ਤਲਾਅ ਪੁਰ ਵਾਲੇ ਬਾਬੇ ਦੇ ਪੈਰੀਂ ਹੱਥ ਲਾਣ ਪਿੱਛੋਂ ਜੀਤੋ ਦੋਵੇਂ ਹੱਥ ਜੋੜ ਕੇ ਬਾਬੇ ਮੂਹਰੇ ਬੈਠ ਗਈ ਤੇ ਆਖਣ ਲੱਗੀ,” ਬਾਬਾ ਜੀ, ਮੇਰੇ ਘਰ ਬਹੂ ਆਈ ਨੂੰ ਦੋ ਸਾਲ ਹੋ ਗਏ ਆ। ਹਾਲੇ ਉਸ ਦੀ ਕੁੱਖ ਹਰੀ ਨਹੀਂ ਹੋਈ। ਤੁਹਾਡੇ ਘਰ ਕਾਦ੍ਹਾ ਘਾਟਾ ਆ। ਤੁਸੀਂ ਕਈਆਂ ਨੂੰ ਲਾਚੀਆਂ ਪੜ੍ਹ ਕੇ ਦਿੱਤੀਆਂ ਆਂ। ਹੁਣ ਉਨ੍ਹਾਂ ਦੇ ਘਰ ਬਾਲ ਖੇਡਦੇ ਆ। ਮੇਰੀ ਬਹੂ ਤੇ ਵੀ ਮਿਹਰ ਕਰ ਦਿਉ।”
ਬਾਬੇ ਨੇ ਪੰਜ ਲਾਚੀਆਂ ਆਪਣੀ ਜੇਬ ਵਿੱਚੋਂ ਕੱਢੀਆਂ ਤੇ ਹੱਥ ‘ਚ ਫੜ ਕੇ ਕੁੱਝ ਪੜ੍ਹਿਆ। ਲਾਚੀਆਂ ਜੀਤੋ ਦੇ ਹੱਥ ‘ਚ ਫੜਾਂਦਿਆਂ ਬਾਬੇ ਨੇ ਆਖਿਆ,” ਮਾਤਾ, ਇਹ ਲਾਚੀਆਂ ਲਉ। ਇੱਕ ਲਾਚੀ ਰੋਜ਼ ਬਹੂ ਨੂੰ ਖਾਣ ਲਈ ਦੇਣੀ ਆਂ। ਰੱਬ ਦੀ ਮਿਹਰ ਨਾਲ ਤੇਰੀ ਬਹੂ ਦੀ ਕੁੱਖ ਹਰੀ ਹੋ ਜਾਊਗੀ।”
ਜੀਤੋ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਬਾਬੇ ਨੂੰ ਇੱਕ ਵਾਰ ਫਿਰ ਮੱਥਾ ਟੇਕਿਆ ਤੇ ਘਰ ਨੂੰ ਤੁਰ ਪਈ।ਘਰ ਪਹੁੰਚ ਕੇ ਉਸ ਨੇ ਆਪਣੀ ਬਹੂ ਨੂੰ ਆਖਿਆ,” ਮਨਜਿੰਦਰ, ਆ ਫੜ ਲਾਚੀਆਂ। ਤਲਾਅ ਪੁਰ ਵਾਲੇ ਬਾਬੇ ਨੇ ਦਿੱਤੀਆਂ ਆਂ।”
” ਮੰਮੀ, ਮੈਂ ਇਨ੍ਹਾਂ ਨੂੰ ਕੀ ਕਰਾਂ?” ਮਨਜਿੰਦਰ ਨੇ ਆਖਿਆ।
” ਪੁੱਤ, ਇੱਕ ਲਾਚੀ ਰੋਜ਼ ਖਾਣੀ ਆਂ। ਤਲਾਅ ਪੁਰ ਵਾਲਾ ਬਾਬਾ ਕਹਿੰਦਾ ਸੀ ਕਿ ਇਹ ਲਾਚੀਆਂ ਖਾ ਕੇ ਤੇਰੀ ਕੁੱਖ ਹਰੀ ਹੋ ਜਾਊਗੀ।”
” ਮੰਮੀ, ਮੇਰੇ ਬੱਚਾ ਇਸ ਕਰਕੇ ਨਹੀਂ ਹੋਇਆ ਕਿਉਂਕਿ ਅਸੀਂ ਤੀਵੀਂ, ਆਦਮੀ ਨੇ ਪ੍ਰਹੇਜ਼ ਰੱਖਿਆ ਹੋਇਆ ਸੀ।”
” ਮੈਂ ਐਵੇਂ ਤਲਾਅ ਪੁਰ ਵਾਲੇ ਬਾਬੇ ਦੇ ਪੈਰੀਂ ਹੱਥ ਲਾਈ ਗਈ। ਜੇ ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ, ਮੈਂ ਉਸ ਕੋਲ ਕਦੇ ਨਾ ਜਾਂਦੀ। ਛੱਡ ਪਰੇ, ਨਾ ਖਾ ਲਾਚੀਆਂ।” ਜੀਤੋ ਨੂੰ ਲੱਗਾ ਜਿਵੇਂ ਉਹ ਤਲਾਅ ਪੁਰ ਵਾਲੇ ਬਾਬੇ ਕੋਲ ਜਾ ਕੇ ਬੜੀ ਵੱਡੀ ਭੁੱਲ ਕਰ ਆਈ ਹੋਵੇ।
![](https://i0.wp.com/worldpunjabitimes.com/wp-content/uploads/2023/11/IMG_20230924_1951094483.jpg?resize=920%2C1024&ssl=1)
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
Leave a Comment
Your email address will not be published. Required fields are marked with *