ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਲ 2023 ’ਚ ਕਣਕ ਦੀ ਫ਼ਸਲ ਦੇ ਹੋਏ ਕਥਿਤ ਨੁਕਸਾਨ ਦੀ ਭਰਪਾਈ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇੱਥੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਮਾਰਚ ਦੀ ਸਮਾਪਤੀ ਲਈ ਵਿਖਾਵਾਕਾਰੀਆਂ ਨੇ ਬਾਜਾ ਚੌਕ ਵਿੱਚ ਪਹੁੰਚ ਕੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦਾ ਪੁਤਲਾ ਸਾੜਿਆ। ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਦੋਸ਼ ਲਾਏ ਕਿ ‘ਆਪ’ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਵਾਅਦਾ-ਖ਼ਿਲਾਫ਼ੀ ਦੇ ਰਸਤੇ ਪੈ ਗਈ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਕਥਿਤ ਬਿਆਨ ਦਾ ਹਵਾਲਾ ਦਿੰਦਿਆਂ ਆਖਿਆ ਕਿ ‘ਜੇ ਕੁਦਰਤੀ ਆਫ਼ਤ ਨਾਲ ਫ਼ਸਲਾਂ ਦਾ ਨੁਕਸਾਨ ਹੋਵੇਗਾ, ਤਾਂ ਗਿਰਦੌਰੀਆਂ ਬਾਅਦ ’ਚ ਹੁੰਦੀਆਂ ਰਹਿਣਗੀਆਂ, ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ’। ਆਗੂਆਂ ਨੇ ਕਿਹਾ ਕਿ ਇਸ ਕਥਨੀ ਦੇ ਉਲਟ, ਕਣਕ ਦੀ ਫ਼ਸਲ ਦਾ ਨੁਕਸਾਨ ਹੋਏ ਨੂੰ ਨੌਂ ਮਹੀਨੇ ਬੀਤ ਗਏ ਹਨ ਪਰ ਕਿਸਾਨ ਅੱਜ ਵੀ ਸੜਕਾਂ ’ਤੇ ਮੁਆਵਜ਼ਾ ਲੈਣ ਲਈ ਠੰਢੀਆਂ ਰਾਤਾਂ ਕੱਟ ਰਹੇ ਹਨ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਮੰਗ ’ਤੇ ਜਲਦੀ ਗੌਰ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰੀ ਇਸ ਪ੍ਰਦਰਸ਼ਨ ਦੀ ਅਗਵਾਈ ਬਲਾਕ ਜੈਤੋ ਦੇ ਪ੍ਰਧਾਨ ਜਗਜੀਤ ਸਿੰਘ ਜੈਤੋ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਪਾਲ ਸਿੰਘ ਨੰਗਲ, ਨੱਥਾ ਸਿੰਘ ਰੋੜੀਕਪੂਰਾ, ਨਿਰਮਲ ਸਿੰਘ ਜਿਓਣਵਾਲਾ, ਬਲਵਿੰਦਰ ਸਿੰਘ ਮੱਤਾ, ਜਸਪ੍ਰੀਤ ਸਿੰਘ ਜੈਤੋ, ਹਰਪ੍ਰੀਤ ਸਿੰਘ, ਛਿੰਦਾ ਸਿੰਘ, ਚਰਨਜੀਤ ਸਿੰਘ, ਨਾਜ਼ਰ ਸਿੰਘ ਮੱਤਾ, ਜਸਵਿੰਦਰ ਸਿੰਘ ਮੋਰਾਂਵਾਲੀ, ਸੁਖਜੀਤ ਸਿੰਘ ਘੁਗਿਆਣਾ, ਜਸਵਿੰਦਰ ਸਿੰਘ ਭਾਗਥਲਾ ਆਦਿ ਨੇ ਵੀ ਸੰਬੋਧਨ ਕੀਤਾ।