ਪ੍ਰਬੰਧਕ ਇੱਕ ਵਾਰ ਫਿਰ ਕਰ ਰਹੇ ਹਨ ਬਠਿੰਡਾ ਵਾਸੀਆਂ ਦਾ ਮਨੋਰੰਜਨ
ਬੱਚਿਆਂ ਸਮੇਤ ਹਰ ਉਮਰ ਦੇ ਵਿਅਕਤੀਆਂ ਵੱਲੋਂ ਮਾਣਿਆ ਜਾ ਰਿਹਾ ਮੇਲੇ ਦਾ ਅਨੰਦ
ਬਠਿੰਡਾ, 2 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਕਲ ਦੀ ਭੱਜ-ਦੌੜ ਅਤੇ ਟੈਂਸ਼ਨ ਭਰੀ ਜ਼ਿੰਦਗੀ ਵਿੱਚੋਂ ਮਨੋਰੰਜਨ ਸ਼ਬਦ ਲੋਕਾਂ ਦੇ ਮਨਾਂ ਚੋਂ ਅਲੋਪ ਹੁੰਦਾ ਦਿਖਾਈ ਦੇ ਰਿਹਾ ਹੈ।ਅੱਜ ਛੋਟੇ ਤੋਂ ਲੈਕੇ ਵੱਡੀ ਉਮਰ ਦੇ ਲੱਗਭੱਗ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਟੈਂਸ਼ਨ ਜਾਂ ਫ਼ਿਕਰ ਚਿੰਬੜਿਆ ਦਿਖਾਈ ਦੇ ਰਿਹਾ ਹੈ। ਬਹੁਤੇ ਲੋਕ ਭਾਵੇਂ ਉੱਪਰੋਂ ਖੁਸ਼ ਅਤੇ ਸੰਤੁਸ਼ਟ ਦਿਖਦੇ ਹਨ ਪਰ ਕਿਸੇ ਨਾ ਕਿਸੇ ਚਿੰਤਾ ਕਾਰਨ ਲੋਕਾਂ ਦੇ ਚਿਹਰੇ ਉੱਤੇ ਅਸਲ ਖੁਸ਼ੀ ਨਹੀਂ ਲਭਦੀ। ਪਰ ਅੱਜ ਦੇ ਸਮੇਂ ਵਿਚ ਵੀ ਕੁਝ ਲੋਕ ਲੋਕਾਂ ਦੇ ਮਨੋਰੰਜਨ ਲਈ ਤੱਤਪਰ ਦਿਖਾਈ ਦਿੰਦੇ ਹਨ। ਉਨ੍ਹਾਂ ਵੱਲੋਂ ਇਸ ਬਾਬਤ ਕਈ ਤਰ੍ਹਾਂ ਦੇ ਹੀਲੇ-ਵਸੀਲੇ ਵੀ ਵਰਤੇ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਹੀ ਹੀਲਾ ਕੀਤਾ ਜਾ ਰਿਹਾ ਹੈ ਰੋਜ਼ ਗਾਰਡਨ ਬਠਿੰਡਾ ਨੇੜੇ ਬਲਿਊ ਫਾਕਸ ਗਰਾਊਂਡ ਵਿਖੇ ਚੱਲ ਰਹੇ ਮਨੋਰੰਜਨ ਮੇਲੇ ਦੇ ਪ੍ਰਬੰਧਕਾਂ ਵੱਲੋਂ । ਇਸ ਬਾਰੇ ਗੱਲ ਕਰਦਿਆਂ ਮਨੋਰੰਜਨ ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਉਮਰ ਵਰਗ ਦਾ ਇਨਸਾਨ ਕੀ ਬੱਚਾ ਅਤੇ ਕੀ ਬੁੱਢਾ ਸਭ ਚਿੰਤਾ ਗ੍ਰਸਤ ਲੱਗ ਰਹੇ ਹਨ। ਇਸੇ ਨੂੰ ਧਿਆਨ ਚ ਰਖਦੇ ਹੋਏ ਸਾਡੇ ਵੱਲੋਂ ਇਹ ਇੱਕ ਨਿਮਾਣਾ ਜਿਹਾ ਯਤਨ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਇਸ ਟੈਂਸ਼ਨ ਭਰੀ ਜਿੰਦਗੀ ਤੋ ਲੋਕਾਂ ਨੂੰ ਕੁੱਝ ਸਮੇਂ ਲਈ ਰਾਹਤ ਮਿਲ ਸਕੇ। ਇਸਤੋਂ ਇਲਾਵਾ ਅੱਜ ਕੱਲ ਬੱਚਿਆਂ ਵਿੱਚ ਦਿਨ ਬ ਦਿਨ ਵਧ ਰਿਹਾ ਮੋਬਾਈਲ ਫੋਨ ਦਾ ਰੁਝਾਨ ਉਹਨਾ ਦੇ ਤਨ ਅਤੇ ਮਨ ਲਈ ਕਈ ਤਰ੍ਹਾ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਕੁੱਝ ਸਮੇਂ ਲਈ ਬੱਚਿਆਂ ਨੂੰ ਅਸਲੀ ਅਤੇ ਸਵਾਸਤਿਕ ਮਨੋਰੰਜਨ ਪ੍ਰਦਾਨ ਕਰੀਏ।।ਉਹਨਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਸਾਡਾ ਇਹ ਉਪਰਾਲਾ ਬੜਾ ਹੀ ਪਸੰਦ ਆਇਆ ਹੈ।ਲੋਕਾਂ ਦੇ ਉਤਸ਼ਾਹ ਅਤੇ ਮੰਗ ਨੂੰ ਦੇਖਦਿਆਂ ਪਿਛਲੇ ਕਰੀਬ ਇੱਕ ਦਹਾਕੇ ਤੋਂ ਇਹ ਮੇਲਾ ਸਾਲ ਚ ਦੋ ਵਾਰ ਲਗਾਇਆ ਜਾਂਦਾ ਹੈ । ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਵਿੱਚ ਲੱਗੀਆਂ ਸਟਾਲਾਂ ਤੋ ਕਈ ਪ੍ਰਕਾਰ ਦਾ ਸੱਭਿਆਚਾਰ ਨਾਲ਼ ਸਬੰਧਤ ਸਮਾਨ ਅਤੇ ਸਾਫ਼ ਸੁਥਰਾ ਖਾਣ ਪੀਣ ਦਾ ਸਮਾਨ ਬੜੇ ਹੀ ਕਫਾਇਤੀ ਦਾਮ ਤੇ ਮਿਲਣ ਕਾਰਨ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਅਗਰ ਕੋਈ ਸੱਜਣ ਇੱਥੇ ਕਿਸੇ ਪ੍ਰਕਾਰ ਦੀ ਸਟਾਲ ਲਗਾਉਣਾ ਚਾਹੁੰਦਾ ਹੈ ਤਾਂ 600 ਰੁਪਏ ਪ੍ਰਤੀ ਦਿਨ ਕਿਰਾਏ ਦੇ ਹਿਸਾਬ ਲਗਾ ਸਕਦਾ ਹੈ। ਇਸ ਵਾਰ ਇਹ ਮੇਲਾ 28 ਨਵੰਬਰ ਤੋਂ ਸ਼ੁਰੂ ਹੋਇਆ ਹੈ ਅਤੇ 25 ਦਸੰਬਰ ਤੱਕ ਚੱਲੇਗਾ ਜਿਸਦਾ ਸਮਾਂ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਹੈ। ਜਿਸ ਵਿੱਚ ਅਸੀਂ ਹਰ ਅਮੀਰ ਗ਼ਰੀਬ ਵਰਗ ਦਾ ਧਿਆਨ ਰਖਦੇ ਹੋਏ ਟਿਕਟ ਰੇਟ ਮਮੂਲੀ ਜਿਹਾ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਮੇਲੇ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। । ਕਈ ਤਰ੍ਹਾਂ ਦੇ ਝੂਲੇ ਅਤੇ ਖਾਸ ਕਰਕੇ ਊਠ ਦੀ ਸਵਾਰੀ ਇੱਥੇ ਪਹੁੰਚਣ ਵਾਲੇ ਬੱਚਿਆਂ ਦੀ ਖਾਸ ਪਸੰਦ ਬਣੀ ਹੋਈ ਹੈ। ਇਸ ਮੇਲੇ ਵਿਚ ਪਹੁੰਚੇ ਹੋਏ ਦਾ ਦਰਸ਼ਕਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਅੱਜਕਲ ਦੀ ਤਨਾਉ ਭਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਮਨੋਰੰਜਨ ਮੇਲਿਆਂ ਦਾ ਪ੍ਰਬੰਧ ਕਰਨ ਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
Leave a Comment
Your email address will not be published. Required fields are marked with *