ਦੀਪ ਸਿੰਘ ਨੇ ਵਿੱਚ ਸ਼ਹੀਦਾਂ, ਵੱਡਾ ਰੁਤਬਾ ਪਾਇਆ।
ਭਾਈ ਭਗਤਾ ਦਾ ਬਲੀ ਬੇਟਾ ਸੀ, ਜੀਉਣੀ ਮਾਂ ਦਾ ਜਾਇਆ॥
ਸਿੰਘ ਸੂਰਮਾ ਸਿਰਲੱਥ ਜੰਮਿਆ, ਯੋਧਾ ਤੇ ਵਿਦਵਾਨ।
ਗੁਣੀ-ਗਿਆਨੀ, ਸੰਤ-ਸਿਪਾਹੀ, ਦੀਪਾ ਮੁੱਢਲਾ ਨਾਮ॥
ਛਕ ਅੰਮ੍ਰਿਤ ਦਸ਼ਮੇਸ਼ ਪਿਤਾ ਤੋਂ, ਗੁਰੂ ਤੋਂ ਲਈ ਅਸੀਸ।
ਹਰਿਮੰਦਰ ਦੀ ਰੱਖਿਆ ਖਾਤਰ, ਤਲੀ ਤੇ ਰੱਖਿਆ ਸੀਸ॥
ਗੁਰੂ ਦੀ ਸੈਨਾ ਵਿੱਚ ਰਹਿ ਉਸਨੇ, ਕੀਤੇ ਯੁੱਧ ਅਨੇਕ।
ਸੱਚੇ ਪਰਵਦਗਾਰ ਤੇ ਉਸਨੇ, ਰੱਖੀ ਹਮੇਸ਼ਾ ਟੇਕ॥
ਸਾਬੋ ਕੀ ਤਲਵੰਡੀ ਆਇਆ, ਗੁਰੂ ਦੀ ਸਿੱਖਿਆ ਧਾਰੀ।
ਖੁਸ਼ ਹੋ ਉਹਦੀ ਸੇਵਾ ਤੋਂ ਗੁਰ, ਸੌਂਪੀ ਸੀ ਜੱਥੇਦਾਰੀ॥
ਗੁਰੂ ਗ੍ਰੰਥ ਸਾਹਿਬ ਦੇ ਬਾਬੇ, ਕੀਤੇ ਚਾਰ ਉਤਾਰੇ।
ਉਹਦੇ ਕੌਤਕ ਅਜਬ-ਅਨੋਖੇ, ਜਾਵਾਂ ਮੈਂ ਬਲਿਹਾਰੇ॥
ਬਾਬਾ ਜੀ ਨੇ ਵਿੱਚ ਤਲਵੰਡੀ, ਖੂਹ ਸੀ ਇੱਕ ਲਗਵਾਇਆ।
ਠੰਡੇ-ਮਿੱਠੇ ਪਾਣੀ ਦਾ ਪਿਆ, ਵਗੇ ਅਜੇ ਸਰਮਾਇਆ॥
ਭੋਰੇ ਬੈਠ ਤਪੱਸਿਆ ਕੀਤੀ, ਓਸ ਬਹਾਦਰ ਸੂਰੇ।
ਬੁਰਜ ਓਸਦੀ ਯਾਦ ‘ਚ ਅੱਜ ਤੱਕ, ਪਿਆ ਵੈਰੀ ਨੂੰ ਘੂਰੇ॥
ਮਿਲ ਕੇ ਨਾਲ ‘ਬਹਾਦਰ ਬੰਦੇ’, ਦੁਸ਼ਮਣ ਸਨ ਕਈ ਸੋਧੇ।
ਕੋਈ ਮੁਗਲ ਨਾ ਟਿਕਿਆ ਸਾਹਵੇਂ, ਏਸ ਬਹਾਦਰ ਯੋਧੇ॥
ਕਰਕੇ ਇੱਕਮੁੱਠ ਸਿੱਖਾਂ ਨੂੰ ਉਸ, ‘ਮਿਸਲ ਸ਼ਹੀਦ’ ਬਣਾਈ।
ਥਰ-ਥਰ ਜ਼ਾਲਮ ਕੰਬਣ ਲੱਗੇ, ਐਸੀ ਧਾਕ ਜਮਾਈ॥
ਅਬਦਾਲੀ ਨੇ ਹਮਲਾ ਕਰਕੇ, ਹਿੰਦੋਸਤਾਨ ਡਰਾਇਆ।
ਬਾਬਾ ਨੇ ਫ਼ਿਰ ਬੋਲ ਕੇ ਹੱਲਾ, ਔਰਤਾਂ ਨੂੰ ਛੁਡਵਾਇਆ॥
ਖਾਨ ਜਹਾਨ ਬੇਅਦਬੀ ਕੀਤੀ, ਸਾਡੇ ਅੰਮ੍ਰਿਤ-ਸਰ ਦੀ।
ਪੂਰ ਦਿੱਤਾ ਉਸ ਪਾਕ ਸਰੋਵਰ, ਜੀਭ ਆਖਣੋੰ ਡਰਦੀ॥
ਸੁਣੀ ਖ਼ਬਰ ਜਦ ਦੀਪ ਸਿੰਘ ਨੇ, ਖਾਧਾ ਖ਼ੂਨ ਉਬਾਲੇ।
ਸਿੰਘ ਝੱਈਆਂ ਲੈ ਉੱਠੇ, ਸਨ ਜੋ ਮਰਨ-ਮਾਰਨ ਨੂੰ ਕਾਹਲੇ॥
ਅੱਗੇ ਵਧ ਕੇ ਦੀਪ ਸਿੰਘ ਨੇ, ਖਿੱਚੀ ਇੱਕ ਲਕੀਰ।
‘ਜਾਨ ਵਾਰਨੀ ਜਾਣੇ ਜਿਹੜਾ, ਵਧੇ ਅੱਗੇ ਉਹ ਵੀਰ’॥
ਅੰਮ੍ਰਿਤਸਰ ਤੋਂ ਕੁਝ ਦੂਰੀ ਤੇ, ਸਖ਼ਤ ਟਾਕਰਾ ਹੋਇਆ।
ਵੇਖ ਮੁਗਲ ਦੀ ਫ਼ੌਜ ਵਡੇਰੀ, ਜ਼ਰਾ ਨਾ ਧੀਰਜ ਖੋਇਆ॥
ਰੋਹ ਵਿੱਚ ਆ ਕੇ ਬਾਬੇ ਨੇ ਫ਼ਿਰ, ਉਹ ਖੜਕਾਇਆ ਖੰਡਾ।
ਏਦੂੰ ਪਾਰੋਂ ਓਸ ਪਾਰ ਉਸ, ਕੀਤਾ ਦੁਸ਼ਮਣ ਠੰਡਾ॥
ਗਹਿਗੱਚ ਓਸ ਲੜਾਈ ਦੇ ਵਿੱਚ, ਸਿੰਘ ਜ਼ਰਾ ਨਾ ਡੋਲੇ।
ਹੱਸ-ਹੱਸ ਦੇਣ ਸ਼ਹੀਦੀ ਜੰਗ ਵਿੱਚ, ਗਾਉਂਦੇ ਗੁਰੂ ਦੇ ਸੋਹਲੇ॥
ਸਿੰਘ ਸੂਰਮੇ ਰਣ-ਭੂਮੀ ਵਿੱਚ, ਸ਼ੇਰਾਂ ਵਾਂਗੂੰ ਗੱਜੇ।
ਸੀਸ ਤਲੀ ਤੇ ਰੱਖ ਕੇ ਬਾਬੇ, ਵੈਰੀ ਲਾ ਲਿਆ ਅੱਗੇ॥
ਸੀਸ ਭੇਟ ਕਰ ਗੁਰ-ਚਰਨਾਂ ਵਿੱਚ, ਅੰਤਿਮ ਫ਼ਤਹਿ ਬੁਲਾਈ।
ਬਾਬਾ ਦੀਪ ਸਿੰਘ ਨੇ ਏਦਾਂ, ਸਿੱਖੀ ਤੋੜ ਨਿਭਾਈ॥
ਪ੍ਰੀਤ ਦੀ ਰੀਤ ਨਿਭਾਉਣੀ ਔਖੀ, ਸੌਖਾ ਬੜਾ ਹੈ ਕਹਿਣਾ।
ਦਰ ਦਾਤੇ ਦੇ ਢਹਿ ਪੈ ਬੰਦਿਆ, ਚਾਹਵੇਂ ਜੇ ਕੁਝ ਲੈਣਾ॥
ਖੰਨਿਓਂ ਤਿੱਖੀ, ਵਾਲੋਂ ਨਿੱਕੀ, ਪਾਕ-ਪਵਿੱਤਰ ਸਿੱਖੀ।
ਹੋ ਨਤਮਸਤਕ ਦੀਪ ਸਿੰਘ ਨੂੰ, ‘ਐੱਨ.ਐੱਸ.’ ਕਵਿਤਾ ਲਿਖੀ॥
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *