
ਮਿਲਾਨ, 20 ਨਵੰਬਰ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਮਾਗਦੀ ਕ੍ਰਿਸਤੀਆਨੋ ਆਲਮ ਵੱਲੋਂ ਲਿਖੀ ਕਿਤਾਬ “ਇਟਲੀ ਵਾਸਤੇ ਇੱਕ ਚਮਤਕਾਰ” ਦਾ ਘੁੰਡ ਚੁਕਾਈ ਅਤੇ ਸਨਮਾਨ ਸਮਾਰੋਹ ਡੈਮੋਕਰਾਸੀਆ ਕ੍ਰਿਸਤੀਆਨਾ ਸਤੋਰੀਕਾ,ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਅਤੇ ਬਰੇਸ਼ੀਆ ਦੇ ਕਮੂਨੇ ਦੇ ਸਹਿਯੋਗ ਨਾਲ ਓਦੋਲੋ ਵਿਖੇ ਕਰਵਾਇਆ ਗਿਆ। ਕਿਤਾਬ ਦੇ ਲੇਖਕ ਮਾਗਦੀ ਇਟਲੀ ਵਿੱਚ ਪ੍ਰਮੁੱਖ ਲਿਖਾਰੀ ਅਤੇ ਪੱਤਰਕਾਰ ਹੋਣ ਦੇ ਨਾਲ ਨਾਲ ਯੂਰਪ ਯੂਨੀਅਨ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਕਿਤਾਬ ਵਿੱਚ ਉਹਨਾਂ ਨੇ ਇਸਲਾਮ ਦੇ ਅਸਲ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਟਲੀ ਵਿੱਚ ਪਰਵਾਸ ਬਾਰੇ ਮਹੱਤਵਪੂਰਨ ਖੁਲਾਸੇ ਕੀਤੇ ਹਨ ਕਿ ਪਰਵਾਸ ਇਟਲੀ ਲਈ ਕਿਵੇਂ ਲਾਭਦਾਇਕ ਹੈ। ਇਸ ਤੋਂ ਇਲਾਵਾ ਬੱਚਿਆਂ ਅਤੇ ਔਰਤਾਂ ਦੇ ਹੱਕਾਂ ਦੀ ਗੱਲ ਵੀ ਇਸ ਕਿਤਾਬ ਵਿੱਚ ਜੋਰਦਾਰ ਤਰੀਕੇ ਨਾਲ ਕੀਤੀ ਗਈ ਹੈ।ਇਟਲੀ ਸਰਕਾਰ ਅਤੇ ਯੂਰਪ ਯੂਨੀਅਨ ਵੱਲੋਂ ਕਨੂੰਨ ਬਣਾਉਦੇੰ ਸਮੇਂ ਕੀਤੀਆਂ ਜਾਂਦੀਆਂ ਗਲਤੀਆਂ ਨੂੰ ਵੀ ਉਹਨਾਂ ਨੇ ਕਰੜੇ ਹੱਥੀਂ ਲਿਆ ਹੈ। ਇਟਲੀ ਦੇ ਬੀਤੇ ਸਮੇਂ ਅਤੇ ਭਵਿੱਖ ਬਾਰੇ ਵੀ ਇਸ ਕਿਤਾਬ ਵਿੱਚ ਜਾਣਕਾਰੀ ਦਿੱਤੀ ਹੈ। ਮਾਣਯੋਗ ਓਸਕਰ ਲਾਨਚਿਨੀ ਪਾਰਲਾਮੈਨਤਾਰੀਓ ਏਰੋਪੈਓ ਨੇ ਜਿੱਥੇ ਕਿਤਾਬ ਅਤੇ ਉਸਦੇ ਲੇਖਕ ਦੀ ਅਜਿਹੀ ਕਿਤਾਬ ਦੀ ਰਚਨਾ ਕਰਨ ਲਈ ਸਰਾਹਨਾ ਕੀਤੀ। ਉਥੇ ਹੀ ਉਹਨਾਂ ਨੇ ਇਟਲੀ ਦੀ ਸਿੱਖਿਆ ਪ੍ਰਣਾਲੀ ਤੇ ਵੀ ਸਵਾਲ ਚੁੱਕੇ ਜਿਵੇਂ ਕਿ ਸਕੂਲਾਂ ਦੇ ਵਿੱਚ ਡਾਕਟਰ ਇੰਜੀਨੀਅਰ ਅਤੇ ਵਕੀਲ ਬਣਨ ਦੀ ਪੜ੍ਹਾਈ ਤੇ ਜਿਆਦਾ ਜੋਰ ਦਿੱਤਾ ਜਾਂ ਰਿਹਾ ਹੈ ਜਦੋਂ ਕਿ ਸਾਨੂੰ ਤਕਨੀਕੀ ਸਿੱਖਿਆ ਦੇ ਜਿਆਦਾ ਜੋਰ ਦੇਣ ਦੀ ਜਰੂਰਤ ਹੈ ਅਤੇ ਤਕਨੀਕੀ ਖੇਤਰ ਵਿੱਚ ਵੱਧ ਤੋਂ ਵੱਧ ਨਵੀਆਂ ਖੋਜਾਂ ਕਰਨ ਦੀ ਜ਼ਰੂਰਤ ਹੈ। ਜਿਸ ਨਾਲ ਕੰਮ ਦੇ ਨਵੇਂ ਮੌਕੇ ਮਿਲਦੇ ਹਨ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਜਵਾਨਾਂ ਨੂੰ ਨਾਲ ਤੋਰਨ ਦੀ ਬਹੁਤ ਲੋੜ ਹੈ ਅਤੇ ਮਿਸਾਲ ਦੇ ਤੌਰ ਤੇ ਦੱਸਿਆ ਕਿ ਬੀਤੇ ਸਮੇਂ ਬਰੇਸ਼ੀਆ ਕਮੂਨੇ ਦੀਆਂ ਹੋਈਆਂ ਵੋਟਾਂ ਵਿੱਚ ਨੌਜਵਾਨਾ ਦੀ ਸ਼ਿਰਕਤ ਬਹੁਤ ਹੀ ਘੱਟ ਰਹੀ ਹੈ।ਨੌਜਵਾਨ ਚਿਹਰੇ ਰਾਜਨੀਤੀ ਵਿੱਚ ਆਉਣਾ ਪਸੰਦ ਨਹੀਂ ਕਰ ਰਹੇ ਹਨ। ਕਿਉਂਕਿ ਰਾਜਨੀਤਕਾਂ ਨੇ ਰਾਜਨੀਤੀ ਦੇ ਚਿਹਰੇ ਨੂੰ ਏਨਾ ਗੰਦਲਾ ਕਰ ਦਿੱਤਾ ਹੈ ਕਿ ਨੋਜਵਾਨ ਨਾਂ ਇਸਨੂੰ ਕਿੱਤੇ ਵੱਜੋਂ ਚੁਣਨਾ ਚਾਹੁੰਦੇ ਹਨ ਅਤੇ ਨਾਂ ਹੀ ਸੇਵਾ ਵੱਜੋਂ।ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਵੱਲੋਂ ਪ੍ਰਵਾਸ ਦੇ ਮੁੱਦੇ ਤੇ ਬੋਲਦਿਆਂ ਸ: ਹਰਬਿੰਦਰ ਸਿੰਘ ਧਾਲੀਵਾਲ ਹੁਣਾਂ ਨੇ ਕਿਹਾ ਕਿ ਪ੍ਰਵਾਸ ਇਕ ਦੇਸ਼ ਦਾ ਮੁੱਦਾ ਨਹੀਂ ਹੈ ,ਪ੍ਰਵਾਸ ਇਕ ਗਲੋਬਲ ਮੁੱਦਾ ਹੈ ਅਤੇ ਪ੍ਰਵਾਸੀ ਲੋਕ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਚਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਸਾਨੂੰ ਜ਼ਰੂਰਤ ਹੈ ਪਰਵਾਸੀਆਂ ਨਾਲ-ਮਿਲ ਕੇ ਕੁਝ ਚੀਜ਼ਾਂ ਸਿਖਣ ਅਤੇ ਸਿਖਾਉਣ ਦੀ ਕਿਉਂਕਿ ਵਿਚਾਰ-ਵਟਾਂਦਰੇ ਰਾਂਹੀ ਹੀ ਨਵੇਂ ਕੰਮ ਵਿਕਸਿਤ ਹੁੰਦੇ ਹਨ। ਧਰਮ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸਦਾ ਧਰਮ ਸਿਰਫ ਇਨਸਾਨੀਅਤ ਹੁੰਦਾ ਹੈ ਅਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਆਪਣੇ ਮੁੱਖ ਨਿਸ਼ਾਨੇ ਵੱਲ ਵੱਧਣ ਲਈ ਜੋ ਵੱਖ-ਵੱਖ ਰਸਤੇ ਹਨ।ਉਹਨਾਂ ਨੂੰ ਹੀ ਵੱਖ-ਵੱਖ ਧਰਮ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ ਇਟਾਲੀਅਨ ਮੁੱਖ ਟੀ.ਵੀ ਚੈਨਲਜ਼ ਅਤੇ ਅਖਬਾਰਾਂ ਦੇ ਪੱਤਰਕਾਰ ਵੀ ਹਾਜ਼ਰ ਸਨ। ਜਿਹਨਾਂ ਨੇ ਕਿਤਾਬ ਦੇ ਲੇਖਕ ਤੋਂ ਵੱਖ-ਵੱਖ ਮੁਦਿਆਂ ਤੇ ਸਵਾਲ ਕੀਤੇ। ਡੀ.ਸੀ.ਐਸ ਪਾਰਟੀ ਦੇ ਨੈਸ਼ਨਲ ਸੈਕਟਰੀ ਮਿ: ਫਰਾਂਕੋ ਫੇਰਾਰੀ ਨੇ ਸਭ ਮਹਿਮਾਨਾਂ,ਮੀਡੀਆ ਨਾਲ ਜੁੜੇ ਸਾਥੀਆਂ ਅਤੇ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਵੱਲੋਂ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਅਤੇ ਸ਼ਿਰਕਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਪ੍ਰੋਗਰਾਮ ਤੋਂ ਬਾਅਦ ਰਾਤ ਦੇ ਖਾਣੇ ‘ਤੇ ਵੱਖ-ਵੱਖ ਮੇਅਰ ਅਤੇ ਸਾਬਕਾ ਮੇਅਰ ਸਾਹਿਬਾਨਾਂ ਅਤੇ ਇਟਾਲੀਅਨ ਪੱਤਰਕਾਰ ਸਾਥੀਆਂ ਨਾਲ ਪ੍ਰੈਸ ਕਲੱਬ ਵੱਲੋ ਜਗਦੀਪ ਸਿੰਘ ਮੱਲ੍ਹੀ ਨੇ ਵਿਚਾਰਾਂ ਦੀ ਸਾਂਝ ਪਾਉਦਿਆਂ ਪੰਜਾਬੀ ਭਾਈਚਾਰੇ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਅਤੇ ਕੋਈ ਸਾਂਝੀ ਸੰਸਥਾ ਸਥਾਪਤ ਕਰਨ ਬਾਰੇ ਗੱਲਬਾਤ ਕੀਤੀ। ਉਮੀਦ ਹੈ ਭਵਿੱਖ ਵਿੱਚ ਇਸ ਗੱਲਬਾਤ ਦੇ ਸਾਰਥਕ ਸਿੱਟੇ ਨਿਕਲਣਗੇ। ਪਹਾੜੀ ਦੀ ਚੋਟੀ ‘ਤੇ ਇੱਕ ਰਮਣੀਕ ਸਥਾਨ ‘ਤੇ ਰੱਖਿਆ ਗਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਹੋਰਨਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਮੈਡਮ ਕਾਰਸੇਰੀ ਕਲਾਉਦੀਆ,ਮਿ: ਲੂਚੀ ਲੋਰੈਸੋ ਨੈਸ਼ਨਲ ਆਰਗੇਨਾਈਜ਼ਰ ਸੈਕਟਰੀ ਡੀ.ਸੀ.ਐਸ,ਰੋਬੈਰਤੋ ਪੀਚੋਲੀ ਸਾਬਕਾ ਮੇਅਰ,ਬਿਓਨੇ,ਲਿਓਨੀ ਫਰਾਂਕੋ,ਪ੍ਰੈੱਸ ਕਲੱਬ ਵੱਲੋਂ ਹਰਬਿੰਦਰ ਸਿੰਘ ਧਾਲੀਵਾਲ,ਜਗਦੀਪ ਸਿੰਘ ਮੱਲ੍ਹੀ,ਡੀ.ਸੀ.ਐਸ ਪਾਰਟੀ ਦੇ ਪ੍ਰਧਾਨ,ਵਾਇਸ ਪ੍ਰਧਾਨ ਅਤੇ ਬਾਕੀ ਮੁੱਖ ਅਹੁਦੇਦਾਰ ਅਤੇ ਪੁਲਿਸ ਅਤੇ ਕਾਰਾਬਿਨੀਏਰੀ ਪੁਲਿਸ ਦੇ ਅਫਸਰ ਸਾਹਿਬਾਨ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *