੀ। ਉਸੇ ਦਾ ਹੀ ਪ੍ਰਤਾਪ ਹੈ ਕਿ ਚੰਗੀਆਂ ਕਦਰਾਂ ਕੀਮਤਾਂ ਵਾਲੇ ਗੀਤ ਲਿਖਣ ਨਾਲ ਹੀ ਰੂਹ ਨੂੰ ਸਕੂਨ ਮਿਲਦਾ ਹੈ। ਇਸ ਮੌਕੇ ਪੰਜਾਬ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਆਪਕ ਗੁਰਦੀਪ ਸਿੰਘ ਸੈਣੀ, ਜਗਜੀਤ ਸਿੰਘ ਝਾਂਡੇ, ਕੁਲਦੀਪ ਸਿੰਘ ਹਸਨਪੁਰ , ਅੰਗਰੇਜ ਸਿੰਘ ਰਾਮਪੁਰਾ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *