ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਯਤਨਾਂ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਆਨਲਾਈਨ ਪ੍ਰੋਗਰਾਮ 17 ਮਾਰਚ ਨੂੰ , ਨਾਰੀ ਸਰੋਕਾਰ : ਵਰਤਮਾਨ ਅਤੇ ਭਵਿੱਖ ਵਿਸ਼ੇ ਉਪਰ ਵਿਚਾਰ ਚਰਚਾ ਕੀਤੀ। ਡਾ. ਸਰਬਜੀਤ ਕੌਰ ਸੋਹਲ ਅਤੇ ਰਮਿੰਦਰ ਵਾਲੀਆ ਰੰਮੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਦੀ ਪ੍ਰਧਾਨਗੀ ਅੰਮੀਆ ਕੁੰਵਰ ਜੀ ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਪ੍ਰੋ . ਕੁਲਜੀਤ ਕੌਰ ਸੀ . ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਕੀਤਾ। ਉਹਨਾਂ ਨੇ ਸਾਰੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਅਜੋਕੇ ਦੌਰ ਵਿੱਚ ਨਾਰੀ ਦੀਆਂ ਵੰਗਾਰਾਂ ਬਾਰੇ ਗੱਲ ਕੀਤੀ। ਉਹਨਾਂ ਸਾਹਿਤਕ ਖੇਤਰ ਵਿੱਚ ਨਾਰੀਆਂ ਦੁਆਰਾ ਪਾਏ ਜਾਣ ਵਾਲੇ ਯੋਗਦਾਨ ਅਤੇ ਉਹਨਾਂ ਦੇ ਵਿਸ਼ਿਆਂ ਦੀ ਵਿਭਿੰਨਤਾ ਅਤੇ ਆਤਮ ਵਿਸ਼ਵਾਸ ਦੀ ਗੱਲ ਕੀਤੀ। ਡਾ. ਬਲਜੀਤ ਕੌਰ ਰਿਆੜ ਨੇ ਬੜੇ ਵਿਦਵਤਾ ਭਰਪੂਰ ਅੰਦਾਜ਼ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਵਿਲੱਖਣ ਅੰਦਾਜ਼ ਵਿੱਚ ਸਭ ਦੀ ਜਾਣਕਾਰੀ ਦਿੱਤੀ । ਬਲਜੀਤ ਕੌਰ ਰਿਆੜ ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਹੁੰਦਾ ਹੈ । ਸ਼ਗੂਫਤਾ ਗਿੰਮੀ ਇੰਗਲੈਂਡ ਤੋਂ ਇਸ ਵੈਬੀਨਾਰ ਵਿੱਚ ਸ਼ਾਮਲ ਹੋਏ।ਉਹਨਾਂ ਪੱਛਮੀ ਪੰਜਾਬ ਵਿੱਚ ਔਰਤਾਂ ਦੀ ਸੋਚ ਬਾਰੇ ਵੀ ਦੱਸਿਆ ਇਹ ਵਰਨਣਯੋਗ ਹੈ ਕਿ ਸ਼ਗੂਫਤਾ ਗਿੰਮੀ ਨੇ ਔਰਤ ਅਧਿਕਾਰਾਂ ਬਾਰੇ ਬਹੁਤ ਕਾਰਜ ਕੀਤਾ ਹੈ। ਪ੍ਰਸਿੱਧ ਪੰਜਾਬੀ ਲੇਖਿਕਾ ਸੁਰਜੀਤ ਟਰਾਂਟੋ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਪੜ੍ਹੀ ਲਿਖੀ ਔਰਤ ਤਾਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਨ ਪਰ ਹਾਲੇ ਤੱਕ ਉਹਨਾਂ ਔਰਤਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੋ ਹਾਲੇ ਆਪਣੇ ਆਪ ਨਾਲ ਹੁੰਦੀਆਂ ਵਧੀਕੀਆਂ ਨੂੰ ਆਪਣੀ ਕਿਸਮਤ ਸਮਝਦੀ ਹੈ। ਉਹਨਾਂ ਨੇ ਬਰਾਬਰੀ ਦੀ ਗੱਲ ਕੀਤੀ, ਉਹਨਾਂ ਕੰਮ ਕਾਜੀ ਔਰਤਾ ਦੀਆਂ ਵੰਗਾਰਾਂ ਬਾਰੇ ਗੱਲ ਕੀਤੀ। ਡਾ . ਕੁਲਵਿੰਦਰ ਕੌਰ ਛੀਨਾ ਨੇ ਲੋਕਧਾਰਾ ਦੇ ਸੰਦਰਭ ਵਿੱਚ ਨਾਰੀ ਦੀ ਪਰੰਪਰਾ ਤੋਂ ਆਧੁਨਿਕ ਸਮੇਂ ਦੀ ਗੱਲ ਕੀਤੀ। ਉਹਨਾਂ ਨਾਰੀ ਚੇਤਨਾ ਅਤੇ ਨਾਰੀ ਹੱਕਾਂ ਦੀ ਪ੍ਰਾਪਤੀ ਨੁੰ ਸਸ਼ਕਤੀਕਰਨ ਨਾਲ ਸਬੰਧਤ ਦੱਸਿਆ ਅਤੇ ਪਰਿਵਾਰਕ ਮਾਹੌਲ,ਔਰਤ ਔਰਤ ਦੀ ਜੇਕਰ ਮਦੱਦਗਾਰ ਬਣੇ ਤਾਂ ਹੀ ਔਰਤ ਦਾ ਸਸ਼ਕਤੀਕਰਨ ਹੋ ਸਕਦਾ ਹੈ। ਡਾ . ਨਵਰੂਪ ਕੌਰ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਔਰਤਾਂ ਹੁਣ ਸੁਚੇਤ ਹਨ ਤੇ ਸਥਿਤੀਆਂ ਨਿਰਾਸ਼ਾਜਨਕ ਨਹੀਂ ਹਨ ਔਰਤਾਂ ਆਪਣੀ ਸਮਰੱਥਾ ਅਨੁਸਾਰ ਸਸ਼ਕਤ ਹੋ ਰਹੀਆਂ ਹਨ। ਉਹਨਾਂ ਅਨੁਸਾਰ ਔਰਤ ਨੂੰ ਖੁਦ ਆਪਣੀ ਪਰੰਪਰਾ ਵਿੱਚ ਪਈ ਗੁਲਾਮੀ ਤੋਂ ਖੁਦ ਨਿਜਾਤ ਪਾਓਣੀ ਪਏਗੀ। ਡਾ . ਤੇਜਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਅਨੁਸਾਰ ਅਸੀਂ ਜਿੱਥੇ ਵੀ ਹਾਂ ਸਾਨੂੰ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਸਮਾਜ ਵਿੱਚ ਧੀ ਪੁੱਤਰ ਦੀ ਬਰਾਬਰੀ ਤੋਂ ਹੀ ਔਰਤ ਮਰਦ ਬਰਾਬਰਤਾ ਸ਼ੁਰੂ ਹੋਣੀ ਚਾਹੀਦੀ ਹੈ। ਕੰਮ ਕਾਜੀ ਔਰਤਾ ਲਈ ਵੀ ਹਾਲੇ ਬਹੁਤ ਸਾਰੀਆਂ ਚੁਨੌਤੀਆਂ ਹਨ।ਡਾ . ਅਮਰਜੋਤੀ ਮਾਂਗਟ ਨੇ ਆਪਣੇ ਵਿਚਾਰ ਪ੍ਰਗਟ ਜੇ ਔਰਤ ਆਪਣੇ ਫੈਸਲੇ ਆਪ ਲੈ ਸਕਦੀ ਹੋਵੇ ਤਾਂ ਹੀ ਸਸ਼ਕਤ ਹੋ ਸਕਦੀ ਹੈ। ਉਹਨਾਂ ਸਥਿਤੀਆਂ ਤੇ ਵੰਗਾਰਾਂ ਬਾਰੇ ਉਦਾਹਰਣਾਂ ਸਹਿਤ ਗੱਲ ਕੀਤੀ। ਉਹਨਾਂ ਨਵੀਂ ਪੀੜ੍ਹੀ ਦੀਆਂ ਔਰਤਾਂ ਵਿਚ ਆ ਰਹੇ ਬਦਲਾ ਦੀ ਗੱਲ ਕੀਤੀ। ਉਜ਼ਮਾ ਅਫਤਾਬ ਨੇ ਆਪਣੀ ਨਜ਼ਮ ਨਾਲ ਸ਼ੁਰੂਆਤ ਕੀਤੀ ਤੇ ਔਰਤ ਦੀ ਮੁਹੱਬਤ ਨੂੰ ਉਸ ਦੇ ਕਿਰਦਾਰ ਦਾ ਭਾਗ ਮੰਨਿਆ। ਉਹਨਾਂ ਔਰਤ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਕੁਰਬਾਨੀ ਦਾ ਜਜ਼ਬਾ ਵੀ ਔਰਤ ਦੇ ਸੁਭਾਅ ਦਾ ਜ਼ਰੂਰੀ ਅੰਗ ਮੰਨਿਆ। ਮੈਂ ਜ਼ਨਾਨੀ ਹਾਂ ਕਵਿਤਾ ਰਾਹੀਂ ਨਾਰੀ ਦੀਆਂ ਸਾਰੀਆਂ ਚੁਨੌਤੀਆਂ ਤੇ ਸਫਲਤਾਵਾਂ ਨੂੰ ਪੇਸ਼ ਕੀਤਾ ਹੈ।ਪ੍ਰੋ ਜਾਗੀਰ ਸਿੰਘ ਕਾਹਲੋ ਨੇ ਸਾਰੀਆਂ ਔਰਤ ਵਿਦਵਾਨਾਂ ਵੱਲੋਂ ਦਿੱਤੇ ਗਏ ਵਿਚਾਰਾਂ ਨੂੰ ਉਹਨਾਂ ਦੇ ਅਨੁਭਵ ਵਿਚੋਂ ਨਿਕਲੇ ਮੰਨਿਆ ਉਹਨਾਂ ਵਰਤਮਾਨ ਸਮੇਂ ਆਰਟੀਫਿਸ਼ਲ ਇੰਟੈਲੀਜੈਂਸੀ ਨੂੰ ਵੀ ਇਕ ਚੁਨੌਤੀ ਦੱਸਿਆ।
ਪ੍ਰੋਗਰਾਮ ਦੇ ਅੰਤ ਵਿੱਚ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਮਾਜ ਵਿੱਚ ਬਹੁਤ ਸਾਰੀ ਨਾਬਰਾਬਰੀ ਦੀ ਗੱਲ ਕੀਤੀ ਉਹਨਾਂ ਕਿਹਾ ਕਿ ਹਾਲੇ ਵੀ ਧਰਮ,ਜਾਤ, ਲਿੰਗ ਦੇ ਆਧਾਰ ਤੇ ਹੁੰਦੇ ਭੇਦ ਭਾਵ ਦੇ ਬਾਰੇ ਚਿੰਤਾ ਪ੍ਰਗਟ ਕੀਤੀ। ਉਹਨਾਂ ਸਮੂਹ ਬੁਲਾਰਿਆਂ ਵੱਲੋਂ ਔਰਤ ਦੀਆਂ ਪਰਿਸਥਿਤੀਆਂ ਅਤੇ ਸੰਭਾਵਨਾਵਾਂ ਬਾਰੇ ਕੀਤੀ ਗੱਲਬਾਤ ਨੂੰ ਪ੍ਰਭਾਵਸ਼ਾਲੀ ਦੱਸਿਆ। ਉਹਨਾਂ ਘਰੇਲੂ ਕੰਮਾਂ ਵਿੱਚ ਵੀ ਔਰਤ ਮਰਦ ਬਰਾਬਰਤਾ ਦੀ ਗੱਲ ਕੀਤੀ। ਉਹਨਾਂ ਆਪਣੀਆਂ ਮੁਲਵਾਨ ਅਤੇ ਉਤਸ਼ਾਹ ਵਧਾਊ ਟਿੱਪਣੀਆਂ ਰਾਹੀਂ ਔਰਤ ਦੀ ਵਰਤਮਾਨ ਸਥਿਤੀ ਬਾਰੇ ਵੀ ਸੂਖਮ ਤੇ ਸੰਵੇਦਨਾ ਭਰਪੂਰ ਵਿਚਾਰ ਸਾਂਝੇ ਕੀਤੇ। ਉਹਨਾਂ ਵਿਸ਼ਵੀਕਰਨ ਦੇ ਦੌਰ ਵਿੱਚ ਨਾਰੀ ਆਜ਼ਾਦੀ ਦੇ ਨਵੇਂ ਅਰਥਾਂ ਬਾਰੇ ਵੀ ਚਰਚਾ ਕੀਤੀ। ਉਹਨਾਂ ਆਪਣੀ ਸਮਾਜਿਕ ਸੋਚ ਨੂੰ ਵਿਕਸਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਕਿਹਾ ਕਿ ਇਹ ਵੈਬੀਨਾਰ ਬੇਹੱਦ ਸਫ਼ਲ ਤੇ ਯਾਦਗਾਰੀ ਹੋਇਆ ਹੈ । ਸ. ਜਸਪਾਲ ਸਿੰਘ ਦੇਸੂਵੀ ਜੀ ਨੇ ਸਮੁੱਚੇ ਵੈਬੀਨਾਰ ਨੂੰ ਪ੍ਰਭਾਵਸ਼ਾਲੀ ਦੱਸਿਆ ਅਤੇ ਇਹਨਾਂ ਸਭ ਵਿਚਾਰਾਂ ਨੂੰ ਅਮਲੀ ਰੂਪ ਵਿੱਚ ਅਪਣਾਉਣ ਲਈ ਉਤਸ਼ਾਹਿਤ ਕਰਦਿਆ ਲੋੜਵੰਦ ਔਰਤਾਂ ਦੀ ਮਦਦ ਲਈ ਔਰਤਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਰਮਿੰਦਰ ਰੰਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਕਸਤ ਦੇਸ਼ਾਂ ਵਿੱਚ ਵੀ ਨਾਰੀ ਦੀਆਂ ਚੁਨੌਤੀਆਂ ਬਾਰੇ ਗੱਲ ਕੀਤੀ।ਇਸ ਪ੍ਰੋਗਰਾਮ ਵਿੱਚ ਵੱਖ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਭਾਗ ਲਿਆ। ਅਮਿੱਟ ਪੈੜਾਂ ਛੱਡਦਾ ਹੋਇਆ ਇਹ ਵੈਬੀਨਾਰ ਸਮਾਪਤ ਹੋਇਆ । ਇਹ ਰਿਪੋਰਟ ਪ੍ਰੋ ਕੁਲਜੀਤ ਜੀ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ , ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।