ਫਰੀਦਕੋਟ , 27 ਮਾਰਚ (ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਰੰਗ ਸਾਹਿਤ ਸਭਾ ਫਰੀਦਕੋਟ ਵਲੋਂ ਚੇਅਰਮੈਨ ਪ੍ਰੋ. ਬੀਰਇੰਦਰ ਸਰਾਂ, ਪ੍ਰਧਾਨ ਕਸ਼ਮੀਰ ਮਾਨਾ ਅਤੇ ਸ਼ਿਵਨਾਥ ਦਰਦੀ ਦੀ ਅਗਵਾਈ ਹੇਠ ਬਹੁਪੱਖੀ ਲੇਖਕ ਅਤੇ ਕਲਾਕਾਰ ਈਸ਼ਰ ਸਿੰਘ ਲੰਭਵਾਲੀ ਦੀ ਪੁਸਤਕ ‘ਰੱਬ ਦੀਆਂ ਅੱਖਾਂ’ ਲੋਕ-ਅਰਪਣ ਕੀਤੀ ਗਈ। ਇਸ ਤੋਂ ਇਲਾਵਾ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਸਮਾਰੋਹ ਵਿੱਚ ਡਾ. ਪਰਮਿੰਦਰ ਸਿੰਘ (ਸੇਵਾ-ਮੁਕਤ ਪਿ੍ਰੰਸੀਪਲ) ਮੁੱਖ ਮਹਿਮਾਨ ਜਦਕਿ ਪ੍ਰੋ. ਤਰਸੇਮ ਨਰੂਲਾ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਸਿੱਧ ਆਲੋਚਕ ਤੇ ਚਿੰਤਕ ਡਾ. ਦੇਵਿੰਦਰ ਸੈਫੀ ਨੇ ਮੁੱਖ ਵਕਤਾ ਵਜੋਂ ਪੁਸਤਕ ਬਾਰੇ ਸਾਹਿਤਕ ਦਿ੍ਰਸ਼ਟੀ ਤੋਂ ਵਿਸਥਾਰ ਸਹਿਤ ਚਰਚਾ ਕੀਤੀ। ਸਮਾਰੋਹ ਦੀ ਪ੍ਰਧਾਨਗੀ ਜਸਕਰਨ ਸਿੰਘ ਬੀ.ਪੀ.ਈ.ਓ. ਫਰੀਦਕੋਟ-2 ਨੇ ਕੀਤੀ। ਸਮਾਗਮ ਦੀ ਸ਼ੁਰੂਆਤ ’ਚ ਮੁੱਖ ਪ੍ਰਬੰਧਕ ਸ਼੍ਰੀਮਤੀ ਰਮਨਦੀਪ ‘ਰਮਣੀਕ ਸਪੁੱਤਰੀ ਈਸ਼ਰ ਸਿੰਘ ਲੰਭਵਾਲੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮੁੱਖ ਵਕਤਾ, ਪੱਤਰਕਾਰਾਂ, ਸਹਿਯੋਗੀਆਂ ਅਤੇ ਦੂਰੋਂ-ਨੇੜਿਓਂ ਪਹੁੰਚੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦਾ ਰਿਕਾਰਡ ਕੀਤਾ ਸ਼ੁੱਭਕਾਮਨਾਵਾਂ ਦਾ ਸੰਦੇਸ਼ ਸਰੋਤਿਆਂ ਨੂੰ ਸੁਣਾਇਆ। ਇਸ ਮੌਕੇ ਈਸ਼ਰ ਸਿੰਘ ਲੰਭਵਾਲੀ ਦੇ ਹਮਸਫਰ ਸਰਦਾਰਨੀ ਮਨਜੀਤ ਕੌਰ ਅਤੇ ਦੋਹਤੀਆਂ ਨਵਰੀਤ ਕੌਰ ਤੇ ਨਵਲੀਨ ਕੌਰ ਚੰਡੀਗੜ੍ਹ ਤੋਂ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਨਵਰੀਤ ਕੌਰ ਨੇ ਆਪਣੇ ਨਾਨਾ ਜੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਦੌਰਾਨ ਸਾਹਿਤਕਾਰਾਂ ਨੇ ਬੜੇ ਉਤਸ਼ਾਹ ਨਾਲ ਹਾਜਰੀ ਲਵਾਈ।