ਸਰੀ, 14 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰ ਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਬੀਤੇ ਦਿਨ ਆਨ-ਲਾਈਨ ਕਾਵਿ ਮਿਲਣੀ ਕਰਵਾਈ ਗਈ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਪ੍ਰਸਿੱਧ ਸ਼ਾਇਰਾਂ ਦੇ ਨਾਲ ਨਾਲ ਉੱਭਰਦੇ ਸ਼ਹਿਰਾਂ ਨੇ ਵੀ ਸ਼ਮੂਲੀਅਤ ਕੀਤੀ। ਕਾਵਿ ਮਿਲਣੀ ਦੀ ਪ੍ਰਧਾਨਗੀ ਪ੍ਰਿੰ. ਹਰਜਿੰਦਰ ਕੌਰ ਸੰਧਰ ਨੇ ਕੀਤੀ।
ਪੰਜਾਬ ਸਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਾਵਿ ਮਿਲਣੀ ਵਿੱਚ ਸ਼ਾਮਲ ਮੈਂਬਰਾਂ ਨੂੰ ਨਿੱਘੀ ਜੀ ਆਇਆਂ ਕਿਹਾ। ਉਹਨਾਂ ਕਿਹਾ ਕਿ ਅਗਲੇ ਸਾਲ ਤੋਂ ਇਸ ਕਾਵਿ ਮਿਲਣੀ ਵਿੱਚ ਹੋਰ ਨਵੇਂ ਵਿਸ਼ਿਆਂ ਤੇ ਨਵੇਂ ਰੰਗਾਂ ਨਾਲ ਸ਼ਿਗਾਰਿਆ ਜਾਵੇਗਾ। ਉਹਨਾਂ ਵਾਤਾਵਰਣ, ਪਾਣੀ ਤੇ ਪਸ਼ੂ-ਪੰਛੀਆਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਗੱਲ ਰੱਖਣ ਦੀ ਗੱਲ ਕਹੀ। ਡਾ. ਸੋਹਲ ਨੇ ਇਸ ਕਾਵਿ ਮਿਲਣੀ ਲਈ ਲਗਾਤਾਰ ਮਿਹਨਤ ਕਰ ਰਹੀ ਰਮਿੰਦਰ ਰਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਛਲੇ ਤਿੰਨ ਚਾਰ ਸਾਲ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਵਾ ਰਹੇ ਹਨ ਅਤੇ ਹੁਣ ਤੱਕ 500 ਤੋਂ ਵਧੇਰੇ ਕਵੀ ਇਸ ਕਾਵਿ ਮਿਲਣੀ ਦਾ ਹਿੱਸਾ ਬਣ ਚੁੱਕੇ ਹਨ। ਡਾ. ਸੋਹਲ ਨੇ ਇਸ ਮੌਕੇ ਆਪਣੀ ਇਕ ਖੂਬਸੂਰਤ ਕਾਵਿ ਰਚਨਾ ‘ਅੱਜ ਕੱਲ੍ਹ ਕੁੜੀਆਂ ਜਿਉਣ ਲੱਗੀਆਂ ਨੇ’ ਬਹੁਤ ਹੀ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤੀ।
ਪ੍ਰੋਗਰਾਮ ਦੀ ਹੋਸਟ ਰਿੰਟੂ ਭਾਟੀਆ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਹਰਜਿੰਦਰ ਕੌਰ ਸੰਧਰ ਦਾ ਸਵਾਗਤ ਕੀਤਾ। ਇਸ ਕਾਵਿ ਵਿੱਚ ਸਹਿਜਪ੍ਰੀਤ ਮਾਂਗਟ, ਰਖਸ਼ੰਦਾ ਨਾਵੇਦ, ਜਤਿੰਦਰ ਢਿੱਲੋਂ, ਹਰਦਿਆਲ ਝੀਤਾ, ਕੁਲਦੀਪ ਕੌਰ ਧੰਜੂ, ਹਰਦਮ ਮਾਨ, ਕੁਲਵੰਤ ਕੌਰ ਢਿੱਲੋਂ, ਹਰਸਿਮਰਤ ਕੌਰ ਵਕੀਲ, ਰਾਜਿੰਦਰਪਾਲ ਕੌਰ, ਤਰਿੰਦਰ ਕੌਰ, ਜੋਬਨਰੂਪ ਸੀਨਾ ਤੇ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਖੂਬਸੂਰਤ ਕਾਵਿ ਰਚਨਾਵਾਂ ਆਪੋ ਆਪਣੇ ਅੰਦਾਜ਼ ਵਿੱਚ ਪੇਸ਼ ਕੀਤੀਆਂ। ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ ਤੇ ਰਿੰਟੂ ਭਾਟੀਆ ਨੇ ਵੀ ਆਪਣੀਆਂ ਰਚਨਾਵਾਂ ਨਾਲ ਹਾਜਰੀ ਲੁਆਈ। ਕਾਵਿ ਮਿਲਣੀ ਦੀ ਪ੍ਰਧਾਨਗੀ ਕਰ ਰਹੇ ਪ੍ਰਿੰ. ਹਰਜਿੰਦਰ ਕੌਰ ਸੰਧਰ ਨੇ ਪੇਸ਼ ਕੀਤੀਆਂ ਗਈਆਂ ਕਾਵਿ ਰਚਨਾਵਾਂ ਉੱਪਰ ਆਪਣੇ ਵਿਚਾਰ ਅਤੇ ਆਪਣੀਆਂ ਟਿਪਣੀਆਂ ਪੇਸ਼ ਕੀਤੀਆਂ ਅਤੇ ਕਵੀਆਂ ਨੂੰ ਬਹੁਤ ਹੀ ਉਤਸ਼ਾਹਿਤ ਕੀਤਾ।
ਅਖੀਰ ਵਿੱਚ ਪਿਆਰਾ ਸਿੰਘ ਕੁਦੋਵਾਲ (ਮੁੱਖ ਸਲਾਹਕਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ) ਨੇ ਸਾਰੇ ਹਾਜ਼ਰੀਨ ਮੈਂਬਰਾਂ ਅਤੇ ਸ਼ਾਇਰਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਨਵੇਂ ਸਾਲ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕ੍ਰਿਸਮਿਸ ਦੇ ਤਿਉਹਾਰ ਦੇ ਨਾਲ ਨਾਲ ਸਾਨੂੰ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਰਮਿੰਦਰ ਰਮੀ ਨੇ ਵੀ ਇਸ ਪਿਆਰ, ਸਾਥ ਤੇ ਸਹਿਯੋਗ ਦੇਣ ਲਈ ਸਭ ਦਾ ਸ਼ੁਕਰਾਨਾ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਦੋਸਤੀਆਂ ਤੇ ਮੁਹੱਬਤੀ ਸਾਂਝਾਂ ਇਸੇ ਤਰ੍ਹਾਂ ਬਣੀਆਂ ਰਹਿਣ।