ਫਰੀਦਕੋਟ, 8 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ, ਤਲਵੰਡੀ ਰੋਡ ਫਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਇੰਸਸਿਜ ਵਲੋਂ ਮਾਨਤਾ ਪ੍ਰਾਪਤ ਕਾਲਜਾਂ ਦੀ ਵਰਕਸ਼ਾਪ ਲਾਈ ਗਈ। ਜਿਸ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਿਜ਼ ਦੇ ਉਪ ਕੁਲਪਤੀ ਪ੍ਰੋਫੈਸਰ ਡਾ. ਰਾਜੀਵ ਸੂਦ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ਈ-ਸਰੋਤਾਂ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਡਾਕਟਰ ਅਤੇ ਵਿਦਿਆਰਥੀ ਮੌਜੂਦਾ ਸਮੇਂ ’ਚ ਆਪਣੇ ਹੁਨਰ ਦਾ ਵਿਕਾਸ ਕਰ ਸਕਣ। ਡਾ. ਰਾਜੀਵ ਸੂਦ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਅੱਜ ਦਾ ਯੁੱਗ ਹਰੀ ਕ੍ਰਾਂਤੀ, ਇੰਡਸਟਰੀਅਲ ਕ੍ਰਾਂਤੀ, ਵਿਗਿਆਨ ਕ੍ਰਾਂਤੀ ਤੋਂ ਬਾਅਦ ਡਿਜ਼ੀਟਲ ਕ੍ਰਾਂਤੀ ’ਚੋਂ ਲੰਘ ਰਿਹਾ ਹੈ। ਅੱਜ ਅਸੀਂ ਡਿਜ਼ੀਟਲ ਇੰਡੀਆ ਦੀ ਗੱਲ ਕਰ ਰਹੇ ਹਾਂ ਅਤੇ ਮੈਡੀਕਲ ਕਿੱਤਾ ਵੀ ਇਸ ਤੋਂ ਪਿੱਛੇ ਨਹੀਂ ਹੈ। ਅੱਜ ਦੇ ਇਸ ਡਿਜ਼ੀਟਲ ਯੁੱਗ ’ਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ ਨਾਲ ਇਹਨਾਂ ਈ ਸਰੋਤਾਂ ਨੂੰ ਜ਼ਰੂਰੀ ਸਮਝਦਿਆਂ ਉਪਲਬਧ ਕਰਵਾਇਆ ਜਾ ਸਕਦਾ ਹੈ, ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਦਾ ਮੁੱਖ ਟੀਚਾ ਹੈ। ਡਾ. ਸੂਦ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਤੋਂ ਇਨ੍ਹਾਂ ਈ ਸਰੋਤਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਐਬਸਕੋ ਅਤੇ ਮੈਡੀਸਸ ਕੰਪਨੀ ਦੀ ਸਹਾਇਤਾ ਨਾਲ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਸਾਰੇ ਮੈਡੀਕਲ, ਡੈਂਟਲ, ਨਰਸਿੰਗ ਅਤੇ ਫਿਜ਼ੀਓਥਰੈਪੀ ਆਦਿ ਸਾਰੇ ਕਾਲਜਾਂ ਦੇ ਡਾਕਟਰ ਅਤੇ ਵਿਦਿਆਰਥੀ ਇਸ ਕਾਰਜ ਤੋਂ ਉਤਸ਼ਾਹਿਤ ਹਨ। ਡਾ. ਸੂਦ ਨੇ ਇਸ ਵਰਕਸ਼ਾਪ ਦੀ ਸ਼ੁਰੂਆਤ ਦਸਮੇਸ਼ ਡੈਂਟਲ ਕਾਲਜ ਵਿਖੇ ਸ਼ੁਰੂ ਕਰਨ ’ਤੇ ਸੰਸਥਾ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜ਼ੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੇ ਇਸ ਕੰਮ ਦੀ ਭਰਪੂਰ ਸ਼ਲਾਘਾ ਕੀਤੀ।