ਮੇਰਾ ਨਾਮ ਵਿਭਾਸ ਤਿਵਾੜੀ ਹੈ। ਮੇਰੀ ਉਮਰ ਪੈਂਹਟ ਸਾਲ ਹੈ। ਮੈਂ ਪੈਂਤੀ ਸਾਲ ਸਰਕਾਰੀ ਨੌਕਰੀ ਕੀਤੀ ਹੈ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਇੱਕ ਕਰਮਚਾਰੀ ਸੱਠ ਸਾਲ ਦੀ ਉਮਰ ਵਿੱਚ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੁੰਦਾ ਹੈ। ਮੈਂ ਵੀ ਸਮੇਂ ਸਿਰ ਸੇਵਾਮੁਕਤ ਹੋ ਗਿਆ। ਇਸ ਲਈ ਪਿਛਲੇ ਪੰਜ ਸਾਲਾਂ ਤੋਂ ਮੇਰੇ ਕੋਲ ਕੋਈ ਕੰਮ ਨਹੀਂ ਹੈ। ਮੈਂ ਸਵੇਰ-ਸ਼ਾਮ ਪਾਰਕ ਵਿੱਚ ਸੈਰ ਕਰਦਾ ਹਾਂ। ਇਸ ਤੋਂ ਬਾਅਦ ਘਰੇ ਬੈਠ ਕੇ ਟੀ.ਵੀ. ਵੇਖਦਾ ਹਾਂ। ਫੇਸਬੁੱਕ ਅਤੇ ਵਟਸਐਪ ‘ਤੇ ਟਾਈਮ ਪਾਸ ਕਰਦਾ ਹਾਂ। ਜਦੋਂ ਤੱਕ ਮੈਂ ਨੌਕਰੀ ਵਿੱਚ ਸਾਂ, ਸਮੇਂ ਦਾ ਪਤਾ ਹੀ ਨਹੀਂ ਸੀ ਚਲਦਾ। ਹੁਣ ਸਮਾਂ ਬਿਤਾਉਣ ਲਈ ਬਹਾਨੇ ਲੱਭਣੇ ਪੈਣਗੇ। ਮੈਂ ਆਪਣੀ ਪੈਂਹਟ ਸਾਲਾਂ ਦੀ ਜ਼ਿੰਦਗੀ ਵਿੱਚ ਕਈ ਉਤਰਾਅ-ਚੜ੍ਹਾਅ ਦੇਖ ਚੁੱਕਾ ਹਾਂ। ਰਿਸ਼ਤਿਆਂ ਦੀ ਕੁੜੱਤਣ ਮੈਂ ਝੱਲੀ ਹੈ। ਨਫ਼ਰਤ, ਪਿਆਰ, ਵਿਸ਼ਵਾਸਘਾਤ ਅਤੇ ਸਮਰਪਣ … ਮੈਂ ਸਭ ਕੁਝ ਦੇਖਿਆ ਹੈ। ਉਨ੍ਹਾਂ ਅਨੁਭਵਾਂ ਨੂੰ ਟੁਕੜਿਆਂ-ਟੁਕੜਿਆਂ ਵਿੱਚ ਯਾਦ ਕਰਦਾ ਹਾਂ। ਯਾਦ ਕੀ ਕਰਦਾ ਹਾਂ, ਉਹ ਆਪਣੇ-ਆਪ ਦਿਮਾਗ਼ ਵਿੱਚ ਛਾਲਾਂ ਮਾਰਨ ਲੱਗਦੇ ਹਨ। ਉਂਜ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਉਦਾਸ ਯਾਦਾਂ ਨੂੰ ਦਿਮਾਗ ਵਿੱਚ ਨਾ ਆਉਣ ਦਿੱਤਾ ਜਾਵੇ। ਅਜਿਹੀਆਂ ਯਾਦਾਂ ਨੂੰ ਯਾਦਾਂ ਦੇ ਕਬਰਿਸਤਾਨ ਵਿੱਚ ਦਫ਼ਨ ਕਰ ਦੇਣਾ ਹੀ ਚੰਗਾ ਹੈ। ਪਰ ਇਹ ਹਮੇਸ਼ਾ ਆਪਣੇ ਵੱਸ ਵਿੱਚ ਨਹੀਂ ਹੁੰਦਾ।
ਪਤਾ ਨਹੀਂ ਕਿਉਂ ਅਚਾਨਕ ਦਿਮਾਗ ਦੇ ਕਿਸੇ ਕੋਨੇ ਵਿੱਚ ਛੁਪੀਆਂ ਕੁਝ ਯਾਦਾਂ ਹਲਚਲ ਕਰਨ ਲੱਗ ਜਾਂਦੀਆਂ ਹਨ। ਮੇਰੇ ਕੋਲ ਵਿਹਲ ਹੀ ਵਿਹਲ ਹੈ। ਫਿਰ ਮੈਂ ਉਨ੍ਹਾਂ ਯਾਦਾਂ ‘ਤੇ ਪਈ ਸਮੇਂ ਦੀ ਧੂੜ ਨੂੰ ਝਾੜਨ-ਪੂੰਝਣ ਲੱਗ ਪੈਂਦਾ ਹਾਂ। ਮੇਰੀਆਂ ਅੱਖਾਂ ਅੱਗੇ ਚੀਜ਼ਾਂ ਹੌਲੀ-ਹੌਲੀ ਸਪਸ਼ਟ ਹੋਣ ਲੱਗਦੀਆਂ ਹਨ। ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਦਿਮਾਗ਼ ਤੇ ਬਹੁਤ ਜ਼ੋਰ ਦੇਣ ਦੇ ਬਾਵਜੂਦ ਕਈ ਵਾਰ ਪੂਰੀ ਤਸਵੀਰ ਨਹੀਂ ਬਣ ਸਕਦੀ। ਲੱਗਦਾ ਹੈ ਕਿ ਦਿਮਾਗ ਦੀ ਸਿਆਹੀ ਵੀ ਸੁੱਕਣ ਲੱਗ ਪਈ ਹੈ।
ਇਨ੍ਹੀਂ ਦਿਨੀਂ ਮੈਂ ਆਪਣੇ ਉਨ੍ਹਾਂ ਦੋ ਮਿੱਤਰਾਂ ਨੂੰ ਯਾਦ ਕਰਨ ਲੱਗ ਪਿਆ ਹਾਂ, ਜਿਨ੍ਹਾਂ ਨਾਲ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਦੌਰਾਨ ਕੁਝ ਪਲ ਬਿਤਾਏ ਸਨ। ਪੰਤਾਲੀ ਸਾਲਾਂ ਦਾ ਲੰਬਾ ਸਮਾਂ ਹੋ ਗਿਆ ਹੈ। ਉਸ ਸਮੇਂ ਮੇਰੀ ਉਮਰ ਵੀਹ ਤੋਂ ਵੱਧ ਨਹੀਂ ਹੋਵੇਗੀ। ਇਸ ਦੇ ਬਾਵਜੂਦ ਹੁਣ ਉਨ੍ਹਾਂ ਨੂੰ ਭੁੱਲਣਾ ਥੋੜ੍ਹਾ ਦੁਖਦਾਈ ਹੁੰਦਾ ਜਾ ਰਿਹਾ ਹੈ। ਸਟੀਫਨ ਕਾਲੇ ਰੰਗ ਦਾ ਸੀ। ਉਹ ਮੇਰੇ ਨਾਲੋਂ ਕੱਦ ਵਿੱਚ ਇੱਕ-ਅੱਧ ਇੰਚ ਲੰਮਾ ਹੋਵੇਗਾ। ਯਾਨੀ ਲਗਭਗ ਪੰਜ ਫੁੱਟ ਸੱਤ ਇੰਚ ਦੇ ਨੇੜੇ-ਤੇੜੇ… ਪਰ ਸੋਹਣਾ ਸੀ। ਉਮਰ ਵਿੱਚ ਵੀ ਉਹ ਮੈਥੋਂ ਤਿੰਨ-ਚਾਰ ਸਾਲ ਵੱਡਾ ਹੀ ਸੀ। ਹਮੇਸ਼ਾ ਹੱਸਦਾ ਰਹਿੰਦਾ ਸੀ।
ਜਦੋਂ ਮੈਂ ਸਟੀਫਨ ਨੂੰ ਮਿਲਿਆ, ਉਦੋਂ ਲਗਭਗ ਗ੍ਰਾਮੋਫੋਨ ਦੇ ਰਿਕਾਰਡ ਇਕੱਠੇ ਕਰਨ ਦਾ ਜਨੂੰਨੀ ਹੱਦ ਤੱਕ ਸ਼ੌਕ ਸੀ। ਇਸ ਲਈ ਉਹ ਹਮੇਸ਼ਾ ਪੈਸਿਆਂ ਦੇ ਜੁਗਾੜ ਵਿੱਚ ਰਹਿੰਦਾ ਸੀ। ਰਿਕਾਰਡ ਪਲੇਅਰ ਉਸਦੀ ਮਾਸੀ ਨੇ ਤੋਹਫ਼ੇ ਵਜੋਂ ਦਿੱਤਾ ਸੀ। ਜਿਸ ਨੂੰ ਉਹ ‘ਮਿੰਨੀ ਆਂਟੀ’ ਕਹਿ ਕੇ ਬੁਲਾਉਂਦਾ ਸੀ। ਮਿੰਨੀ ਆਂਟੀ ਇੱਕ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਸਟੀਫਨ ਨੇ ਪੁਰਾਣੇ ਕਲਾਸਿਕ ਗੀਤਾਂ ਦੇ 25 ਤੋਂ ਵੱਧ ਰਿਕਾਰਡ ਖਰੀਦ ਲਏ ਸਨ। ਗਾਣੇ ਸੁਣਦਿਆਂ-ਸੁਣਦਿਆਂ ਉਸ ਦੀਆਂ ਅੱਖਾਂ ਬੰਦ ਰਹਿੰਦੀਆਂ ਤੇ ਉਹ ਹੌਲੀ-ਹੌਲੀ ਸਿਰ ਹਿਲਾਉਂਦਾ ਸੀ। ਜਿਵੇਂ ਕਿ ਉਹ ਸੰਗੀਤ ਦਾ ਬਹੁਤ ਵੱਡਾ ਜਾਣਕਾਰ ਹੋਵੇ। ਮੈਂ ਦਸੰਬਰ ਦੇ ਮਹੀਨੇ ਸਟੀਫਨ ਨੂੰ ਮਿਲਿਆ ਸਾਂ। ਇਸ ਮਹੀਨੇ ਦੌਰਾਨ, ਈਸਾਈਆਂ ਦਾ ਇੱਕ ਗਰੁੱਪ ਮੇਰੇ ਮਹੱਲੇ ਵਿੱਚੋਂ ਸੰਗੀਤਕ ਸਾਜ਼ਾਂ ਨਾਲ ਗੀਤ ਗਾਉਂਦਾ ਹੋਇਆ ਲੰਘਦਾ ਸੀ। ਸਵੇਰੇ ਪੰਜ ਵਜੇ ਦੇ ਕਰੀਬ… ਦਰਜਨ ਭਰ ਲੋਕਾਂ ਦਾ ਇਹ ਟੋਲਾ ਸਟ੍ਰੀਟ ਲਾਈਟ ਵਿੱਚ ਯਿਸੂ ਦੇ ਭਜਨ ਗਾਉਂਦਾ ਸੀ। ਉਨ੍ਹਾਂ ਦਾ ਇਹ ਸਿਲਸਿਲਾ ਕ੍ਰਿਸਮਸ ਦੀ ਪੂਰਵ-ਸ਼ਾਮ ਤੱਕ ਜਾਰੀ ਰਹਿੰਦਾ। ਹਰ ਕਿਸੇ ਕੋਲ ਕੋਈ ਨਾ ਕੋਈ ਸਾਜ਼ ਹੁੰਦਾ। ਸਿਰਫ ਇੱਕ ਸਟੀਫਨ ਸੀ, ਜੋ ਸਰਫ਼ ਤਾੜੀਆਂ ਹੀ ਵਜਾਉਂਦਾ ਸੀ। ਸ਼ਰਧਾ-ਭਾਵ ਨਾਲ ਝੂਮਦੇ ਗਰੁੱਪ ਵਿੱਚ ਉਹ ਬਿਲਕੁਲ ਵੱਖਰਾ ਨਜ਼ਰ ਆਉਂਦਾ ਸੀ। ਸ਼ਾਇਦ ਇਸੇ ਕਰਕੇ ਮੈਨੂੰ ਉਸਦਾ ਚਿਹਰਾ ਯਾਦ ਸੀ। ਹਾਂ, ਨਾਂ ਕੁਝ ਸਮੇਂ ਬਾਅਦ ਪਤਾ ਲੱਗਿਆ ਸੀ।
ਹੋਲੀ ਤੋਂ ਕੁਝ ਦਿਨ ਪਹਿਲਾਂ ਮੈਂ ਉਸ ਨੂੰ ਇੱਕ ਸਰਕਾਰੀ ਰਾਸ਼ਨ ਦੀ ਦੁਕਾਨ ‘ਤੇ ਮਿਲਿਆ ਸਾਂ। ਦੁਕਾਨ ‘ਤੇ ਲੰਬੀ ਲਾਈਨ ਲੱਗੀ ਹੋਈ ਸੀ। ਹੋਲੀ ਦੇ ਤਿਉਹਾਰ ਦੀ ਵਾਧੂ ਖੰਡ ਜੋ ਮਿਲਣੀ ਸੀ। ਅਜਿਹੀ ਹਾਲਤ ‘ਚ ‘ਜੁਗਾੜ’ ਦੀ ਨੀਤੀ ਅਪਣਾਉਂਦੇ ਹੋਏ ਮੈਂ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ, ਜੋ ਅੱਗੇ ਖੜ੍ਹਾ ਹੋਵੇ ਅਤੇ ਜਿਸ ਕੋਲ ਸਿਰਫ਼ ਆਪਣਾ ਕਾਰਡ ਹੋਵੇ। ਦੁਕਾਨਦਾਰ ਇੱਕ ਵਿਅਕਤੀ ਤੋਂ ਸਿਰਫ਼ ਦੋ ਕਾਰਡ ਹੀ ਲੈਂਦਾ ਸੀ। ਮੈਨੂੰ ਬਹੁਤ ਨਿਰਾਸ਼ਾ ਹੋਈ ਕਿ ਅੱਗੇ ਖੜ੍ਹੇ ਲੋਕਾਂ ਵਿੱਚੋਂ ਕੋਈ ਵੀ ਮੈਨੂੰ ਜਾਣਦਾ ਨਹੀਂ ਸੀ। ਫਿਰ ਮੇਰੀਆਂ ਨਜ਼ਰਾਂ ਸਟੀਫਨ ਨਾਲ ਮਿਲੀਆਂ ਅਤੇ ਉਸਨੇ ਮੁਸਕਰਾ ਕੇ ਮੈਨੂੰ ਨੇੜੇ ਆਉਣ ਦਾ ਇਸ਼ਾਰਾ ਕੀਤਾ, “ਆਪਣਾ ਰਾਸ਼ਨ ਕਾਰਡ ਮੈਨੂੰ ਫੜਾ ਦੇ, ਹੁਣ ਲਾਈਨ ਵਿੱਚ ਖੜ੍ਹੇ ਹੋਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜਦੋਂ ਤੱਕ ਤੂੰ ਖਿੜਕੀ ਕੋਲ ਪਹੁੰਚੇਂਗਾ, ਦੁਕਾਨ ਬੰਦ ਹੋ ਜਾਵੇਗੀ।”
ਉਹ ਅੱਗੇ ਤੋਂ ਪੰਜਵੇਂ ਨੰਬਰ ‘ਤੇ ਖੜ੍ਹਾ ਸੀ। ਦੁਕਾਨ ਦੀ ਖਿੜਕੀ ਦੇ ਬਿਲਕੁਲ ਨੇੜੇ… ਮੈਂ ਤੁਰੰਤ ਉਸ ਨੂੰ ਕਾਰਡ ਦੇ ਦਿੱਤਾ। ਖੰਡ ਕੁਝ ਸਮੇਂ ਵਿੱਚ ਹੀ ਮਿਲ ਗਈ ਸੀ। ਮੈਂ ਉਹਦਾ ਧੰਨਵਾਦ ਕੀਤਾ।
ਮੈਂ ਉਸਨੂੰ ਦੱਸਿਆ, “ਤੁਹਾਨੂੰ ਕ੍ਰਿਸਮਸ ਦੇ ਸਮੇਂ ਪ੍ਰਾਰਥਨਾ ਗਰੁੱਪ ਨਾਲ ਵੇਖਿਆ ਹੈ।”
ਉਸ ਨੇ ਹੱਸਦਿਆਂ ਹੋਏ ਕਿਹਾ ਸੀ, “ਇੰਨੀ ਠੰਢ ਵਿੱਚ ਸਵੇਰੇ-ਸਵੇਰੇ ਰਜ਼ਾਈ ਵਿੱਚੋਂ ਨਿਕਲਣਾ ਭਲਾ ਕਿਸਨੂੰ ਪਸੰਦ ਹੈ? ਪਰ ਮਾਂ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ ਸੀ। ਇਸ ਲਈ ਮੈਨੂੰ ਅਣਮੰਨੇ ਮਨ ਨਾਲ ਜਾਣਾ ਪੈਂਦਾ ਸੀ। ਮਾਂ ਖੁਸ਼ ਹੋ ਜਾਂਦੀ ਸੀ… । ਤੁੂੰ ਸੇਂਟ ਐਂਡਰਿਊਜ਼ ਕਾਲਜ ਵਿੱਚ ਪੜ੍ਹਦਾ ਹੈਂ? ਮੈਂ ਤੈਨੂੰ ਕਾਲਜ ਵਿਚ ਮੰਮੀ ਨਾਲ ਚਰਚ ਜਾਂਦੇ ਸਮੇਂ ਦੇਖਿਆ ਹੈ।” ਮੈਨੂੰ ਖੁਸ਼ੀ ਹੋਈ ਕਿ ਉਹ ਵੀ ਮੈਨੂੰ ਜਾਣਦਾ ਹੈ।
ਇਹ ਸਾਡੀ ਰਸਮੀ ਮੁਲਾਕਾਤ ਸੀ ਅਤੇ ਅਸੀਂ ਜਾਣੂ ਹੋ ਗਏ ਸਾਂ। ਦੂਜੀ ਮੁਲਾਕਾਤ ਉਸਦੀ ਮਾਂ ਦੇ ਬੁਟੀਕ ‘ਤੇ ਹੋਈ ਸੀ। ਛੋਟੀ ਭੈਣ ਨੂੰ ਲੈ ਕੇ ਗਿਆ ਸਾਂ। ਉਹਦੇ ਕੱਪੜੇ ਸਿਵਾਉਣੇ ਸਨ। ਮੈਂ ਸਟੀਫਨ ਨੂੰ ਕਾਊਂਟਰ ‘ਤੇ ਬੈਠਿਆਂ ਦੇਖਿਆ। ਸਾਹਮਣੇ ਇੱਕ ਅੱਧਖੜ ਉਮਰ ਦੀ ਔਰਤ ਖੜ੍ਹੀ ਸੀ। ਜਿਸ ਨੂੰ ਉਹ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਦੀ ਨਜ਼ਰ ਮੇਰੇ ‘ਤੇ ਪਈ ਅਤੇ ਮੁਸਕਰਾ ਕੇ ਮੇਰਾ ਸੁਆਗਤ ਕੀਤਾ, “ਹਾਇ ਵਿਭਾਸ, ਕੀ ਹਾਲ ਹੇੈ…? ਚੰਗਾ ਹੋਇਆ ਕਿ ਤੂੰ ਆ ਗਿਆ। ਇਹ ਮੇਰੇ ਮਿੰਨੀ ਆਂਟੀ ਹਨ। ਮੇਰੀ ਮਾਂ ਦੀ ਛੋਟੀ ਭੈਣ…। ਦੋਵੇਂ ਭੈਣਾਂ ਮਿਲ ਕੇ ਮੈਨੂੰ ਪਾਗਲ ਕਰਨ ਲੱਗ ਪਈਆਂ ਹਨ। ਆਂਟੀ, ਇਹ ਮੇਰਾ ਦੋਸਤ ਵਿਭਾਸ ਹੈ।”
ਮਿੰਨੀ ਆਂਟੀ ਨੇ ਹੱਸ ਕੇ ਕਿਹਾ, “ਤੂੰ ਇਹਦੇ ਜਾਲ ਵਿੱਚ ਕਿਵੇਂ ਫਸ ਗਿਆ? ਸਾਵਧਾਨ ਰਹੀਂ … ਇਹ ਮੁੰਡਾ ਜਮਾਂਦਰੂ ਪਾਗਲ ਹੈ ਅਤੇ ਦੋਸ਼ ਸਾਡੇ ‘ਤੇ ਲਾ ਰਿਹਾ ਹੈ।” ਫਿਰ ਅਚਾਨਕ ਜਿਵੇਂ ਉਨ੍ਹਾਂ ਨੂੰ ਕੁਝ ਯਾਦ ਆਇਆ, “ਠੀਕ ਹੈ ਬੱਚੇ, ਮੈਂ ਜਾ ਰਹੀ ਹਾਂ। ਮੇਰੀ ਡਿਊਟੀ ਦਾ ਸਮਾਂ ਹੋ ਗਿਆ ਹੈ। ਆਪਣਾ ਅਤੇ ਮੰਮੀ ਦਾ ਧਿਆਨ ਰੱਖੀਂ।” ਮਿੰਨੀ ਆਂਟੀ ਨੇ ਸਟੀਫਨ ਦੇ ਸਿਰ ਤੇ ਹੱਥ ਰੱਖਿਆ ਅਤੇ ਕੁਝ ਬੁੜਬੁੜਾਈ। ਸ਼ਾਇਦ ਉਹ ਰੱਬ ਅੱਗੇ ਉਸ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੀ ਸੀ।
ਮੈਨੂੰ ਸਟੀਫਨ ਚੰਗਾ ਲੱਗਿਆ। ਉਸਨੇ ਮੈਨੂੰ ਦੋਸਤ ਕਿਹਾ ਸੀ ਅਤੇ ਹੌਲੀ-ਹੌਲੀ ਅਸੀਂ ਸੱਚਮੁੱਚ ਅਨਫ਼ਾਰਮਲ ਹੋ ਗਏ।
ਉਸਦਾ ਪੂਰਾ ਨਾਂ ਸਮੀਰ ਸਟੀਫਨ ਸੀ। ਆਂਟੀ ਤੇ ਮਾਂ ਉਸ ਨੂੰ ‘ਸਿੱਪੂ’ ਕਹਿ ਕੇ ਬੁਲਾਉਂਦੇ ਸਨ। ਉਸਨੇ 10ਵੀਂ ਤੋਂ ਬਾਅਦ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਉਸਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ। ਉਸਦੀ ਮਾਂ ਦੀ ਲੇਡੀਜ਼ ਟੇਲਰਜ਼ ਦੀ ਦੁਕਾਨ ਸੀ, ਜਿਸ ਨੂੰ ਉਹ ‘ਬੁਟੀਕ ਸ਼ਾਪ’ ਕਹਿੰਦੇ ਸਨ। ਸਟੀਫਨ ਆਪਣੀ ਮਾਂ ਦੀ ਮਦਦ ਕਰਨ ਲੱਗ ਪਿਆ ਸੀ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਸਟੀਫਨ ਨਾਲ ਦੋਸਤੀ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਈ ਵਾਰ ਮਿਲਿਆ। ਸੱਚਮੁੱਚ ਉਹ ਇੱਕ ਪਿਆਰੀ ਮਾਂ ਸੀ। ਮੈਨੂੰ ਦੇਖਦੇ ਹੀ ਉਨ੍ਹਾਂ ਦਾ ਚਿਹਰਾ ਚਮਕ ਉੱਠਦਾ ਸੀ। ਮੈਂ ਸਟੀਫਨ ਦਾ ਇਕਲੌਤਾ ਦੋਸਤ ਸੀ, ਜੋ ਕਾਲਜ ਪੜ੍ਹਨ ਜਾਂਦਾ ਸੀ। ਸ਼ਾਇਦ ਉਹ ਚਾਹੁੰਦੀ ਸੀ ਕਿ ਉਸਦਾ ਪੁੱਤਰ ਵੀ ਖੂਬ ਪੜ੍ਹੇ-ਲਿਖੇ। ਪਰ ਅਜਿਹਾ ਨਹੀਂ ਹੋ ਸਕਿਆ।
ਸਟੀਫਨ ਨਾਲ ਲਗਭਗ ਰੋਜ਼ ਹੀ ਮੁਲਾਕਾਤ ਹੋ ਜਾਂਦੀ ਸੀ। ਉਸਦੇ ਘਰ, ਬੁਟੀਕ ਸ਼ਾਪ ਜਾਂ ਫਿਰ ਬਰਗਦੀ ਦੀ ਚਾਹ ਦੀ ਦੁਕਾਨ ਤੇ… ਉਨ੍ਹੀਂ ਦਿਨੀਂ ਉਹਨੂੰ ਪ੍ਰੇਮ-ਰੋਗ ਲੱਗਿਆ ਹੋਇਆ ਸੀ। ਸਟੀਫਨ ਨੇ ਮੈਨੂੰ ਉਸ ਕੁੜੀ ਨਾਲ ਮਿਲਾਇਆ। ਉਹ ਪਤਲੀ ਜਿਹੀ ਕੁੜੀ ਸੀ, ਜਿਸਦਾ ਨਾਮ ਰੀਟਾ ਚਾਰਲਸ ਸੀ। ਮੈਨੂੰ ਉਹ ਕੁਪੋਸ਼ਣ ਦੀ ਮਰੀਜ਼ ਜਾਪਦੀ ਸੀ। ਦੋਹਾਂ ਦੀ ਸ਼ਖਸੀਅਤ ‘ਚ ਜ਼ਮੀਨ-ਅਸਮਾਨ ਦਾ ਫਰਕ ਸੀ। ਇਸ ਦੇ ਬਾਵਜੂਦ ਸਮੀਰ ਰੀਟਾ ਬਾਰੇ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਦੁਨੀਆਂ ਦੀ ਸਭ ਤੋਂ ਖੂਬਸੂਰਤ ਕੁੜੀ ਰੀਟਾ ਹੀ ਹੋਵੇ। ਸ਼ਾਇਦ ਇਸੇ ਲਈ ਮੈਨੂੰ ਸਮੀਰ ਦੀ ਪ੍ਰੇਮਿਕਾ ਦਾ ਨਾਂ ਅੱਜ ਵੀ ਯਾਦ ਹੈ।
ਓਹ ਤੇਰੀ… ਮੈਂ ਸਮੀਰ ਸਟੀਫਨ ਦੇ ਦੁਆਲੇ ਹੀ ਘੁੰਮਦਾ ਰਿਹਾ। ਦੂਜੇ ਮਿੱਤਰ ਨੂੰ ਭੁੱਲ ਹੀ ਗਿਆ। ਦੂਜੇ ਮਿੱਤਰ ਦਾ ਨਾਂ ਰਮਿੰਦਰ ਸਿੰਘ ਰਾਵਤ ਸੀ। ਰਮਿੰਦਰ ਸਟੀਫਨ ਦਾ ਦੋਸਤ ਸੀ। ਦੋਹਾਂ ਵਿਚ ਖੂਬ ਬਣਦੀ ਸੀ। ਰਮਿੰਦਰ ਨੇ ਮੈਨੂੰ ਵੀ ਦੋਸਤ ਵਜੋਂ ਸਵੀਕਾਰ ਕਰ ਲਿਆ ਸੀ। ਦੋਵੇਂ ਬੜੇ ਮਸਤ ਰਹਿੰਦੇ ਸਨ। ਰਮਿੰਦਰ ਨੇ ਇੱਕ ਵਾਰ ਮੈਨੂੰ ਕਿਹਾ ਸੀ, “ਕੀ ਯਾਰ, ਤੂੰ ਆਪਣਾ ਮੂੰਹ ਸੁਸਤ ਜਿਹਾ ਲਟਕਾਈ ਰੱਖਦਾ ਹੈਂ? ਸਾਡੇ ਵਾਂਗ ਰਿਹਾ ਕਰ। ਉਹ ਕਹਿੰਦੇ ਹਨ ਨਾ – ਮਸਤਰਾਮ ਮਸਤੀ ਮੇਂ… ਆਗ ਲਗੇ ਬਸਤੀ ਮੇਂ…।” ਇਸ ਤੋਂ ਬਾਅਦ ਦੋਵੇਂ ਕਾਫੀ ਦੇਰ ਤੱਕ ਹੱਸਦੇ ਰਹੇ।
ਰਮਿੰਦਰ ਸਾਡੇ ਦੋਵਾਂ ਨਾਲੋਂ ਆਰਥਿਕ ਤੌਰ ‘ਤੇ ਮਜ਼ਬੂਤ ਪਰਿਵਾਰ ਦਾ ਲੜਕਾ ਸੀ। ਉਸ ਦੇ ਪਿਤਾ ਇੱਕ ਪ੍ਰਸ਼ਾਸਨਿਕ ਅਧਿਕਾਰੀ ਸਨ। ਉਹ ਇੱਕ ਬੰਗਲੇ ਵਿੱਚ ਰਹਿੰਦਾ ਸੀ। ਉਸ ਜ਼ਮਾਨੇ ਵਿੱਚ ਉਸ ਦੇ ਘਰ ਇਕ ਕਾਲੇ ਰੰਗ ਦੀ ਐਂਬੈਸਡਰ ਖੜ੍ਹੀ ਹੁੰਦੀ ਸੀ। ਮੈਂ ਦੂਰੋਂ ਉਹਦੇ ਪਿਤਾ ਨੂੰ ਦੇਖਿਆ ਸੀ। ਉਹ ਇੱਕ ਗੋਰੀ ਚਮੜੀ ਵਾਲੇ ਅੰਗਰੇਜ਼ ਵਾਂਗ ਛੇ ਫੁੱਟ ਤੋਂ ਵੱਧ ਲੰਮੇ ਸਨ। ਉਹ ਆਕਰਸ਼ਕ ਸ਼ਖਸੀਅਤ ਦੇ ਮਾਲਕ ਸਨ। ਉਸਦਾ ਘਰ ਕਾਫੀ ਵੱਡਾ ਸੀ। ਸਮੀਰ ਦੀ ਉਸ ਨਾਲ ਬਹੁਤ ਪੁਰਾਣੀ ਦੋਸਤੀ ਸੀ। ਦੋਵੇਂ 10ਵੀਂ ਤੋਂ ਬਾਅਦ ਅੱਗੇ ਨਹੀਂ ਪੜ੍ਹ ਸਕੇ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਪੜ੍ਹਾਈ-ਲਿਖਾਈ ਵਿਚ ਦਿਲਚਸਪੀ ਨਹੀਂ ਸੀ।
ਰਮਿੰਦਰ ਨੇ ਹੱਸ ਕੇ ਕਿਹਾ ਸੀ, “ਓਏ ਯਾਰ… ਮੈਨੂੰ ਦਸਵੀਂ ਪਾਸ ਕਰਨ ‘ਚ ਹੀ ਤਿੰਨ ਸਾਲ ਲੱਗ ਗਏ। ਤੂੰ ਕਦੇ ਫੇਲ੍ਹ ਨਹੀਂ ਹੋਇਆ ਹੋਣਾ। ਇਸ ਲਈ ਤੂੰ ਫੇਲ੍ਹ ਹੋਣ ਦਾ ਦਰਦ ਨਹੀਂ ਸਮਝ ਸਕੇਂਗਾ। ਇੱਕ ਤਾਂ ਫੇਲ੍ਹ ਹੋਣ ਦਾ ਦਰਦ ਅਤੇ ਫਿਰ ਘਰ ਦਿਆਂ ਦਾ ਤਾਅਨੇ ਮਾਰਦੇ ਹੋਏ ਲੂਣ ਛਿੜਕਣਾ … ਸਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਮੇਰੇ ਭਰਾਵਾ… ਮੈਂ ਇਸ ਲਈ ਝੰਜਟ ਹੀ ਮੁਕਾ ਦਿੱਤਾ। ਸਾਲਾ, ਨਾ ਰਹੇਗਾ ਬਾਂਸ, ਨਾ ਰਹੇਗੀ ਬੰਸਰੀ …”
ਸਟੀਫਨ ਬਿਨਾਂ ਕਿਸੇ ਕਾਰਨ ਮੁਸਕਰਾ ਰਿਹਾ ਸੀ।
ਦੋਵੇਂ ਸਿਗਰਟ ਪੀਂਦੇ ਸਨ ਅਤੇ ਸ਼ਾਮ ਨੂੰ ਬਰਗਦੀ ਦੀ ਦੁਕਾਨ ‘ਤੇ ਬੈਠ ਕੇ ਗੱਪਾਂ ਮਾਰਦੇ ਸਨ। ਰਮਿੰਦਰ ਦੀ ਸ਼ਖਸੀਅਤ ਵੀ ਆਪਣੇ ਪਿਤਾ ਵਰਗੀ ਸੀ। ਪਰ ਉਸ ਦੀ ਸ਼ਖ਼ਸੀਅਤ ਉਨ੍ਹਾਂ ਵਰਗੀ ਸੁਘੜ ਨਹੀਂ ਸੀ। ਉਹ ਬਹੁਤ ਹੀ ਰਫ਼-ਟਫ਼ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਹਮਲਾਵਰ ਹੋ ਜਾਂਦਾ ਸੀ। ‘ਫੁੰਤੜੂ’ ਸ਼ਬਦ ਦਾ ਖੋਜੀ ਵੀ ਉਹੀ ਸੀ। ਉਸਨੇ ਕਦੇ ਨਹੀਂ ਦੱਸਿਆ ਕਿ ਉਸਨੂੰ ਇਹ ਸ਼ਬਦ ਕਿੱਥੋਂ ਮਿਲਿਆ ਸੀ। ਪਰ ਅਸੀਂ ਖ਼ੁਸ਼ੀ-ਖ਼ੁਸ਼ੀ ਇਹ ਖ਼ਿਤਾਬ ਸਵੀਕਾਰ ਕਰ ਲਿਆ ਸੀ।
ਰਮਿੰਦਰ ਦਾ ਆਪਣੇ ਪਿਤਾ ਨਾਲ 36 ਦਾ ਅੰਕੜਾ ਸੀ। ਪਿਓ-ਪੁੱਤਰ ਵਿੱਚ ਕੋਈ ਗੱਲਬਾਤ ਨਹੀਂ ਸੀ। ਜਦੋਂ ਤੋਂ ਉਸਦਾ ਛੋਟਾ ਭਰਾ ਮਰਚੈਂਟ ਨੇਵੀ ਵਿੱਚ ਭਰਤੀ ਹੋਇਆ ਸੀ, ਉਸਦੇ ਪਿਤਾ ਨੇ ਉਸਨੂੰ ਪੱਕੇ ਤੌਰ ‘ਤੇ ਨਿਕੰਮਾ ਕਰਾਰ ਦੇ ਦਿੱਤਾ ਸੀ। ਉਂਜ ਤਾਂ ਰਮਿੰਦਰ ਹਰ ਗ਼ਮ ਨੂੰ ਸਿਗਰਟ ਦੇ ਧੂੰਏਂ ਵਿੱਚ ਉਡਾ ਦਿੰਦਾ ਸੀ। ਪਰ ਕਈ ਵਾਰ ਉਸ ਦੇ ਘਰਦਿਆਂ ਦੀ ਕੋਈ ਗੱਲ ਉਸ ਨੂੰ ਵੀ ਦੁਖੀ ਕਰ ਦਿੰਦੀ ਸੀ, “ਦੇਖੋ ਬਈ, ਮੇਰਾ ਕੋਈ ਕਸੂਰ ਨਹੀਂ, ਮੈਂ ਕੋਈ ਆਪਣੇ ਮਾਂ-ਬਾਪ ਨੂੰ ਜਨਮ ਦੇਣ ਲਈ ਥੋੜ੍ਹੋ ਕਿਹਾ ਸੀ, ਹੁਣ ਤੁਸੀਂ ਇੱਕ ਨਿਕੰਮੇ ਨੂੰ ਜਨਮ ਦੇ ਹੀ ਦਿੱਤਾ ਹੈ, ਤਾਂ ਇਸ ਨੂੰ ਝੱਲੋ…। ਮੇਰੇ ਤੇ ਵਾਰ-ਵਾਰ ਇਲਜ਼ਾਮ ਕਿਉਂ ਲਗਾਉਂਦੇ ਹੋ…?”
ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਮੈਂ ਉਨ੍ਹਾਂ ਦਿਨਾਂ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਰਿਹਾ ਸਾਂ। ਪੜ੍ਹਾਈ-ਲਿਖਾਈ ਵਿੱਚ ਔਸਤ ਸਾਂ। ਪਰ ਪਿਤਾ ਜੀ ਨੂੰ ਮੇਰੇ ਤੋਂ ਬਹੁਤ ਉਮੀਦਾਂ ਸਨ। ਉਹ ਚਾਹੁੰਦੇ ਸਨ ਕਿ ਮੈਂ ਆਪਣੀ ਪੜ੍ਹਾਈ ਜਲਦੀ ਖਤਮ ਕਰਾਂ ਅਤੇ ਦੋ ਰੁਪਏ ਕਮਾਉਣ ਲੱਗ ਜਾਵਾਂ। ਇਸ ਗੱਲ ਮੈਨੂੰ ਵੀ ਪਤਾ ਸੀ। ਇਹੀ ਕਾਰਨ ਸੀ ਕਿ ਮੈਂ ਸਮੀਰ ਅਤੇ ਰਮਿੰਦਰ ਵਾਂਗ ਇੱਕ ਮਸਤ ਜ਼ਿੰਦਗੀ ਜੀਣ ਦੀ ਹਾਲਤ ਵਿੱਚ ਨਹੀਂ ਸਾਂ।
ਮੇਰੇ ਪਿਤਾ ਜੀ ਉਸੇ ਫੈਕਟਰੀ ਵਿੱਚ ਇਲੈਕਟ੍ਰੀਸ਼ੀਅਨ ਸਨ, ਜਿਸ ਵਿੱਚ ਰਮਿੰਦਰ ਦੇ ਪਿਤਾ ਇੱਕ ਪ੍ਰਸ਼ਾਸਨਿਕ ਅਧਿਕਾਰੀ ਸਨ। ਸਟੀਫਨ ਦੇ ਪਿਤਾ ਨਹੀਂ ਸਨ। ਉਸਨੇ ਕਦੇ ਵੀ ਆਪਣੇ ਪਿਤਾ ਬਾਰੇ ਕੋਈ ਗੱਲ ਨਹੀਂ ਕੀਤੀ। ਪਰਿਵਾਰ ਵਿੱਚ ਮਾਂ-ਪੁੱਤ ਹੀ ਸਨ। ਮਿੰਨੀ ਆਂਟੀ ਹਸਪਤਾਲ ਦੇ ਸਟਾਫ ਕੁਆਰਟਰ ਵਿੱਚ ਰਹਿੰਦੀ ਸੀ। ਰਮਿੰਦਰ ਦੇ ਪਰਿਵਾਰ ਵਿੱਚ ਸਿਰਫ਼ ਚਾਰ ਲੋਕ ਸਨ। ਭਰਾ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ। ਛੁੱਟੀਆਂ ਵਿੱਚ ਘਰ ਆਉਂਦਾ ਸੀ। ਭਰਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਨੋਟਾਂ ਨਾਲ ਉਹਦੀਆਂ ਜੇਬਾਂ ਭਰ ਦਿੰਦਾ ਸੀ। ਪਰ ਉਸ ਦੇ ਜਾਣ ਤੋਂ ਕੁਝ ਦਿਨਾਂ ਬਾਅਦ ਰਮਿੰਦਰ ਫਿਰ ਫਟੇਹਾਲ ਹੋ ਜਾਂਦਾ ਸੀ। ਰਮਿੰਦਰ ਬਹੁਤ ਖਰਚੀਲਾ ਸੀ।
ਮੇਰਾ ਪਰਿਵਾਰ ਲੋੜ ਨਾਲੋਂ ਵੱਡਾ ਸੀ। ਅਸੀਂ ਸੱਤ ਭੈਣ-ਭਰਾ ਸਾਂ। ਪਰਿਵਾਰ ਨੂੰ ਦੇਖਦੇ ਹੋਏ ਪਿਤਾ ਦੀ ਆਮਦਨ ਬਹੁਤ ਘੱਟ ਸੀ। ਪੈਸੇ ਦੀ ਤੰਗੀ ਹਮੇਸ਼ਾ ਰਹਿੰਦੀ ਸੀ। ਪਰ ਸਾਨੂੰ ਇਹਦੀ ਆਦਤ ਪੈ ਚੁੱਕੀ ਸੀ। ਦੂਜੀ ਵੱਡੀ ਗੱਲ ਇਹ ਸੀ ਕਿ ਮੈਂ ਘਰ ਵਿੱਚ ਸਭ ਤੋਂ ਵੱਡਾ ਸੀ। ਪਿਤਾ ਹੀ ਨਹੀਂ, ਸਾਰੇ ਪਰਿਵਾਰ ਦੀਆਂ ਨਜ਼ਰਾਂ ਮੇਰੇ ਤੇ ਸਨ ਕਿ ਕਦੋਂ ਮੈਂ ਕਮਾਉਣਾ ਸ਼ੁਰੂ ਕਰਾਂਗਾ ਅਤੇ ਕਦੋਂ ਘਰ ਦੀ ਆਰਥਿਕ ਸਥਿਤੀ ਵਿਚ ਕੋਈ ਬਦਲਾਅ ਆਵੇਗਾ। ਮੰਜ਼ਿਲ ਅਜੇ ਕੋਹਾਂ ਦੂਰ ਸੀ। ਚੰਗੀ ਨੌਕਰੀ ਮਿਲਣੀ ਉਦੋਂ ਵੀ ਬਹੁਤ ਔਖੀ ਸੀ। ਹਾਲਾਂਕਿ ਮੇਰੇ ਕੋਲ ਕੁਝ ਟਿਊਸ਼ਨਾਂ ਸਨ। ਪਰ ਉਸ ਵਿੱਚੋਂ ਜੋ ਮਿਲਦਾ ਸੀ, ਉਹ ਊਠ ਦੇ ਮੂੰਹ ਵਿੱਚ ਜੀਰੇ ਵਾਂਗ ਸੀ। ਫਿਰ ਵੀ ਉਸ ਵਿੱਚੋਂ ਕੁਝ ਪੈਸੇ ਬਚਾ ਲੈਂਦਾ ਸਾਂ। ਕਿਉਂਕਿ ਲੋੜ ਵੇਲੇ ਘਰੋਂ ਕੁਝ ਨਹੀਂ ਮਿਲਦਾ ਸੀ।
ਮੈਨੂੰ ਵੀ ਸ਼ਾਮ ਨੂੰ ਬਰਗਦੀ ਦੀ ਦੁਕਾਨ ‘ਤੇ ਦੇਖਿਆ ਜਾਣ ਲੱਗਿਆ ਸੀ। ਮੈਂ ਸਿਗਰਟ ਤਾਂ ਨਹੀਂ ਪੀਂਦਾ ਸੀ, ਪਰ ਕਟਿੰਗ, ਚਾਹ ਅਤੇ ਨਾਨ ਵਿੱਚ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਸਾਂ। ਸਾਡੇ ਤਿੰਨਾਂ ਕੋਲ ਗੱਲਬਾਤ ਦਾ ਕੋਈ ਖਾਸ ਵਿਸ਼ਾ ਨਹੀਂ ਹੁੰਦਾ ਸੀ। ਜ਼ਿਆਦਾਤਰ ਸਿਨੇਮਾ ਜਾਂ ਪੈਸੇ ਕਮਾਉਣ ਦੇ ਤਰੀਕਿਆਂ ਬਾਰੇ ਗੱਲ ਕੀਤੀ ਜਾਂਦੀ ਸੀ। ਮੈਨੂੰ ਯਾਦ ਨਹੀਂ ਕਿ ਕਦੇ ਕੁੜੀਆਂ ਜਾਂ ਰਾਜਨੀਤੀ ‘ਤੇ ਕੋਈ ਚਰਚਾ ਹੋਈ ਹੋਵੇ। ਇਨ੍ਹਾਂ ਦੋਵੇਂ ਵਿਸ਼ਿਆਂ ‘ਤੇ ਅਣਐਲਾਨੀ ਪਾਬੰਦੀ ਸੀ। ਸਟੀਫਨ ਸਿਰਫ਼ ਮੇਰੇ ਨਾਲ ਹੀ ਰੀਟਾ ਬਾਰੇ ਗੱਲ ਕਰਦਾ ਸੀ। ਜੇ ਰਮਿੰਦਰ ਨਾਲ ਕਰਦਾ ਵੀ ਹੋਵੇਗਾ ਤਾਂ ਉਸਨੇ ਮੇਰੇ ਸਾਹਮਣੇ ਕਦੇ ਨਹੀਂ ਕੀਤੀ। ਬਰਗਦੀ ਦੀ ਦੁਕਾਨ ‘ਤੇ ਰਮਿੰਦਰ ਦੇ ਸਾਹਮਣੇ ਸਿਰਫ਼ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਬਾਰੇ ਹੀ ਚਰਚਾ ਕਰਦਾ ਸੀ। ਜਿਵੇਂ ਘੱਟ ਪੂੰਜੀ ਨਾਲ ਵੱਧ ਤੋਂ ਵੱਧ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ?
ਇੱਕ ਦਿਨ ਉਸ ਦੀਆਂ ਗੱਲਾਂ ‘ਤੇ ਹੱਸਦੇ ਹੋਏ ਰਮਿੰਦਰ ਨੇ ਕਿਹਾ, “ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਮੰਦਰ ਦੇ ਸਾਹਮਣੇ ਕਟੋਰਾ ਲੈ ਕੇ ਬੈਠ ਜਾਓ। ਬਿਨਾਂ ਕਿਸੇ ਪੂੰਜੀ ਦੇ ਹੀ ਪੈਸੇ ਕਮਾਓ।”
ਸਟੀਫਨ ਕੁਝ ਦੇਰ ਤੱਕ ਉਸਨੂੰ ਘੂਰਦਾ ਰਿਹਾ। ਰਮਿੰਦਰ ਹੱਸ ਰਿਹਾ ਸੀ। ਅਚਾਨਕ ਸਟੀਫਨ ਹੱਸਿਆ, “ਯਾਰ, ਮੰਨਣਾ ਪਏਗਾ। ਤੂੰ ਜੀਨੀਅਸ ਹੈਂ। ਜਦੋਂ ਥੋੜ੍ਹੀ ਕੜਕੀ ਆ ਜਾਵੇ ਤਾਂ ਇਸ ਧੰਦੇ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਆਪਾਂ ਦੋਵੇਂ ਨਾਲ-ਨਾਲ ਬੈਠ ਕੇ ਇਹ ਬਿਜ਼ਨਸ ਕਰਾਂਗੇ।”
ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ। ਸਾਡੇ ਪਹਿਲੇ ਕਾਰੋਬਾਰ ਦੀ ਨੀਂਹ ਦੁਰਗਾ-ਪੂਜਾ ਪੰਡਾਲ ਵਿੱਚ ਰੱਖੀ ਗਈ ਸੀ। ਤਜਰਬਾ ਕੋਈ ਮਾੜਾ ਨਹੀਂ ਸੀ। ਪੂੰਜੀ ਨਾਲੋਂ ਪੰਜ ਗੁਣਾ ਵੱਧ ਕਮਾਈ ਹੋ ਗਈ ਸੀ।
ਮਹੱਲੇ ਵਿੱਚ ਦੁਰਗਾ-ਪੂਜਾ ਲਈ ਵਿਸ਼ਾਲ ਪੰਡਾਲ ਲੱਗਾ ਹੋਇਆ ਸੀ। ਇਸ ਪੂਜਾ ਦਾ ਆਯੋਜਕ ਬੰਗਾਲੀ ਭਾਈਚਾਰਾ ਸੀ। ਬਹੁਤ ਹੀ ਸ਼ਾਨਦਾਰ ਸਮਾਗਮ ਹੁੰਦਾ ਸੀ। ਸੱਤ-ਅੱਠ ਦਿਨਾਂ ਤੱਕ ਬਹੁਤ ਧੂਮ-ਧਾਮ ਰਹਿੰਦੀ ਸੀ। ਵਿਸ਼ਾਲ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਸੀ, ਜਿਸ ਦੇ ਨਿਰਮਾਣ ਲਈ ਕਲਕੱਤੇ ਤੋਂ ਕਲਾਕਾਰ ਬੁਲਾਏ ਜਾਂਦੇ ਸਨ। ਸਟੀਫਨ ਨੇ ਕਿਹਾ, “ਯਾਰ, ਪਿਛਲੇ ਸਾਲ ਨਾਰੀਅਲ ਦੀ ਬਹੁਤ ਮੰਗ ਸੀ। ਇੱਕ ਰੁਪਏ ਦਾ ਨਾਰੀਅਲ ਦਸ ਤੋਂ ਬਾਰਾਂ ਰੁਪਏ ਵਿੱਚ ਵਿਕਦਾ ਸੀ। ਮੈਂ ਸੋਚ ਰਿਹਾ ਹਾਂ ਕਿ ਇਸ ਵਾਰ ਪੰਡਾਲ ਵਿੱਚ ਨਾਰੀਅਲ ਵੇਚਣ ਦਾ ਕੰਮ ਕਰੀਏ। ਮੰਡੀ ਵਿੱਚੋਂ ਦੋ ਬੋਰੀਆਂ ਲੈ ਕੇ ਆਉਂਦੇ ਹਾਂ। ਜੇ ਇਹ ਵਿਕ ਗਿਆ ਤਾਂ ਹੋਰ ਲੈ ਆਵਾਂਗੇ।”
ਰਮਿੰਦਰ ਕੁਝ ਦੇਰ ਸੋਚਦਾ ਰਿਹਾ। ਫਿਰ ਸਿਰ ਹਿਲਾ ਕੇ ਉਸ ਨੇ ਕਿਹਾ, “ਖਿਆਲ ਤਾਂ ਬੁਰਾ ਨਹੀਂ ਹੈ। ਪਰ ਕੀ ਤੁਸੀਂ ਇਹ ਕਾਰੋਬਾਰ ਇਕੱਲੇ ਕਰੋਗੇ ਜਾਂ ‘ਫੁੰਤੜੂ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ’ ਕਰੇਗਾ?”
ਸਮੀਰ ਹੱਸਦੇ ਹੋਏ ਬੋਲਿਆ, “ਜੇਕਰ ਬੋਰਡ ਆਫ਼ ਡਾਇਰੈਕਟਰਜ਼ ਦੀ ਸਹਿਮਤੀ ਹੋਈ, ਤਾਂ ਇਹ ਕੰਮ ‘ਫੁੰਤੜੂ ਐਂਡ ਕੰਪਨੀ’ ਨੂੰ ਹੀ ਦਿੱਤਾ ਜਾਵੇਗਾ। ਪੂੰਜੀ ਦਾ ਪ੍ਰਬੰਧ ਵਿਭਾਸ ਤਿਵਾੜੀ ਵੱਲੋਂ ਕੀਤਾ ਜਾਵੇਗਾ। ਭਾਵ ਫਾਈਨਾਂਸਰ ਤਿਵਾੜੀ ਜੀ ਹੋਣਗੇ। ਅਸੀਂ ਦੋਵੇਂ ਬਜ਼ਾਰ ਤੋਂ ਨਾਰੀਅਲ ਖਰੀਦ ਕੇ ਲਿਆਵਾਂਗੇ ਅਤੇ ਵੇਚਣ ਦਾ ਕੰਮ ਤੁਹਾਡੇ ਵਿੱਚੋਂ ਕੋਈ ਨਹੀਂ ਕਰੇਗਾ…। ਇਸ ਲਈ ਇਹ ਵਿਭਾਗ ਮੈਂ ਖੁਦ ਸੰਭਾਲਾਂਗਾ।”
ਜ਼ਰਾ ਦੇਖੋ ਬਈ, ਦਿਮਾਗ਼ ਇਧਰ-ਉਧਰ ਭਟਕ ਰਿਹਾ ਹੈ… ਮੈਂ ਅਸਲ ਗੱਲ ਤਾਂ ਦੱਸਣਾ ਭੁੱਲ ਹੀ ਗਿਆ ਕਿ ‘ਫੁੰਤੜੂ’ ਨਾਮ ਦਾ ਜਨਮ ਕਿਵੇਂ ਹੋਇਆ? ਉਨ੍ਹਾਂ ਦਿਨਾਂ ਵਿੱਚ ਰਮਿੰਦਰ ਬਹੁਤ ਉਦਾਸ ਸੀ। ਉਸਦਾ ‘ਮਸਤ ਰਾਮ ਮਸਤੀ ਮੇਂ…’ ਫਲਸਫਾ ਕੰਮ ਨਹੀਂ ਕਰ ਰਿਹਾ ਸੀ। ਉਸਦਾ ਛੋਟਾ ਭਰਾ ਸੁਰਿੰਦਰ ਅਮਰੀਕਾ ਤੋਂ ਆਇਆ ਹੋਇਆ ਸੀ। ਉਹ ਜਹਾਜ਼ ਰਾਹੀਂ ਦੇਸ਼-ਵਿਦੇਸ਼ ਵਿਚ ਘੁੰਮਦਾ ਰਹਿੰਦਾ ਸੀ। ਇਸ ਵਾਰ ਉਹ ਕਾਫੀ ਲੰਮੇ ਸਮੇਂ ਬਾਅਦ ਘਰ ਆਇਆ ਸੀ। ਜ਼ਾਹਿਰ ਹੈ, ਉਸ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਸੀ। ਉਸ ਦੇ ਮਨਪਸੰਦ ਪਕਵਾਨ ਅਤੇ ਖਾਣੇ ਹਰ ਰੋਜ਼ ਤਿਆਰ ਕੀਤੇ ਜਾ ਰਹੇ ਸਨ। ਖੈਰ, ਇੱਥੋਂ ਤੱਕ ਤਾਂ ਸਹੀ ਸੀ। ਕਦੇ-ਕਦਾਈਂ, ਉਸਦੇ ਪਰੇਸ਼ਾਨ ਪਿਤਾ ਕੁਝ ਨਾ ਕੁਝ ਕਹਿ ਦਿੰਦੇ, ਜਿਸ ਨਾਲ ਉਸਨੂੰ ਘਰ ਦੇ ਬਦਲੇ ਮਾਹੌਲ ਵਿੱਚ ਵਧੇਰੇ ਤਕਲੀਫ਼ ਹੁੰਦੀ। ਹੁਣ ਉਹ ਆਪਣੇ ਪਿਤਾ ਨਾਲ ਬਹਿਸ ਤਾਂ ਨਹੀਂ ਕਰ ਸਕਦਾ ਸੀ। ਸਾਰਾ ਗੁੱਸਾ ਸਾਡੇ ਤੇ ਹੀ ਕੱਢਦਾ ਸੀ। ਅਜਿਹੇ ਹੀ ਕਿਸੇ ਪਲ ਉਸ ਨੇ ਕਿਹਾ ਸੀ, “ਮੇਰੀ ਤਾਂ ਫੁੰਤੜੂ ਵਾਲੀ ਹਾਲਤ ਹੋ ਗਈ ਹੈ। ਘਰ ਵਿੱਚ ਜਿਸਨੂੰ ਵੇਖੋ, ਉਹੀ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ। ਮੈਂ ਇੱਕ ਕੰਨ ਤੋਂ ਸੁਣਦਾ ਹਾਂ ਤੇ ਦੂਜੇ ਤੋਂ ਕੱਢ ਦਿੰਦਾ ਹਾਂ। ਕਈ ਵਾਰੀ ਸਾਲ਼ੇ ਲਫ਼ਜ਼ ਕੁਰਾਹੇ ਪੈ ਕੇ ਦਿਮਾਗ਼ ਵੱਲ ਚਲੇ ਜਾਂਦੇ ਹਨ, ਫਿਰ ਇਹੋ ਇੱਛਾ ਹੁੰਦੀ ਹੈ ਕਿ ਇਸ ਘਰ ਨੂੰ ਹੀ ਛੱਡ ਦਿੱਤਾ ਜਾਏ।”
ਉਸ ਦਿਨ ਸੰਜੋਗਵੱਸ ਸਟੀਫਨ ਵੀ ਕਿਸੇ ਗੱਲੋਂ ਆਪਣੀ ਮਾਂ ਨਾਲ ਨਾਰਾਜ਼ ਸੀ। ਮੇਰੇ ਪਰਿਵਾਰ ਵਿੱਚ ਤਾਂ ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਹੁੰਦੀ ਹੀ ਸੀ। ਸਟੀਫਨ ਬੋਲਿਆ, “ਓਏ, ਅਸੀਂ ਸਾਰੇ ਫੁੰਤੜੂ ਹਾਂ …। ਕੋਈ ਛੋਟਾ … ਕੋਈ ਵੱਡਾ …। ਭਲਾਈ ਏਸੇ ਵਿੱਚ ਹੈ ਕਿ ਘਰ ਦਿਆਂ ਦੀਆਂ ਸਾਰੀਆਂ ਗੱਲਾਂ ਇੱਕ ਕੰਨ ਨਾਲ ਸੁਣ ਕੇ ਦੂਜੇ ਕੰਨ ਤੋਂ ਬਾਹਰ ਕੱਢ ਦਿਓ। ਕਿਹਾ ਵੀ ਜਾਂਦਾ ਹੈ ਕਿ ‘ਸਾਵਧਾਨੀ ਹਟੀ ਦੁਰਘਟਨਾ ਘਟੀ…।’ ਤਾਂ ਹੀ ਮਸਤੀ ਕਾਇਮ ਰਹਿ ਸਕੇਗੀ।”
ਬਸ ਅਸੀਂ ‘ਫੁੰਤੜੂ” ਬਣ ਗਏ। ਉਦੋਂ ਗੂਗਲ ਨਹੀਂ ਸੀ। ਅੱਜ ਗੂਗਲ ਹੈ ਅਤੇ ਹਰ ਸ਼ਬਦ ਨੂੰ ਸਮਝਾਉਣ ਦੇ ਸਮਰੱਥ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਅਰਥ ਨਹੀਂ ਲੱਭ ਸਕਿਆ। ਤੁਸੀਂ ਵੀ ਕੋਸ਼ਿਸ਼ ਕਰ ਸਕਦੇ ਹੋ। ਜੇਕਰ ਤੁਹਾਨੂੰ ਇਸਦਾ ਅਰਥ ਪਤਾ ਲੱਗੇ, ਤਾਂ ਕਿਰਪਾ ਕਰਕੇ ਮੈਨੂੰ ਵੀ ਦੱਸਣਾ। ਹੋ ਸਕਦਾ ਹੈ ਕਿ ਰਮਿੰਦਰ ਨੂੰ ਇਸਦਾ ਮਤਲਬ ਪਤਾ ਹੋਵੇ। ਪਰ ਰਮਿੰਦਰ ਤੋਂ ਵਿੱਛੜਿਆਂ ਤਾਂ ‘ਯੁੱਗ’ ਬੀਤ ਗਿਆ ਹੈ…।
ਰਮਿੰਦਰ ਸਭ ਤੋਂ ਵੱਡਾ ਫੁੰਤੜੂ, ਸਟੀਫਨ ਦੋ ਨੰਬਰੀ ਫੁੰਤੜੂ ਅਤੇ ਮੈਂ ਸਭ ਤੋਂ ਫਾਡੀ ਫੁੰਤੜੂ ਸਾਂ। ਅੱਗੇ ਚੱਲ ਕੇ ਇਹ ਨਾਂ ਸੰਖੇਪ ਹੋ ਗਏ ਅਤੇ ਅਸੀਂ ਇੱਕ ਦੂਜੇ ਨੂੰ ਵੱਡਾ, ਦੋ ਨੰਬਰੀ ਅਤੇ ਫਾਡੀ ਕਹਿ ਕੇ ਸੰਬੋਧਨ ਕਰਦੇ ਸਾਂ। ਫੁੰਤੜੂ ਸਾਈਲੈਂਟ ਸੀ। ਜਿਸਨੂੰ ਅਸੀਂ ਆਪਸ ਵਿੱਚ ਸਮਝ ਲੈਂਦੇ ਸਾਂ। ਅਸੀਂ ਇਸ ਸ਼ਬਦ ਨੂੰ ਵਿਸ਼ੇਸ਼ ਹਾਲਤਾਂ ਵਿਚ ਯਾਦ ਕਰਦੇ ਸਾਂ।
ਤਾਂ ਗੱਲ ਹੋ ਰਹੀ ਸੀ ਦੁਰਗਾ-ਪੂਜਾ ਪੰਡਾਲ ਵਿੱਚ ਨਾਰੀਅਲ ਵੇਚਣ ਦੀ…। ਦੋਵੇਂ ਸੱਤ ਸੌ ਰੁਪਏ ਲੈ ਕੇ ਬਾਜ਼ਾਰ ਚਲੇ ਗਏ। ਉਸ ਸੱਤ ਸੌ ਰੁਪਏ ਵਿੱਚੋਂ ਮੈਂ ਪੰਜ ਸੌ ਰੁਪਏ ਦਿੱਤੇ ਸਨ ਅਤੇ ਮਿੰਨੀ ਆਂਟੀ ਨੇ ਦੋ ਸੌ ਰੁਪਏ ਦੀ ਮਦਦ ਕੀਤੀ ਸੀ। ਉਹ ਵੀ ਬਿਨਾਂ ਕਿਸੇ ਵਿਆਜ ਦੇ…। ਨਾਰੀਅਲ ਦੀਆਂ ਤਿੰਨ ਬੋਰੀਆਂ ਆ ਚੁੱਕੀਆਂ ਸਨ। ਜੋ ਦੋ ਦਿਨਾਂ ਵਿੱਚ ਹੀ ਵਿਕ ਗਈਆਂ। ਅਸੀਂ ਉਤਸ਼ਾਹਿਤ ਸਾਂ। ਦੂਜੀ ਖੇਪ ਵਿੱਚ ਨਾਰੀਅਲ ਦੀ ਮਾਤਰਾ ਦੁੱਗਣੀ ਕਰ ਦਿੱਤੀ ਗਈ। ਕੁਝ ਪੈਸੇ ਬਚੇ ਤਾਂ ਅਸੀਂ ਉਸ ਦੇ ਫੁੱਲ ਅਤੇ ਮਾਲਾ ਖਰੀਦ ਲਿਆਏ। ਇਸ ਦੀ ਵੀ ਕਾਫੀ ਮੰਗ ਸੀ। ਉਮੀਦ ਤੋਂ ਵੱਧ ਕਮਾਈ ਕੀਤੀ ਸੀ। ਸੱਚਾਈ ਤਾਂ ਇਹ ਸੀ ਕਿ ਮੈਨੂੰ ਅਤੇ ਰਮਿੰਦਰ ਨੂੰ ਨਾਰੀਅਲ ਵੇਚਦਿਆਂ ਸ਼ਰਮ ਆ ਰਹੀ ਸੀ। ਅਸੀਂ ਦੂਰ ਹੀ ਰਹਿੰਦੇ ਸਾਂ। ਸਾਰੀ ਮਿਹਨਤ ਸਟੀਫਨ ਦੀ ਹੀ ਸੀ। ਮੇਰੇ ਪੈਸੇ ਵਾਪਸ ਮਿਲ ਗਏ। ਮਿੰਨੀ ਆਂਟੀ ਦਾ ਕਰਜ਼ਾ ਵੀ ਚੁਕਾਇਆ ਗਿਆ। ਬਰਗਦੀ ਦਾ ਉਧਾਰ ਮੁਨਾਫ਼ੇ ਦੇ ਪੈਸੇ ਨਾਲ ਮੋੜਿਆ ਗਿਆ ਅਤੇ ਅਮਿਤਾਭ ਬੱਚਨ ਦੀ ਨਵੀਂ ਫ਼ਿਲਮ ‘ਜ਼ੰਜੀਰ’ ਦੇਖੀ ਗਈ। ਰੀਟਾ ਵੀ ਸਾਡੇ ਨਾਲ ਸੀ। ਮੈਂ ਰਮਿੰਦਰ ਨਾਲ ਸਾਈਕਲ ‘ਤੇ ਨਿਸ਼ਾਤ ਟਾਕੀਜ਼ ਗਿਆ। ਜਦਕਿ ਸਟੀਫਨ ਆਟੋ ਰਾਹੀਂ ਗਿਆ ਸੀ। ਆਟੋ ਦਾ ਭੁਗਤਾਨ ਉਹਨੇ ਖੁਦ ਕੀਤਾ ਸੀ। ਹਾਂ, ਫਿਲਮ ਦੀਆਂ ਟਿਕਟਾਂ ਅਤੇ ਫਿਰ ਕ੍ਰਿਸ਼ਨਾ ਸਵੀਟਸ ਦੇ ਸ਼ੁੱਧ ਘਿਓ ਦੀਆਂ ਕਚੌਰੀਆਂ ਦੇ ਪੈਸੇ ਅਸੀਂ ਲਾਭ ਦੀ ਕਮਾਈ ਨਾਲ ਅਦਾ ਕੀਤੇ ਸਨ। ਅਗਲੇ ਦਿਨ ਫਿਰ ਦੋਹਾਂ ਦੀਆਂ ਜੇਬਾਂ ਖਾਲੀ ਸਨ।
ਨਾਰੀਅਲ ਵੇਚਣ ਨਾਲ ਇੱਕ ਤਜਰਬਾ ਜ਼ਰੂਰ ਮਿਲਿਆ ਸੀ। ਤਿਉਹਾਰ ਵਿੱਚ ਫੁਟਕਲ ਕੰਮ ਕਰਕੇ ਪੈਸਾ ਕਮਾਇਆ ਜਾ ਸਕਦਾ ਹੈ। ਦੀਵਾਲੀ ਦਾ ਤਿਉਹਾਰ ਨੇੜੇ ਹੀ ਸੀ। ਧਨਤੇਰਸ ਦੌਰਾਨ ਭਾਂਡਿਆਂ ਦੀ ਦੁਕਾਨ ਲਗਾਉਣ ਬਾਰੇ ਵਿਚਾਰ ਸ਼ੁਰੂ ਹੋਇਆ। ਇਸ ਵਿੱਚ ਕੋਈ ਖਤਰਾ ਨਹੀਂ ਸੀ। ਇਹ ਭਾਂਡੇ ਬਿਨਾਂ ਕਿਸੇ ਭੁਗਤਾਨ ਦੇ ਰਮਿੰਦਰ ਦੇ ਕਿਸੇ ਜਾਣਕਾਰ ਥੋਕ ਭਾਂਡੇ ਵੇਚਣ ਵਾਲੇ ਤੋਂ ਮਿਲ ਜਾਣੇ ਸਨ। ਮਾਲ ਵਿਕਣ ਤੋਂ ਬਾਅਦ ਹਿਸਾਬ-ਕਿਤਾਬ ਕਰਨਾ ਸੀ। ਜਿਹੜੇ ਭਾਂਡੇ ਨਹੀਂ ਵਿਕਣੇ ਸਨ, ਉਨ੍ਹਾਂ ਦੀ ਵਾਪਸੀ ਵੀ ਸੀ। ਸਾਡੀ ਸਿਰਫ਼ ਮਿਹਨਤ ਸੀ। ਸਿਰਫ਼ ਤਿੰਨ ਦਿਨ ਦੀ ਖੇਡ ਸੀ।
ਸਟੀਫਨ ਹੱਸਿਆ, “ਵਾਹ…! ਬਿਜ਼ਨਸ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ…। ਭਰਾਵੋ, ਛੇਤੀ ਹਾਂ ਕਰ ਦਿਓ…।”
ਅਸੀਂ ਧਨਤੇਰਸ ਦੌਰਾਨ ਭਾਂਡੇ ਤਾਂ ਵੇਚੇ, ਇਸ ਵਾਰ ਜੋਸ਼ ਕੁਝ ਜ਼ਿਆਦਾ ਹੀ ਆ ਗਿਆ ਸੀ। ਉਂਜ ਵੀ ਇਹ ਕੰਮ ਇਕੱਲੇ ਸਟੀਫਨ ਦੇ ਵੱਸ ਦਾ ਨਹੀਂ ਸੀ। ਝਿਜਕ ਛੱਡ ਕੇ, ਮੈਨੂੰ ਅਤੇ ਰਮਿੰਦਰ ਨੂੰ ਵੀ ਦੁਕਾਨ ‘ਤੇ ਕੰਮ ਕਰਨਾ ਪਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਘਰ ਵਾਲਿਆਂ ਨੂੰ ਸਾਡੇ ਤਿੰਨਾਂ ਬਾਰੇ ਪਤਾ ਲੱਗ ਗਿਆ। ਪਿਤਾ ਜੀ ਨੇ ਮੈਨੂੰ ਭਾਂਡੇ ਵੇਚਦਿਆਂ ਦੇਖ ਲਿਆ ਸੀ। ਉਨ੍ਹਾਂ ਨੇ ਮੇਰੀ ਇਸ ਹਰਕਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਮਾਂ ਨੂੰ ਸੰਬੋਧਿਤ ਹੁੰਦੇ ਹੋਏ ਬੋਲੇ, “ਤੈਨੂੰ ਆਪਣੇ ਬੇਟੇ ‘ਤੇ ਬਹੁਤ ਮਾਣ ਸੀ। ਉਹ ਕਸਬੇ ਦੇ ਲਫ਼ੰਗਿਆਂ ਨਾਲ ਭਾਂਡੇ ਵੇਚ ਰਿਹਾ ਹੈ। ਇਹੋ ਸਭ ਕਰਨਾ ਸੀ, ਤਾਂ ਪੜ੍ਹਾਈ ਦੇ ਨਾਮ ‘ਤੇ ਫ਼ਜ਼ੂਲ-ਖਰਚੀ ਕਿਉਂ ਕਰਵਾ ਰਿਹਾ ਹੈ? ਕਿਤੇ ਚਾਹ-ਪਕੌੜੇ ਦੀ ਦੁਕਾਨ ਖੋਲ੍ਹ ਲੈਂਦਾ।”
ਮੈਂ ਬਰਗਦੀ ਦੀ ਦੁਕਾਨ ‘ਤੇ ਬੈਠਿਆਂ ਇਸ ਗੱਲ ਦੀ ਚਰਚਾ ਕੀਤੀ, “ਯਾਰ ਰਮਿੰਦਰ…! ਪਿਤਾ ਜੀ ਬਹੁਤ ਗੁੱਸੇ ਹੋ ਗਏ ਹਨ। ਉਹ ਕਹਿ ਰਹੇ ਸਨ ਕਿ ਪੜ੍ਹਾਈ-ਲਿਖਾਈ ਦੀ ਕੀ ਲੋੜ ਹੈ। ਚਾਹ-ਪਕੌੜਿਆਂ ਦੀ ਦੁਕਾਨ ਖੋਲ੍ਹ ਲਵੇ।”
ਹਮੇਸ਼ਾ ਵਾਂਗ, ਸਟੀਫਨ ਖਿੜਖਿੜਾ ਕੇ ਹੱਸ ਪਿਆ। ਮੈਨੂੰ ਅੱਜ ਉਸਦਾ ਹਾਸਾ ਚੰਗਾ ਨਹੀਂ ਲੱਗ ਰਿਹਾ ਸੀ। ਮੈਂ ਉਸ ਵੱਲ ਘੂਰ ਕੇ ਵੇਖਦਿਆਂ ਕਿਹਾ, “ਯਾਰ ਸਟੀਫਨ…! ਕਦੇ ਤਾਂ ਗੰਭੀਰ ਹੋ ਜਾਇਆ ਕਰ।” ਸਟੀਫਨ ਹੱਸਦਾ ਰਿਹਾ। ਫਿਰ ਇਕਦਮ ਗੰਭੀਰ ਹੋਣ ਦਾ ਸਾਂਗ ਕਰਦਿਆਂ ਬੋਲਿਆ, “ਬਈ, ਤੇਰੇ ਪਿਤਾ ਦੀ ਸਲਾਹ ਮਾੜੀ ਨਹੀਂ ਹੈ। ਅਗਲੀ ਵਾਰ ਦੁਰਗਾ-ਪੂਜਾ ਪੰਡਾਲ ਵਿਚ ਚਾਹ-ਪਕੌੜਿਆਂ ਦੀ ਦੁਕਾਨ ਲਾਵਾਂਗੇ। ਦੁਕਾਨ ਦਾ ਨਾਂ ‘ਫੁੰਤੜੂ ਭੁਜੀਆ ਸ਼ਾਪ’ ਹੋਵੇਗਾ। ਵੇਖੀਂ ਨੋਟਾਂ ਦੀ ਵਰਖਾ ਹੋਵੇਗੀ।”
ਰਮਿੰਦਰ ਵੀ ਹੱਸਣ ਲੱਗਾ, “ਵਾਹ! ਕਿਆ ਆਈਡੀਆ ਹੈ ਜਨਾਬ! ਅਸੀਂ ਭਲਕੇ ਤੋਂ ਹੀ ਭੁਜੀਆ ਵਾਸਤੇ ਵੇਸਣ ਫੈਂਟਣਾ ਸ਼ੁਰੂ ਕਰ ਦੇਵਾਂਗੇ।”
ਇਸ ਵਾਰ ਮੇਰੇ ਬੁੱਲ੍ਹਾਂ ‘ਤੇ ਵੀ ਮੁਸਕਰਾਹਟ ਆ ਗਈ। ਅਚਾਨਕ ਸਟੀਫਨ ਗੰਭੀਰ ਹੋ ਗਿਆ, “ਤੁਸੀਂ ਲੋਕ ਖੁਸ਼ਕਿਸਮਤ ਹੋ। ਤੁਹਾਡੇ ਤੇ ਪਿਤਾ ਦਾ ਹੱਥ ਹੈ। ਉਹ ਤੁਹਾਡੇ ਭਵਿੱਖ ਬਾਰੇ ਚਿੰਤਤ ਹਨ। ਉਹ ਗੁੱਸੇ ਵਿੱਚ ਬੋਲ ਗਏ ਹਨ। ਇਸ ਨੂੰ ਗੰਭੀਰਤਾ ਨਾਲ ਨਾ ਲਓ।”
ਮੈਂ ਇਹਨਾਂ ਦੋ ਮਿੱਤਰਾਂ ਨੂੰ ਕਦੇ ਘਰ ਨਹੀਂ ਲਿਆਇਆ ਸਾਂ। ਵੈਸੇ ਵੀ ਮੇਰੇ ਘਰ ਵਿੱਚ ਪ੍ਰਾਈਵੇਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਹਨਾਂ ਨੂੰ ਕਿੱਥੇ ਬਿਠਾਉਂਦਾ… ਭਾਵੇਂ ਮਾਂ ਨੂੰ ਉਨ੍ਹਾਂ ਦੇ ਆਉਣ ‘ਤੇ ਕੋਈ ਇਤਰਾਜ਼ ਨਹੀਂ ਸੀ, ਪਰ ਪਿਤਾ ਜੀ ਨੂੰ ਪਤਾ ਲੱਗ ਜਾਂਦਾ ਤਾਂ ਭੂਚਾਲ ਆ ਜਾਂਦਾ। ਰਮਿੰਦਰ ਦੇ ਘਰ ਵੀ ਪਿਤਾ ਦਾ ਹੀ ਖ਼ੌਫ਼ ਸੀ। ਪਰ ਸਟੀਫਨ ਦੇ ਘਰ ਪੂਰੀ ਆਜ਼ਾਦੀ ਸੀ। ਉਸ ਦੀ ਮਾਂ ਸਾਨੂੰ ਦੇਖ ਕੇ ਖੁਸ਼ ਹੋ ਜਾਂਦੀ ਸੀ, “ਆਓ ਮੇਰੇ ਬੱਚਿਓ… ਤੁਸੀਂ ਕਾਫੀ ਸਮੇਂ ਬਾਅਦ ਆਏ ਹੋ। ਤੁਸੀਂ ਠੀਕਠਾਕ ਤਾਂ ਹੋ!” ਸਾਨੂੰ ਆਪਣੇ ਘਰਾਂ ਵਿੱਚ ਇੰਨੀ ਆਜ਼ਾਦੀ ਵੀ ਨਹੀਂ ਮਿਲਦੀ ਸੀ। ਇੱਥੇ ਨਾ ਸਿਰਫ਼ ਮਸਾਲੇਦਾਰ ਚਾਹ ਮਿਲਦੀ ਸੀ, ਸਗੋਂ ਘਰ ਦੇ ਬਣੇ ਕੇਕ ਅਤੇ ਨਮਕਪਾਰੇ ਵੀ ਖਾਣ ਨੂੰ ਮਿਲਦੇ ਸਨ। ਜੇ ਕਦੇ ਮਿੰਨੀ ਆਂਟੀ ਹੁੰਦੇ, ਫਿਰ ਤਾਂ ਪੁੱਛੋ ਹੀ ਨਾ… ਉਹ ਬਹੁਤ ਮਜ਼ਾਕੀਆ ਸਨ। ਉਨ੍ਹਾਂ ਦਾ ਨਿਸ਼ਾਨਾ ਸਿਰਫ ਸਟੀਫਨ ਹੀ ਹੁੰਦਾ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ। ਉਨ੍ਹਾਂ ਨੇ ਸਟੀਫਨ ਨੂੰ ਕਿਹਾ, “ਓ ਬਈ ਸਿੱਪੂ…! ਗੀਤਾ ਦੱਤ ਸਪੈਸ਼ਲ ਵਾਲਾ ਰਿਕਾਰਡ ਤਾਂ ਲਗਾ। ਵਾਹ!… ਕਿੰਨਾ ਵਧੀਆ ਗਾਉਂਦੀ ਹੈ!” ਸਟੀਫਿਨ ਨੇ ਕਿਹਾ,”ਗੀਤਾ ਦੱਤ ਸਪੈਸ਼ਲ ਤਾਂ ਨਹੀਂ ਹੈ। ਫਿਲਮ ਆਰ-ਪਾਰ ਦੇ ਗੀਤ ਹਨ।”
ਆਰ-ਪਾਰ ਦਾ ਗੀਤ ਵੱਜਣ ਲੱਗਾ। ਮਿੰਨੀ ਆਂਟੀ ਨੂੰ ਪਤਾ ਸੀ ਕਿ ਕਿਹੜਾ ਗੀਤ ਚੱਲਣ ਵਾਲਾ ਹੈ। ਉਹ ਮਿੰਨਾ-ਮਿੰਨਾ ਮੁਸਕਰਾ ਰਹੀ ਸੀ। ਕਮਰੇ ਵਿੱਚ ਸੰਗੀਤ ਦੀਆਂ ਸੁਰ-ਲਹਿਰਾਂ ਗੂੰਜਣ ਲੱਗੀਆਂ। ਗੀਤਾ ਦੱਤ ਦੀ ਮਧੁਰ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਣ ਲੱਗੀ –
ਬਾਬੂ ਜੀ ਧੀਰੇ ਚਲਨਾ
ਪਿਆਰ ਮੇਂ ਜ਼ਰਾ ਸੰਭਲਨਾ
ਹਾਂ, ਬੜੇ ਧੋਖੇ ਹੈਂ
ਬੜੇ ਧੋਖੇ ਹੈਂ ਇਸ ਰਾਹ ਮੇਂ…
ਮਿੰਨੀ ਆਂਟੀ ਉੱਠੀ ਅਤੇ ਗੀਤਾ ਦੱਤ ਵਾਂਗ ਨੱਚਣ ਲੱਗੀ। ਸਾਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਸਟੀਫਨ ਨੂੰ ਛੇੜ ਰਹੀ ਸੀ। ਸਟੀਫਨ ਆਂਟੀ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਮੰਮੀ ਕੁਝ ਚਿਰ ਆਪਣੀ ਭੈਣ ਨੂੰ ਨੱਚਦੀ ਦੇਖਦੀ ਰਹੀ ਤੇ ਫਿਰ ਹੱਸ ਕੇ ਬੋਲੀ, “ਬਸ ਕਰ ਮਿੰਨੀ, ਕਿਉਂ ਮੁੰਡੇ ਨੂੰ ਪਰੇਸ਼ਾਨ ਕਰ ਰਹੀ ਹੈਂ।” ਉਸ ਛੋਟੇ ਜਿਹੇ ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਫੈਲੀਆਂ ਹੋਈਆਂ ਸਨ। ਸਾਡੇ ਅੰਦਰ ਦਾ ਤਣਾਓ ਪਿਘਲਣ ਲੱਗਦਾ ਸੀ। ਸ਼ਾਇਦ ਇਸੇ ਲਈ ਅਸੀਂ ਵਾਰ-ਵਾਰ ਉੱਥੇ ਇਕੱਠੇ ਹੁੰਦੇ ਸਾਂ। ਬਰਗਦੀ ਦੀ ਚਾਹ ਦੀ ਦੁਕਾਨ ਤੋਂ ਬਾਅਦ ਸਟੀਫਨ ਦਾ ਘਰ ਸਾਡੇ ਲਈ ਦੂਜਾ ਮਿਲਣ ਦਾ ਸਥਾਨ ਸੀ।
ਦੀਵਾਲੀ ਵੇਲੇ ਪਿਤਾ ਜੀ ਨੇ ਮੈਨੂੰ ਭਾਂਡੇ ਵੇਚਦਿਆਂ ਦੇਖ ਲਿਆ ਸੀ। ਉਨ੍ਹਾਂ ਨੇ ਮੇਰੀ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲਿਆ ਸੀ। ਉਹ ਆਪ ਤਾਂ ਕੁਝ ਨਾ ਬੋਲੇ, ਪਰ ਮਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ, “ਵਿਭਾਸ…! ਤੂੰ ਸਮਝ… ਇਹ ਚੰਗੇ ਮੁੰਡੇ ਨਹੀਂ ਹਨ। ਇਹ ਸਾਰੇ ਲਫ਼ੰਗੇ ਹਨ। ਉਹ ਚੌਰਾਹੇ ‘ਤੇ ਚਾਹ ਦੀ ਸਟਾਲ ‘ਤੇ ਬੈਠ ਕੇ ਸਿਗਰਟਾਂ ਪੀਂਦੇ ਹਨ। ਤੇਰੇ ਪਿਤਾ ਜੀ ਨੇ ਤੈਨੂੰ ਕਈ ਵਾਰ ਉਨ੍ਹਾਂ ਕੋਲ ਬੈਠਿਆਂ ਦੇਖਿਆ ਹੈ। ਤੈਨੂੰ ਸਮਝ ਨਹੀਂ ਆ ਰਹੀ। ਤੂੰ ਸਾਡੇ ਸਾਰਿਆਂ ਦਾ ਸੁਪਨਾ ਹੈਂ। ਉਸ ਦਿਨ ਤੈਨੂੰ ਬਜ਼ਾਰ ਵਿੱਚ ਭਾਂਡੇ ਵੇਚਦਿਆਂ ਵੇਖ ਕੇ ਤੇਰੇ ਪਿਤਾ ਜੀ ਨੂੰ ਬਹੁਤ ਦੁਖ ਹੋਇਆ ਸੀ।”
ਮੈਨੂੰ ਮਾਂ ਦਾ ਆਪਣੇ ਦੋਸਤਾਂ ਬਾਰੇ ਇਸ ਤਰ੍ਹਾਂ ਬੋਲਣਾ ਬਿਲਕੁਲ ਹੀ ਚੰਗਾ ਨਹੀਂ ਲੱਗਿਆ। ਪਰ ਮੇਰਾ ਕੋਈ ਵੀ ਪ੍ਰਤੀਕਰਮ ਸਿੱਧਾ ਮੇਰੇ ਪਿਤਾ ਤੱਕ ਪਹੁੰਚਣਾ ਸੀ ਅਤੇ ਫਿਰ ਮਾਮਲਾ ਗੜਬੜ ਹੋ ਜਾਣਾ ਸੀ। ਇਸੇ ਲਈ ਮੈਂ ਸਿਰ ਝੁਕਾ ਕੇ ਸਭ ਕੁਝ ਸੁਣਦਾ ਰਿਹਾ।
ਸੱਚ ਤਾਂ ਇਹ ਸੀ ਕਿ ਉਨ੍ਹਾਂ ਦਿਨਾਂ ਵਿੱਚ ਮੇਰੇ ਕੋਲ ਕੋਈ ਸੁਪਨਾ ਨਹੀਂ ਸੀ। ਮੈਂ ਬਹੁਤ ਦੂਰ ਤੱਕ… ਜਿੱਥੋਂ ਤੱਕ ਸੋਚ ਸਕਦਾ ਸੀ, ਸੋਚਦਾ ਰਹਿੰਦਾ ਸਾਂ… ਅਤੇ ਨਿਰਾਸ਼ਾ ਹੀ ਹੱਥ ਲੱਗਦੀ ਸੀ।ਗ੍ਰੈਜੂਏਸ਼ਨ ਖਤਮ ਹੋ ਚੁੱਕੀ ਸੀ। ਆਪਣੀ ਯੋਗਤਾ ਅਨੁਸਾਰ ਜੋ ਵੀ ਸਰਕਾਰੀ ਅਸਾਮੀਆਂ ਨਿਕਲਦੀਆਂ, ਨੂੰ ਭਰਦਾ ਰਹਿੰਦਾ ਸੀ। ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰੇ ਮਾਤਾ-ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਮੈਨੂੰ ਜਲਦੀ ਤੋਂ ਜਲਦੀ ਸਰਕਾਰੀ ਨੌਕਰੀ ਮਿਲ ਜਾਵੇ। ਕਾਲਜ ਹੁਣ ਜਾਣਾ ਨਹੀਂ ਸੀ। ਘਰ ਵਿੱਚ ਇੱਕ ਅਜੀਬ ਜਿਹਾ ਤਣਾਅ ਪੱਸਰਿਆ ਰਹਿੰਦਾ ਸੀ। ਜ਼ਿਆਦਾਤਰ ਸਮਾਂ ਮੁਕਾਬਲੇ ਦੀ ਤਿਆਰੀ ਵਿਚ ਹੀ ਲਾਉਂਦਾ ਸਾਂ। ਮੈਨੂੰ ਪਤਾ ਸੀ ਕਿ ਜੇ ਮੈਨੂੰ ਜਲਦੀ ਨੌਕਰੀ ਨਾ ਮਿਲੀ ਤਾਂ ਮੇਰੇ ਪਿਤਾ ਦਾ ਸਬਰ ਟੁੱਟ ਜਾਵੇਗਾ ਅਤੇ ਘਰ ਵਿਚ ਹਫੜਾ-ਦਫੜੀ ਮਚ ਜਾਵੇਗੀ। ਅਜਿਹੇ ਦਬਾਅ ਦੇ ਸਮੇਂ ਵਿੱਚ, ਇੱਕ ਲਾਇਕ ਪੁੱਤਰ ਬਣਨ ਨਾਲੋਂ ਫੁੰਤੜੂ ਬਣਨਾ ਬਿਹਤਰ ਜਾਪਦਾ ਸੀ। ਉਨ੍ਹਾਂ ਦੋਹਾਂ ਦੇ ਨਾਲ ਬੈਠ ਕੇ ਮੇਰੇ ਅੰਦਰ ਦਾ ਤਣਾਓ ਪਿਘਲਣ ਲੱਗਦਾ ਸੀ। ਸੱਚ ਤਾਂ ਇਹ ਸੀ ਕਿ ਉਸ ਸਮੇਂ ਉਹ ਮੇਰੇ ਪਰਿਵਾਰ ਨਾਲੋਂ ਜ਼ਿਆਦਾ ਮੇਰੇ ਆਪਣੇ ਲੱਗਦੇ ਸਨ। ਮੈਨੂੰ ਨਹੀਂ ਪਤਾ ਸੀ ਕਿ ਮੈਂ ਸਹੀ ਸੀ ਜਾਂ ਗਲਤ… ਪਰ ਉਦੋਂ ਮੇਰੇ ਕੋਲ ਆਪਣੇ ਦੁੱਖ-ਦਰਦ ਨੂੰ ਸਾਂਝਾ ਕਰਨ ਲਈ ਉਹ ਦੋਵੇਂ ਹੀ ਸਨ।
ਉਂਜ ਤਾਂ ਕਾਲਜ ਦੇ ਵੀ ਕਈ ਦੋਸਤ ਸਨ। ਪਰ ਉਨ੍ਹਾਂ ਕੋਲ ਜਾਣ ਵਿੱਚ ਹੀਣ-ਭਾਵਨਾ ਮਹਿਸੂਸ ਹੁੰਦੀ ਸੀ। ਕੁਝ ਤਾਂ ਸਕੂਲ ਤੋਂ ਹੀ ਇਕੱਠੇ ਪੜ੍ਹੇ ਸਨ। ਜੋ ਬਹੁਤ ਹੁਸ਼ਿਆਰ ਸਨ, ਉਹ ਪ੍ਰੋਫੈਸ਼ਨਲ ਕੋਰਸਾਂ ਵਿੱਚ ਚਲੇ ਗਏ ਸਨ। ਆਦਿਤਿਆ, ਮੁਕੰਦ ਵਰਗੇ ਸਾਥੀ ਸਨ… ਜੋ ਇੰਜੀਨੀਅਰਿੰਗ ਕਰਨ ਚਲੇ ਗਏ ਸਨ। ਜਿਨ੍ਹਾਂ ਨੇ ਮੇਰੇ ਨਾਲ ਗ੍ਰੈਜੂਏਸ਼ਨ ਕੀਤੀ ਸੀ, ਹੁਣ ਉਹ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਨ। ਹਰ ਇੱਕ ਦਾ ਆਪਣਾ ਮਕਸਦ ਸੀ। ਮੇਰੇ ਕੋਲ ਕੁਝ ਨਹੀਂ ਸੀ…। ਹੌਲੀ-ਹੌਲੀ ਮੇਰੇ ਬੁੱਲ੍ਹਾਂ ਨੇ ਮੁਸਕਰਾਉਣਾ ਬੰਦ ਕਰ ਦਿੱਤਾ ਸੀ। ਸ਼ੁਕਰ ਹੈ ਕਿ ਮੇਰੇ ਕੋਲ ਸਟੀਫਨ ਅਤੇ ਰਮਿੰਦਰ ਵਰਗੇ ਦੋਸਤ ਸਨ।
ਇਹ ਕੁਦਰਤ ਦਾ ਨਿਯਮ ਹੈ। ਸੰਸਾਰ ਵਿੱਚ ਕੁਝ ਵੀ ਸਥਾਈ ਨਹੀਂ ਹੈ। ਫਿਰ ਅਸੀਂ ਤਿੰਨੇ ਭਲਾ ਸਦਾ ਲਈ ਇਕੱਠੇ ਕਿਵੇਂ ਰਹਿ ਸਕਦੇ ਸਾਂ…?
ਇੱਕ ਦਿਨ ਰਮਿੰਦਰ ਬਰਗਦੀ ਦੀ ਦੁਕਾਨ ’ਤੇ ਮੂੰਹ ਲਟਕਾਈ ਬੈਠਾ ਸੀ। ਸਟੀਫਨ ਵੀ ਕੋਲ ਬੈਠਾ ਸਿਗਰਟ ਦੇ ਛੱਲੇ ਬਣਾ ਰਿਹਾ ਸੀ। ਮੈਨੂੰ ਦੇਖਦਿਆਂ ਹੀ ਉਹ ਚਹਿਕਣ ਲੱਗਾ, “ਓ ਵਿਭਾਸ ਭਰਾਵਾ…! ਤੂੰ ਕਿੱਥੇ ਰਹਿ ਗਿਆ…? ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਆਪਣਾ ਯਾਰ ਕਮਾਊ ਪੁੱਤ ਬਣ ਗਿਆ ਹੈ।”
ਹੁਣ ਹੈਰਾਨ ਹੋਣ ਦੀ ਵਾਰੀ ਮੇਰੀ ਸੀ, “ਬਈ ਵਾਹ! ਇਸ ਤੋਂ ਚੰਗੀ ਖ਼ਬਰ ਹੋਰ ਕੀ ਹੋ ਸਕਦੀ ਹੈ! ਪਰ ਇਹਦਾ ਚਿਹਰਾ ਇਸ ਤਰ੍ਹਾਂ ਕਿਉਂ ਲਟਕਿਆ ਹੋਇਆ ਹੈ?”
“ਸਾਥੋਂ ਵਿੱਛੜਨ ਦਾ ਗ਼ਮ ਸਤਾ ਰਿਹਾ ਹੈ। ਦੁਨੀਆਂ ਵਿੱਚ ਸਭ ਕੁਝ ਮਿਲ ਜਾਵੇਗਾ, ਪਰ ਫੁੰਤੜੂ ਨਹੀਂ ਮਿਲਣਗੇ। ਭਰਾ ਇਹ ਸ਼ਹਿਰ ਛੱਡ ਕੇ ਜਾ ਰਿਹਾ ਹੈ। ਹੁਣ ਉਹ ਦੇਹਰਾਦੂਨ ਜਾ ਰਿਹਾ ਹੈ…।” ਸਟੀਫਨ ਦੀ ਆਵਾਜ਼ ਵੀ ਭਾਰੀ ਹੋ ਗਈ ਸੀ। ਮੈਨੂੰ ਲੱਗਿਆ ਕਿ ਕਿਤੇ ਉਹ ਰੋਣ ਨਾ ਲੱਗ ਪਵੇ।
ਉਦੋਂ ਉਤਰਾਖੰਡ ਨਹੀਂ ਬਣਿਆ ਸੀ। ਇਹ ਉੱਤਰ ਪ੍ਰਦੇਸ਼ ਦਾ ਹਿੱਸਾ ਸੀ। ਰਮਿੰਦਰ ਦੇ ਪਿਤਾ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਉਸ ਨੂੰ ਕਿਸੇ ਸਰਕਾਰੀ ਫੈਕਟਰੀ ਦੇ ਸੇਫ਼ਟੀ ਵਿਭਾਗ ਵਿੱਚ ਫ਼ਾਇਰਮੈਨ ਦੀ ਨੌਕਰੀ ਦਿਵਾ ਦਿੱਤੀ ਸੀ। ਛੇ ਮਹੀਨੇ ਦੀ ਟਰੇਨਿੰਗ ਸੀ। ਫਿਰ ਪੱਕੀ ਨੌਕਰੀ…। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਇਹ ਖ਼ਬਰ ਸੁਣ ਕੇ ਮੈਨੂੰ ਵਿਛੋੜੇ ਦੇ ਦਰਦ ਨਾਲੋਂ ਵੱਧ ਈਰਖਾ ਹੋਈ ਕਿ ਮੈਂ ਹੱਥ-ਪੈਰ ਹੀ ਮਾਰਦਾ ਰਹਿ ਅਤੇ ਪੱਠੇ ਨੇ ਬਾਜ਼ੀ ਮਾਰ ਲਈ।
ਰਮਿੰਦਰ ਚਲਾ ਗਿਆ। ਹੁਣ ਅਸੀਂ ਦੋ ਰਹਿ ਗਏ ਸਾਂ। ਅਸੀਂ ਹਰ ਰੋਜ਼ ਬਰਗਦੀ ਦੀ ਦੁਕਾਨ ‘ਤੇ ਬੈਠ ਕੇ ਰਮਿੰਦਰ ਬਾਰੇ ਚਰਚਾ ਕਰਦੇ ਸਾਂ। ਸਾਨੂੰ ਉਸਦੀ ਚਿੱਠੀ ਦੀ ਉਡੀਕ ਸੀ। ਉਸਨੇ ਸਟੀਫਨ ਦਾ ਐਡਰੈੱਸ ਲੈ ਲਿਆ ਸੀ। ਜਿਵੇਂ ਹੀ ਅਸੀਂ ਸ਼ਾਮ ਨੂੰ ਮਿਲਦੇ, ਮੇਰਾ ਪਹਿਲਾ ਸਵਾਲ ਹੁੰਦਾ, “ਕੀ ਕੋਈ ਚਿੱਠੀ ਆਈ…?” ਸਟੀਫਨ ਨਾਂਹ ਵਿੱਚ ਸਿਰ ਹਿਲਾ ਦਿੰਦਾ। ਅੰਤ ਵਿੱਚ ਅਸੀਂ ਸਵੀਕਾਰ ਕਰ ਲਿਆ ਕਿ ਉਹ ਸਾਨੂੰ ਭੁੱਲ ਗਿਆ ਸੀ।
ਕੁਝ ਦਿਨ ਬੀਤ ਗਏ। ਬਰਗਦੀ ਦੀ ਦੁਕਾਨ ‘ਤੇ ਬੈਠਣਾ ਚੰਗਾ ਨਹੀਂ ਲੱਗਦਾ ਸੀ। ਫਿਰ ਅਚਾਨਕ ਕਈ ਦਿਨਾਂ ਤੱਕ ਸਟੀਫਨ ਨਜ਼ਰ ਨਹੀਂ ਆਇਆ। ਇਹ ਇੱਕ ਗੰਭੀਰ ਮਾਮਲਾ ਸੀ। ਅੱਜ ਯਾਦ ਕਰਦਿਆਂ ਮੈਨੂੰ ਲੱਗਦਾ ਹੈ ਕਿ ਚੰਗੇ ਦਿਨ ਤਾਂ ਕਦੇ ਵੀ ਨਹੀਂ ਸਨ। ਤਿੰਨ-ਚਾਰ ਦਿਨਾਂ ਬਾਅਦ ਜਦੋਂ ਮੈਂ ਸਟੀਫਨ ਦੀ ਦੁਕਾਨ ‘ਤੇ ਗਿਆ ਤਾਂ ਦੇਖਿਆ ਕਿ ਉਹ ਵੀ ਬੰਦ ਸੀ। ਮੇਰੇ ਮਨ ਵਿਚ ਇਕਦਮ ਖ਼ਿਆਲ ਆਇਆ ਕਿ ਕੁਝ ਤਾਂ ਗੜਬੜ ਹੈ। ਉਸ ਦਾ ਘਰ ਦੁਕਾਨ ਤੋਂ ਤਿੰਨ ਕਿਲੋਮੀਟਰ ਦੂਰ ਸੀ। ਮੇਰਾ ਦਿਲ ਨਾ ਮੰਨਿਆ ਤੇ ਮੈਂ ਆਪਣਾ ਸਾਈਕਲ ਉਸ ਦੇ ਘਰ ਵੱਲ ਮੋੜ ਲਿਆ। ਸਟੀਫਨ ਘਰੇ ਹੀ ਸੀ। ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਇਹ ਮੇਰੇ ਲਈ ਦੁਖਦਾਈ ਖਬਰ ਸੀ। ਉਸ ਨੇ ਭਰੇ ਹੋਏ ਗਲੇ ਨਾਲ ਕਿਹਾ, “ਵਿਭਾਸ… ਮਾਂ ਨੇ ਮੈਨੂੰ ਧੋਖਾ ਦੇ ਦਿੱਤਾ।” ਉਹ ਅੱਗੇ ਕੁਝ ਨਾ ਕਹਿ ਸਕਿਆ। ਉਹ ਬੱਚੇ ਵਾਂਗ ਮੇਰੇ ਗਲੇ ਲੱਗ ਕੇ ਬਹੁਤ ਦੇਰ ਤੱਕ ਰੋਂਦਾ ਰਿਹਾ। ਮਿੰਨੀ ਆਂਟੀ ਵੀ ਉੱਥੇ ਹੀ ਸੀ। ਉਨ੍ਹਾਂ ਦੀਆਂ ਸੁੱਜੀਆਂ ਅਤੇ ਗਿੱਲੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹ ਵੀ ਕੁਝ ਸਮੇਂ ਤੋਂ ਰੋ ਰਹੀ ਸੀ।
ਮੈਨੂੰ ਦੁੱਖ ਸੀ ਕਿ ਅਜਿਹੇ ਮੌਕੇ ‘ਤੇ ਮੈਂ ਉਸ ਦਾ ਸਾਥ ਨਹੀਂ ਦੇ ਸਕਿਆ। ਉਦੋਂ ਅੱਜ ਵਾਂਗ ਮੋਬਾਈਲ ਫੋਨ ਨਹੀਂ ਸਨ ਹੁੰਦੇ ਅਤੇ ਸਟੀਫਨ ਨੂੰ ਮੈਂ ਕਦੇ ਵੀ ਆਪਣੇ ਘਰ ਨਹੀਂ ਬੁਲਾਇਆ ਸੀ। ਰੀਟਾ ਨੇ ਦੱਸਿਆ, “ਐਤਵਾਰ ਨੂੰ ਜਦੋਂ ਮੰਮੀ ਦੁਕਾਨ ਤੋਂ ਆਈ ਤਾਂ ਉਸ ਦਾ ਸਿਰਦਰਦ ਹੋ ਰਿਹਾ ਸੀ। ਸਟੀਫਨ ਨੇ ਹੀ ਰਾਤ ਨੂੰ ਖਾਣਾ ਬਣਾਇਆ। ਮੰਮੀ ਨੇ ਵੀ ਖਾਣਾ ਖਾਧਾ ਸੀ। ਪਰ ਉਹ ਸਵੇਰੇ ਨਹੀਂ ਉੱਠੀ। ਰਾਤ ਨੂੰ ਹੀ ਉਨ੍ਹਾਂ ਨੂੰ ਕਿਸੇ ਸਮੇਂ ਅਟੈਕ ਆ ਗਿਆ ਸੀ…।”
ਸਟੀਫਨ ਨੇ ਮਾਂ ਦੀ ਦੁਕਾਨ ਸੰਭਾਲ ਲਈ ਸੀ। ਦੁਕਾਨ ਹੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਹਾਰਾ ਸੀ। ਬਰਗਦੀ ਦੀ ਚਾਹ ਦੀ ਦੁਕਾਨ ‘ਤੇ ਮਿਲਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਜਦੋਂ ਵੀ ਮੈਂ ਸਟੀਫਨ ਦੀ ਦੁਕਾਨ ‘ਤੇ ਜਾਂਦਾ, ਮੈਂ ਉਸਨੂੰ ਰੁੱਝਿਆ ਹੀ ਵੇਖਿਆ। ਉਸ ਦੇ ਚਿਹਰੇ ਦੀ ਹੱਸਮੁਖਤਾ ਮਾਂ ਦੇ ਨਾਲ ਹੀ ਸਦਾ ਲਈ ਚਲੀ ਗਈ ਸੀ। ਚਿਹਰੇ ‘ਤੇ ਅਜੀਬ ਕਿਸਮ ਦੀ ਗੰਭੀਰਤਾ ਛਾਈ ਹੋਈ ਸੀ। ਰੀਟਾ ਵੀ ਉਸ ਦੀ ਦੁਕਾਨ ‘ਤੇ ਮਿਲ ਜਾਂਦੀ। ਮਿੰਨੀ ਆਂਟੀ ਫਿਲਹਾਲ ਉਸ ਦੇ ਨਾਲ ਹੀ ਰਹਿੰਦੀ ਸੀ। ਉਨ੍ਹਾਂ ਨੇ ਹੀ ਦੱਸਿਆ ਸੀ ਕਿ ਜਦੋਂ ਤੱਕ ਉਹ ਰੀਟਾ ਨਾਲ ਵਿਆਹ ਨਹੀਂ ਕਰਵਾ ਲੈਂਦਾ, ਇਸ ਨੂੰ ਇਕੱਲਾ ਛੱਡਣਾ ਠੀਕ ਨਹੀਂ ਹੈ। ਮਾਂ ਦੀ ਅਚਾਨਕ ਹੋਈ ਮੌਤ ਨੇ ਉਸ ਨੂੰ ਡਿਪਰੈਸ਼ਨ ਵੱਲ ਧੱਕ ਦਿੱਤਾ ਹੈ।
ਰਮਿੰਦਰ ਦੇ ਦੇਹਰਾਦੂਨ ਜਾਣ ਤੋਂ ਬਾਅਦ ਕੋਈ ਖ਼ਬਰ ਨਹੀਂ ਮਿਲੀ। ਸਾਡਾ ਤਿੰਨਾਂ ਫੁੰਤੜੂਆਂ ਦਾ ਸਾਥ ਟੁੱਟ ਗਿਆ ਸੀ। ਜਦੋਂ ਵੀ ਮੈਂ ਬਜ਼ਾਰ ਜਾਂਦਾ ਤਾਂ ਸਟੀਫਨ ਨੂੰ ਜ਼ਰੂਰ ਮਿਲਦਾ। ਉਹ ਹੌਲੀ-ਹੌਲੀ ਸਦਮੇ ਤੋਂ ਮੁਕਤ ਹੋਣ ਲੱਗਾ ਸੀ। ਉਸੇ ਸਮੇਂ ਰੇਲਵੇ ਤੋਂ ਮੇਰਾ ਨਿਯੁਕਤੀ-ਪੱਤਰ ਆ ਗਿਆ। ਮੇਰੀ ਨਿਯੁਕਤੀ ਨਾਸਿਕ ਵਿੱਚ ਹੋਈ ਸੀ। ਇਹ ਨੌਕਰੀ ਨਹੀਂ, ਸਗੋਂ ਮੇਰੇ ਪਰਿਵਾਰ ਲਈ ਸੰਜੀਵਨੀ ਸੀ। ਪਿਤਾ ਦੇ ਨਿਰਾਸ਼ ਚਿਹਰੇ ‘ਤੇ ਚਮਕ ਪਰਤ ਆਈ ਸੀ। ਡੇਢ ਸਾਲ ਬਾਅਦ ਜਦੋਂ ਪਿਤਾ ਸੇਵਾਮੁਕਤ ਹੋਏ ਤਾਂ ਸਾਰਾ ਪਰਿਵਾਰ ਨਾਸਿਕ ਆ ਗਿਆ। ਉਹ ਸ਼ਹਿਰ ਸਦਾ ਲਈ ਛੁੱਟ ਗਿਆ…। ਯਕੀਨ ਕਰੋ, ਮੈਂ ਜ਼ਿੰਦਗੀ ਦੇ ਮੱਕੜਜਾਲ ਵਿੱਚ ਅਜਿਹਾ ਉਲਝਿਆ ਕਿ ਮੈਨੂੰ ਇਹ ਗੱਲਾਂ ਯਾਦ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਪਤਾ ਨਹੀਂ ਕਿਵੇਂ ਯਾਦਾਂ ਦਾ ਇਹ ਟੁਕੜਾ ਅਚਾਨਕ ਮੇਰੇ ਖ਼ਾਲੀ ਦਿਮਾਗ ਵਿੱਚ ਤੈਰ ਆਇਆ। ਮੈਨੂੰ ਨਹੀਂ ਪਤਾ ਕਿ ਸਟੀਫਨ ਅਤੇ ਰਮਿੰਦਰ ਕਿੱਥੇ ਹਨ…।
ਤਿੰਨਾਂ ਫੁੰਤੜੂਆਂ ਦੀ ਕਹਾਣੀ ਇੱਥੇ ਖਤਮ ਕਰਕੇ ਇੱਕ ਵਾਰ ਫਿਰ ਬੇਨਤੀ ਕਰ ਰਿਹਾ ਹਾਂ ਕਿ ਜੇਕਰ ਤੁਹਾਨੂੰ ‘ਫੁੰਤੜੂ’ ਦਾ ਅਰਥ ਪਤਾ ਲੱਗੇ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸਣਾ…।
# ਮੂਲ : ਗੋਵਿੰਦ ਉਪਾਧਿਆਏ, ਨਵੀਂ ਦਿੱਲੀ 9651670106, 9454056986. govindupadhyay78@gmail.com
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *