ਤੂੰ ਮੇਰਾ ਬਾਬਲ, ਤੇ ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ, ਦੁਆਵਾਂ ਜੁਗ ਜੁਗ ਜੀ ਬਾਪੂ
ਮੈਂ ਜੰਮੀ ਤਾਂ ਤੂੰ, ਬੂਹੇ ਨਿੰਮ ਬ੍ਹਨਾਇਆ ਸੀ
ਮੈਨੂੰ ਗੋਦੀ ਵਿੱਚ, ਬਿਠਾਕੇ ਲਾਡ ਲਡਾਇਆ ਸੀ
ਮੈਨੂੰ ਰੱਬ ਤੋਂ ਵਧ੍ਹਕੇ, ਲੱਗਦੈਂ ਹੋਰ ਕ੍ਹਵਾਂ ਮੈਂ ਕੀ ਬਾਪੂ
ਤੂੰ ਮੇਰਾ ਬਾਬਲ ਤੇ, ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ ਦੁਆਵਾਂ, ਜੁਗ ਜੁਗ ਜੀ ਬਾਪੂ
ਜੋ ਮਰਜ਼ੀ ਆਖੇ ਮੈਨੂੰ, ਕਦੇ ਨਾ ਘੂਰਿਆ ਤੂੰ
ਹਰ ਵਾਰੀ ਬੱਸ, ਮੇਰਾ ਹੀ ਪੱਖ ਪੂਰਿਆ ਤੂੰ
ਤੇਰਾ ਮੇਰਾ ਰਿਸ਼ਤਾ, ਜਿਵੇਂ ਖਿਚੜੀ ਤੇ ਘੀ ਬਾਪੂ
ਤੂੰ ਮੇਰਾ ਬਾਬਲ, ਤੇ ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ ਦੁਆਵਾਂ, ਜੁਗ ਜੁਗ ਜੀ ਬਾਪੂ
ਆਪ ਸਕੂਲੇ ਛੱਡਕੇ ਆਓਨਾਂ, ਆਪ ਲਿਆਓਂਦਾ ਸੀ
ਆਪਣੇ ਕੋਲ ਬਿਠਾਕੇ, ਰੋਟੀ ਆਪ ਖਵਾਂਓਂਦਾ ਸੀ
ਹੱਸਦਾ ਸੀ ਜਦੋਂ, ਮੈਂ ਕੀ ਨੂੰ ਸੀ ਕਹਿੰਦੀ ਤੀ ਬਾਪੂ
ਤੂੰ ਮੇਰਾ ਬਾਬਲ, ਤੇ ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ ਦੁਆਵਾਂ, ਜੁਗ ਜੁਗ ਜੀ ਬਾਪੂ
ਮਰ ਜਾਣੀਏਂ ਕਹਿਕੇ, ਮੈਨੂੰ ਤੂੰ ਨਾ ਕਦੇ ਬਲਾਂਓਦਾ ਸੀ
ਜਿਓਣ ਜੋਗਿਆ ਕਹਿਕੇ, ਮੇਰਾ ਮਾਨ ਵ੍ਹਧਾਓਂਦਾ ਸੀ
ਚਾਰ ਚੁਫੇਰੇ ਦਿਸਦਾ, ਮੈਨੂੰ ਤੂੰ ਹੀ ਬਾਪੂ
ਤੂੰ ਮੇਰਾ ਬਾਬਲ, ਤੇ ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ ਦੁਆਵਾਂ, ਜੁਗ ਜੁਗ ਜੀ ਬਾਪੂ
ਜ਼ਿੰਦਗੀ ਦੇ ਵਿੱਚ, ਤੇਰੀ ਸਦਾ ਹੀ ਘਾਟ ਰਹੂ
ਚੇਤਿਆਂ ਦੇ ਵਿੱਚ, ਪੇਕਿਆਂ ਦੇ ਪਿੰਡ ਦੀ ਵਾਟ ਰਹੂ
ਘੁੱਟ ਸਬਰਾਂ ਦੇ ਲੈਨੀਂ ਆਂ , ਹੁਣ ਮੈਂ ਪੀ ਬਾਪੂ
ਤੂੰ ਮੇਰਾ ਬਾਬਲ ਤੇ, ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ ਦੁਆਵਾਂ, ਜੁਗ ਜੁਗ ਜੀ ਬਾਪੂ
ਸਿੱਧੂ ਧੀ ਤੇ ਪੁੱਤ ਨੇ ਇੱਕ, ਬਰਾਬਰ ਤੂੰ ਸਮਝਾਉਂਦਾ ਸੀ
ਮੀਤੇ ਮੀਤੇ ਕਹਿਕੇ, ਮੈਨੂੰ ਜਦੋਂ ਬਲਾਂਓਂਦਾ ਸੀ
ਨੰਗੇ ਪੈਰੀਂ ਭੱਜਕੇ, ਮੈਂ ਆਂਓਂਦੀ ਸੀ ਬਾਪੂ
ਤੂੰ ਮੇਰਾ ਬਾਬਲ ਤੇ, ਮੈਂ ਤੇਰੀ ਧੀ ਬਾਪੂ
ਕਰਦੀ ਰ੍ਹਵਾਂ ਦੁਆਵਾਂ, ਜੁਗ ਜੁਗ ਜੀ ਬਾਪੂ
ਅਮਰਜੀਤ ਸਿੰਘ ਸਿੱਧੂ ਬਠਿੰਡਾ
Leave a Comment
Your email address will not be published. Required fields are marked with *