–ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੋਜੋ ਨੇ ਲਈ ਚੁਟਕੀ, ਜਦਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਨੇ ਦਿੱਤਾ ਜਵਾਬ
ਬਠਿੰਡਾ,21 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਦੋ ਸਿਆਸੀ ਵਿਰੋਧੀਆਂ ਵਿਚਾਲੇ ਇੱਕ ਵਾਰ ਫਿਰ ਜੰਗ ਛਿੜ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਤੰਜ ਕਸਣ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਜੋਜੋ ਨੇ ਫੇਸਬੁੱਕ ‘ਤੇ ਕੀਤੀ ਸੀ, ਜਿਸ ਦੇ ਜਵਾਬ ‘ਚ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਨੇ ਫੇਸਬੁੱਕ ‘ਤੇ ਉਸੇ ਅੰਦਾਜ਼ ਵਿੱਚ ਦਿੱਤਾ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਦੇਸ਼ ਦੇ ਵਿੱਤ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਗਠਜੋੜ ਬਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇੱਕ ਦੋ ਦਿਨਾਂ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ ਜੈਜੀਤ ਸਿੰਘ ਜੌਹਲ ਨੇ ਫੇਸਬੁੱਕ ‘ਤੇ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਸ਼ਹਿਰੀ ਆਗੂ ਨੇ ਆਪਣੇ ਦਫ਼ਤਰ ਤੋਂ ਭਾਰਤੀ ਜਨਤਾ ਪਾਰਟੀ ਦੇ ਝੰਡੇ ਉਤਾਰ ਦਿੱਤੇ ਹਨ, ਕਿਉਂਕਿ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਸਬੰਧੀ ਬਿਆਨ ਦਿੱਤਾ ਸੀ। ਉਨ੍ਹਾਂ ਦੇ ਉਪਰੋਕਤ ਤਾਅਨੇ ਦਾ ਜਵਾਬ ਦੀਨਵ ਸਿੰਗਲਾ ਨੇ ਉਸੇ ਅੰਦਾਜ਼ ਵਿੱਚ ਦਿੱਤਾ। ਜਿਨ੍ਹਾਂ ਨੇ ਲਿਖਿਆ ਕਿ ਜੀਜਾ ਜੀ ਦੇ ਸਾਲੇ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਜੀਜਾ ਵੱਲ ਧਿਆਨ ਦੇਣ, ਜੋ ਪਾਰਟੀਆਂ ਬਦਲ ਬਦਲ ਕੇ ਬਿਮਾਰ ਹੋ ਗਏ। ਉਨ੍ਹਾਂ ਇਹ ਵੀ ਜਵਾਬ ਦਿੱਤਾ ਕਿ ਸਰੂਪ ਚੰਦ ਸਿੰਗਲਾ ਨੇ ਕਦੇ ਵੀ ਮੌਕਾਪ੍ਰਸਤ ਰਾਜਨੀਤੀ ਨਹੀਂ ਕੀਤੀ, ਜਦਕਿ ਤੁਹਾਡੇ ਜੀਜਾ ਨੇ ਹਮੇਸ਼ਾ ਮੌਕਾਪ੍ਰਸਤ ਰਾਜਨੀਤੀ ਕੀਤੀ ਹੈ। ਫੇਸਬੁੱਕ ‘ਤੇ ਚੱਲ ਰਹੇ ਇਸ ਵਿਵਾਦ ਤੋਂ ਬਾਅਦ ਇਕ ਦੂਜੇ ਦੇ ਸਮਰਥਕ ਲਗਾਤਾਰ ਉਸੇ ਤਰ੍ਹਾਂ ਜਵਾਬ ਦੇ ਰਹੇ ਹਨ। ਇਸ ਸਬੰਧੀ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਝੰਡੇ ਉਤਾਰੇ ਨਹੀਂ ਗਏ, ਸਗੋਂ ਬਦਲੇ ਜਾ ਰਹੇ ਹਨ, ਪਰ ਵਿਰੋਧੀਆਂ ਨੇ ਇੱਕ ਸਾਜ਼ਿਸ਼ ਤਹਿਤ ਇਹ ਅਫ਼ਵਾਹ ਫੈਲਾਈ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਅਗਲੇ ਇੱਕ-ਦੋ ਦਿਨਾਂ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਬੂਥ ਪੱਧਰੀ ਮੀਟਿੰਗ ਵੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਵਿਰੋਧੀਆਂ ਨੂੰ ਖੁਦ ਜਵਾਬ ਮਿਲ ਜਾਵੇਗਾ। ਇਸ ਮਾਮਲੇ ਸਬੰਧੀ ਦੀਨਵ ਸਿੰਗਲਾ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਸਰੂਪ ਚੰਦ ਸਿੰਗਲਾ ਜੀ ਨੂੰ ਬਦਨਾਮ ਕਰਨ ਲਈ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਬੇਸ਼ੱਕ! ਮਾਮਲਾ ਕੁਝ ਵੀ ਹੋਵੇ, ਭਾਰਤੀ ਜਨਤਾ ਪਾਰਟੀ ਦੇ ਉਪਰੋਕਤ ਦੋਵਾਂ ਆਗੂਆਂ ਵੱਲੋਂ ਇੱਕ-ਦੂਜੇ ਬਾਰੇ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।