ਸਮੱਸਿਆਵਾਂ ਦੇ ਸਬੰਧ ਵਿੱਚ ਮੰਤਰੀ ਜੌੜਾਮਾਜਰਾ ਨੂੰ ਸੌਂਪਿਆ ਮੰਗ ਪੱਤਰ
ਕੋਟਕਪੂਰਾ, 1 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਗਬਾਨਾ ਦੀਆਂ ਮੁਸ਼ਕਿਲਾਂ ਸੁਣਨ ਅਬੋਹਰ ਪਹੁੰਚੇ ਬਾਗਬਾਨੀ ਅਤੇ ਪੰਜਾਬ ਜਲ ਸਰੋਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਦੀ ਅਗਵਾਈ ’ਚ ਮੰਗ ਪੱਤਰ ਦਿੱਤਾ ਗਿਆ। ਆਜਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਨੇ ਸ ਚੇਤਨ ਸਿੰਘ ਜੌੜਾ ਮਾਜਰਾ ਤੋਂ ਮੰਗ ਕੀਤੀ ਕਿ ਨਿੰਬੂ ਪਰਜਾਤੀ ਦੀਆਂ ਮੁੱਖ ਫਸਲਾਂ ਕਿਨੂੰ, ਮਾਲਟਾ ਆਦਿ ਤੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰ ਕੇ ਲਾਗੂ ਕੀਤਾ ਜਾਵੇ। ਬਾਗਬਾਨੀ ਕਰ ਰਹੇ ਕਿਸਾਨਾਂ ਦੀ ਜਮੀਨ ਦੀ ਪਾਣੀ ਦੀ ਵਾਰੀ ਢਾਈ ਗੁਣਾਂ ਕੀਤੀ ਜਾਵੇ। ਬਾਗਬਾਨੀ ਨਾਲ ਸੰਬਧਤ ਫਸਲਾਂ ਦੀ ਮਾਰਕੀਟਿੰਗ ਦਾ ਉਚਿਤ ਪ੍ਰਬੰਧ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਫਸਲ ਵੇਚਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਨੂੰ ਦੀ ਫਸਲ ਦਾ ਸਹੀ ਮੁੱਲ ਮਿਲ ਸਕੇ ਤੇ ਕਿਸਾਨ ਖੁਸਹਾਲ ਹੋ ਸਕਣ। ਇਸ ਮੌਕੇ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਪ੍ਰਜਾਪਤੀ ਅਤੇ ਅਵਤਾਰ ਸਿੰਘ ਨੇ ਮੰਗ ਕੀਤੀ ਕਿ ਕਿਨੂੰ ਦੀ ਫਸਲ ਮਾਰਕੀਟ ਕਮੇਟੀ ਰਾਹੀਂ ਪੰਜਾਬ ਐਗਰੋ ਦੁਆਰਾ ਖਰੀਦੀ ਜਾਵੇ। ਫਲਾਂ ਨਾਲ ਸੰਬਧਤ ਫਸਲਾਂ ਲਈ ਬੀਮਾ ਯੋਜਨਾ ਲਿਆਂਦੀ ਜਾਵੇ ਤਾਂ ਜੋ ਬਾਗਬਾਨਾ ਦੀ ਖਰਾਬ ਹੋਈ ਫਸਲ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਚੇਤਨ ਸਿੰਘ ਜੌੜਾਮਾਜਰਾ ਨੇ ਮੰਗ ਪੱਤਰ ਲੈਣ ਤੋਂ ਬਾਅਦ ਭਰੋਸਾ ਦਿੱਤਾ ਕਿ ਉਹ ਬਾਗਬਾਨਾ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਗੇ। ਇਸ ਮੌਕੇ ਦਵਿੰਦਰ ਸਿੰਘ ਭਾਂਬੂ ਮੀਤ ਪ੍ਰਧਾਨ, ਹਰਗੋਬਿੰਦ ਸਿੰਘ ਬਲਾਕ ਪ੍ਰਧਾਨ, ਰਣਜੀਤ ਸਿੰਘ ਕਾਲਾ ਕੰਬੋਜ ਜਨਰਲ ਸਕੱਤਰ ਅਬੋਹਰ ਬਲਾਕ, ਰਮੇਸ਼ ਜਾਖੜ ਪਰਧਾਨ ਇਕਾਈ ਭਾਗੂ, ਭੋਜ ਰਾਜ ਸਿਆਗ ਪ੍ਰਧਾਨ ਇਕਾਈ ਰਹੂੜਿਆਂ ਵਾਲੀ, ਪਵਨ ਬਿਸ਼ਨੋਈ ਪ੍ਰਧਾਨ ਇਕਾਈ ਸੁਖਚੈਨ, ਸੁਦੇਸ਼ ਸਿਆਗ, ਪ੍ਰਵੀਨ ਕੁਮਾਰ ਖੈਰਪੁਰ, ਸੀਲੂ ਭਾਂਬੂ ਅਤੇ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਸੈਂਕੜੇ ਸਾਥੀ ਹਾਜਰ ਸਨ। ਆਜਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਗੋਦਾਰਾ ਦੀ ਅਗਵਾਈ ਹੇਠ ਚੇਤਨ ਸਿੰਘ ਜੌੜਾ ਮਾਜਰਾ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
Leave a Comment
Your email address will not be published. Required fields are marked with *