ਫਰੀਦਕੋਟ , 29 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ’ਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਖੇਡ ਟੂਰਨਾਮੈਂਟ ਦੀ ਸ਼ੁਰੂਆਤ ਦੌਰਾਨ ਬਲਜਿੰਦਰ ਸਿੰਘ (ਜਿਲਾ ਖੇਡ ਅਫਸਰ, ਫਰੀਦਕੋਟ) ਨੇ ਬਤੌਰ ਮੁੱਖ ਮਹਿਮਾਨ, ਦਰਸ਼ਨਪਾਲ ਸ਼ਰਮਾ ਅਤੇ ਸੁਰਿੰਦਰ ਸਿੰਘ ਰੋਮਾਣਾ (ਮੈਨੇਜਿੰਗ ਕਮੇਟੀ ਮੈਂਬਰ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਖੇਡ ਸਮਾਰੋਹ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮਨੀਸ਼ ਖੂੰਗਰ (ਖੇਡ ਇੰਚਾਰਜ) ਨੇ ਦੱਸਿਆ ਕਿ ਇਹ ਖੇਡ ਟੂਰਨਾਮੈਂਟ 28 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ’ਚ ਬੀ.ਏ.ਐਲ.ਐਲ.ਬੀ. (ਪੰਜ ਸਾਲਾ ਕੋਰਸ) ਅਤੇ ਐਲ.ਐਲ.ਬੀ. (ਤਿੰਨ ਸਾਲਾ ਕੋਰਸ) ਦੇ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਖੇਡਾਂ ਜਿਵੇਂ ਕਿ੍ਰਕੇਟ, ਵਾਲੀਬਾਲ, ਬੈਡਮਿੰਟਨ, ਚੈੱਸ, ਰੱਸਾ-ਕੱਸ਼ੀ ਅਤੇ 100 ਮੀਟਰ ਰੇਸ ਆਦਿ ਖੇਡਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਸਦਾ ਹੀ ਮੱਲਾਂ ਮਾਰੀਆਂ ਹਨ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਾਲਜ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਹੋਇਆਂ ਕਿਹਾ ਕਿ ਵਿਦਿਆਰਥੀਆਂ ਦੇ ਖੇਡ ਹੁਨਰ ਨੂੰ ਬਿਹਤਰ ਬਣਾਉਣ ਲਈ ਉਹ ਸਦਾ ਹੀ ਯਤਨਸ਼ੀਲ ਰਹਿਣਗੇ। ਅੰਤ ’ਚ ਸੁਰਿੰਦਰ ਸਿੰਘ ਰੋਮਾਣਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ-ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਿਰ ਰਹੇ।