ਅੱਜ ਐਤਵਾਰ ਦਾ ਦਿਨ ਹੋਣ ਕਰਕੇ ਮੈਂ ਸਕੂਲ ਨਹੀਂ ਗਿਆ। ਅਚਾਨਕ ਮੇਰੇ ਘਰ ਦਾ ਗੇਟ ਕਿਸੇ ਨੇ ਖੜਕਾਇਆ ਹੈ। ਮੈਂ ਗੇਟ ਖੋਲ੍ਹ ਕੇ ਵੇਖਿਆ , ਬਾਹਰ ਮੇਰਾ ਵੱਡਾ ਭਰਾ ਖੜ੍ਹਾ ਸੀ। ਉਹ ਪਿੰਡ ਤੋਂ ਮੇਰੀ ਪਤਨੀ ਬਲਜੀਤ ਦੀ ਖਬਰ ਲੈਣ ਆਇਆ ਸੀ, ਜੋ ਕਿ ਇੱਕ ਮਹੀਨੇ ਤੋਂ ਪੀਲੀਏ ਦੀ ਬੀਮਾਰੀ ਨਾਲ ਜੂਝ ਰਹੀ ਸੀ। ਮੈਂ ਉਸ ਨੂੰ ਆਪਣੀ ਪਤਨੀ ਬਲਜੀਤ ਕੋਲ ਬਿਠਾ ਕੇ ਉਸ ਲਈ ਚਾਹ, ਪਾਣੀ ਦਾ ਪ੍ਰਬੰਧ ਕਰਨ ਚਲਾ ਗਿਆ। ਉਸ ਨੇ ਬਲਜੀਤ ਤੋਂ ਉਸ ਦੀ ਬੀਮਾਰੀ ਤੇ ਚੱਲ ਰਹੇ ਡਾਕਟਰੀ ਇਲਾਜ ਬਾਰੇ ਪੁੱਛਿਆ। ਚਾਹ, ਪਾਣੀ ਦਾ ਪ੍ਰਬੰਧ ਕਰਨ ਪਿੱਛੋਂ ਮੈਂ ਉਸ ਕੋਲ ਆ ਕੇ ਬੈਠ ਗਿਆ। ਚਾਹ ਪੀਂਦਿਆਂ ਮੈਂ ਆਪਣੇ ਭਰਾ ਨੂੰ ਪੁੱਛਿਆ,” ਹੋਰ ਫਿਰ ਭਾਬੀ, ਜੀਤੇ ਤੇ ਕਮਲਜੀਤ ਦਾ ਕੀ ਹਾਲ ਆ? ਕਮਲਜੀਤ ਲਈ ਕੋਈ ਮੁੰਡਾ ਲੱਭਾ ਕਿ ਨਹੀਂ? ਉਹ ਤਾਂ 28 ਸਾਲ ਤੋਂ ਵੀ ਟੱਪ ਚੱਲੀ ਆ। ਇਹ ਉਸ ਦੇ ਵਿਆਹ ਦੀ ਸਹੀ ਉਮਰ ਆ।”
ਜਿਵੇਂ ਮੈਂ ਆਪਣੇ ਭਰਾ ਦੇ ਦਿਲ ਦੀ ਗੱਲ ਬੁੱਝ ਲਈ ਹੋਵੇ, ਉਹ ਇੱਕ ਦਮ ਬੋਲ ਉੱਠਿਆ,” ਮੈਂ ਬਲਜੀਤ ਦੀ ਖਬਰ ਲੈਣ ਆਇਆ ਸੀ। ਉਸ ਦਾ ਬਹੁਤ ਫਿਕਰ ਲੱਗਾ ਹੋਇਆ ਸੀ। ਅੱਜ ਕੱਲ੍ਹ ਬੀਮਾਰੀਆਂ ਬੜੀਆਂ ਭੈੜੀਆਂ, ਭੈੜੀਆਂ ਆ ਗਈਆਂ ਆਂ। ਨਾਲੇ ਮੈਂ ਆਖਿਆ ਤੈਨੂੰ ਦੱਸ ਆਵਾਂ ਕਿ ਕਮਲਜੀਤ ਦਾ ਰਿਸ਼ਤਾ ਬਡੇਸਰੋਂ ਪੱਕਾ ਹੋ ਗਿਆ ਆ। ਮੁੰਡਾ ਆਪਣੀ ਗੱਡੀ ਚਲਾਂਦਾ ਆ। ਅੱਜ ਕੱਲ੍ਹ ਨੌਕਰੀ ਲੱਗੇ ਮੁੰਡੇ ਕਿੱਥੇ ਮਿਲਦੇ ਆ?”
” ਇਹ ਤਾਂ ਬਹੁਤ ਚੰਗਾ ਹੋਇਆ। ਵਿਆਹ ਕਦੋਂ ਦਾ ਰੱਖਿਆ?”
” ਵਿਆਹ ਤੈਨੂੰ ਪੁੱਛ ਕੇ ਹੀ ਰੱਖਣਾ ਆਂ। ਨਾਲੇ ਤੈਨੂੰ ਪਤਾ
ਹੀ ਆ, ਮੇਰੇ ਕੋਲ ਕਿਹੜਾ ਵਿਆਹ ਜੋਗੇ ਪੈਸੇ ਆ। ਦਿਹਾੜੀਦਾਰਾਂ ਲਈ ਵਿਆਹ ਕਰਨੇ ਬੜੇ ਔਖੇ ਆ। ਮਹਿੰਗਾਈ ਨੇ ਸਭ ਦਾ ਲੱਕ ਤੋੜ ਛੱਡਿਆ ਆ।”
” ਵੀਰਿਆ, ਤੂੰ ਆਪ ਅੰਨਪੜ੍ਹ ਰਹਿ ਕੇ ਮੈਨੂੰ ਪੜ੍ਹਨ ਦਾ ਮੌਕਾ ਦਿੱਤਾ ਆ। ਤੇਰੇ ਕਰਕੇ ਮੈਂ ਚਾਰ ਅੱਖਰ ਪੜ੍ਹ ਕੇ ਸਕੂਲ ਟੀਚਰ ਲੱਗਾ ਆਂ। ਹੁਣ ਮੇਰਾ ਵੀ ਫਰਜ਼ ਬਣਦਾ ਆ ਕਿ ਮੈਂ ਤੇਰਾ ਖ਼ਿਆਲ ਰੱਖਾਂ। ਕਮਲਜੀਤ ਦੇ ਵਿਆਹ ਦਾ ਤੂੰ ਫਿਕਰ ਨਾ ਕਰੀਂ। ਉਸ ਦੇ ਵਿਆਹ ਤੇ ਜਿੰਨਾ ਖਰਚ ਆਵੇਗਾ, ਮੈਂ ਕਰਾਂਗਾ।”
ਮੇਰੀਆਂ ਗੱਲਾਂ ਸੁਣ ਕੇ ਮੇਰੇ ਭਰਾ ਨੂੰ ਲੱਗਾ ਜਿਵੇਂ ਮੈਂ ਫਿਕਰਾਂ ਦੀ ਪੰਡ ਉਸ ਦੇ ਸਿਰ ਤੋਂ ਲਾਹ ਦਿੱਤੀ ਹੋਵੇ। ਉਹ ਹੌਲਾ ਫੁੱਲ ਹੋ ਕੇ ਮੇਰੇ ਕੋਲੋਂ ਆਗਿਆ ਲੈ ਕੇ ਮੇਰੇ ਘਰ ਤੋਂ ਚਲਾ ਗਿਆ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554