ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਅਧਿਆਪਕਾਂ ਵਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਬੱਚਿਆਂ ਵਲੋਂ ਅਰਦਾਸ ਵੀ ਕੀਤੀ ਗਈ ਅਤੇ ਦੇਗ ਦਾ ਪ੍ਰਸ਼ਾਦ ਵਰਤਾਇਆ ਗਿਆ। ਗੁਰਪੁਰਬ ਨਾਲ ਸਬੰਧਤ ਇੱਕ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਕਲਾਸ ਨਰਸਰੀ ਦੇ ਬੱਚਿਆਂ ਵਲੋਂ ਮੂਲ-ਮੰਤਰ ਦਾ ਉਚਾਰਨ ਬਹੁਤ ਹੀ ਸ਼ੁੱਧ ਅਤੇ ਵਧੀਆ ਤਰੀਕੇ ਨਾਲ ਕੀਤਾ ਗਿਆ। ਜਮਾਤ-ਦੇ ਬੱਚਿਆਂ ਵਲੋਂ ਗੀਤ ‘ਉਹ ਸਿੱਖ ਗੁਰੂ ਦਾ’ ਅਤੇ ਕਲਾਸ ਦੂਸਰੀ ਦੇ ਬੱਚਿਆਂ ਵਲੋਂ ਕਵਿਤਾ ‘ਸਤਿਗੁਰ ਨਾਨਕ ਆਏ ਨੇ’ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਸਕੂਲ ਪਿ੍ਰੰਸੀਪਲ ਯਸ਼ੂ ਧਿੰਗੜਾ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਉਦੋਂ ਹੋਇਆ ਜਦੋਂ ਪਾਪਾਂ ਦਾ ਬੋਲਬਾਲਾ ਬਹੁਤ ਵੱਧ ਗਿਆ ਸੀ। ਗੁਰੂ ਨਾਨਕ ਦੇਵ ਦੀ ਦੇ ਆਗਮਨ ਤੋਂ ਬਾਅਦ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅਤੇ ਗੁਰੂ ਜੀ ਨੇ ਦੁਨੀਆਂ ਨੂੰ ਹਨੇਰੇ ’ਚੋਂ ਕੱਢ ਕੇ ਪ੍ਰਕਾਸ਼ (ਗਿਆਨ) ਵੱਲ ਲਿਆਂਦਾ ਅਤੇ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਉਪਦੇਸ਼ ਦਿੱਤਾ। ਉਹਨਾਂ ਨੇ ਬੱਚਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਸਫਲ ਬਨਾਉਣ ਲਈ ਪ੍ਰੇਰਿਆ। ਅਧਿਆਪਕਾਂ ਵਲੋਂ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਕਵਿਤਾ, ਭਾਸ਼ਣ ਪੇਸ਼ ਕੀਤੇ ਗਏ।