ਗੁਰੂਦੇਵ ਡਾ਼ ਤੇਜਵੰਤ ਮਾਨ ਦਾ ਨਾਂਅ ਜ਼ਹਿਨ ਵਿੱਚ ਆਉਂਦਿਆਂ ਹੀ ਅੰਦਰੋਂ ਕੋਈ ਤੂਫ਼ਾਨ ਜਿਹਾ ਉੱਠ ਪੈਂਦਾ ਹੈ | ਪੰਜਾਬੀ ਸ਼ਬਦ ਦੀ ਰਾਖੀ ਅਤੇ ਪੰਜਾਬੀ ਕੌਮੀਅਤ ਦੀ ਉਸਾਰੀ ਲਈ ਡਾ ਮਾਨ ਸਾਹਬ ਦੀ ਜਰਨੈਲੀ ਹੇਠ ਜੰਗ ਲੜ ਰਹੀ ਬਾਬੇ ਬੋਹੜ ਦੀ ਸਾਹਿਤਕ ਫ਼ੌਜ ਦਾ ਸਰਗਰਮ ਸਿਪਾਹੀ ਹੋਣ ਦਾ ਮਾਨ ਮਹਿਸੂਸ ਜਿਹਾ ਹੁੰਦਾ ਹੈ | ਮੈ ਮਾਨਸਿਕ ਤੌਰ ਉੱਤੇ ਪ੍ਰਪੱਖ ਇਰਾਦਾ ਕੀਤਾ ਹੋਇਆ ਹੈ ਕਿ ਇਸ ਜੰਗ ਵਿਚ ਆਪਣਾ ਬਣਦਾ ਯੋਗਦਾਨ ਪਉਂਦਾ ਰਹਾਂਗਾ | ਮੌਜੂਦਾ ਸਮੇ ਵਿਚ ਡਾ਼ ਤੇਜਵੰਤ ਮਾਨ, ਪੰਜਾਬੀ ਸ਼ਬਦ ਤੇ ਪੰਜਾਬੀ ਕੌਮੀਅਤ ਦੀ ਰਾਖੀ ਕਰੋ ਲਹਿਰ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ |
ਡਾ਼ ਤੇਜਵੰਤ ਮਾਨ ਵੱਲੋ ਪੰਜਾਬੀ ਸਾਹਤਿਕ ਲਹਿਰ ਨੂੰ ਜੱਥੇਬੰਦ ਕਰਦਿਆਂ ਪੰਜਾਬ ਦੇ ਪਿੰਡਾਂ ਦੀਆ ਸੱਥਾਂ ਤੇ ਕਿਰਤੀ ਵਿਹੜਿਆਂ ਵਿੱਚ ਦਿੱਤੇ ਜਾਂਦੇ ਲੰਬੇ ਭਾਸ਼ਣਾਂ ਵਿੱਚੋਂ ਪੰਜਾਬੀ ਸ਼ਬਦ ਅਤੇ ਪੰਜਾਬੀ ਕੌਮੀਅਤ ਦੀ ਰਾਖੀ ਦਾ ਕੀਤਾ ਸੰਕਲਪ ਦੁਪਹਿਰ ਵੇਲੇ ਸਿਰ ਉੱਪਰ ਸੂਰਜ ਦੀ ਤਰਾਂ ਚਮਕਦਾ ਹੈ। ਡਾ਼ ਤੇਜਵੰਤ ਮਾਨ ਦੇ ਚਿੰਤਨ ਵਿੱਚਲਾ ਪੰਜਾਬੀ ਕੌਮੀਅਤ ਦਾ ਦਰਿੜਸੰਕਲਪ ਇਨਕਲਾਬੀ ਗੁਰਮਤਿ ਫ਼ਲਸਫ਼ੇ, ਸਿੱਖ ਸੰਘਰਸ਼ ਤੇ ਮਾਰਕਸੀ ਫ਼ਲਸਫ਼ੇ ਦੇ ਅਮਲੀ ਸਾਂਝੇ ਸੰਗਮ ਦਾ ਅੰਮ੍ਰਿਤ ਹੈ। ਉਹ ਪੰਜਾਬੀ ਕੌਮੀਅਤ ਦਾ ਸੰਕਲਪ ਸਿੱਖ ਕਿਸਾਨੀ ਤੇ ਖੇਤੀਹਰ ਮਜ਼ਦੂਰ ਜਮਾਤ ਦੇ ਸਿਰ ‘ਤੇ ਮਜ਼ਬੂਤ ਕਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਜਮਾਤਾਂ ਕੋਲੋਂ ਹੀ ਪੰਜਾਬੀ ਕੌਮੀਅਤ ਦੀ ਰਾਖੀ ਚਾਹੁੰਦੇ ਹਨ। ਡਾ. ਤੇਜਵੰਤ ਮਾਨ ਦੇ ਇਸ ਸਿੱਖ ਫ਼ਲਸਫ਼ੇ ਤੇ ਮਾਰਕਸੀ ਫ਼ਲਸਫ਼ੇ ਦੇ ਸਾਂਝੇ ਸਰੋਤ ਦਾ ਕਾਰਨ ਪਰਿਵਾਰਕ ਜੈਨੇਟਿਕ ਹੈ। ਉਨ੍ਹਾਂ ਦੇ ਮਾਤਾ ਜੀ ਪੰਚ ਖ਼ਾਲਸਾ ਦੀਵਾਨ ਭਸੌੜ ਦੇ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਲਾਲ ਸਿੰਘ ਸੰਗਰੂਰ ਦੀ ਪੁੱਤਰੀ ਸਨ। ਜਿਨ੍ਹਾਂ ਕਰਕੇ ਮਾਨ ਸਾਹਿਬ ਦੇ ਖੂਨ ਵਿਚ ਇਨਕਲਾਬੀ ਸਿੱਖ ਫ਼ਲਸਫ਼ਾ ਦੌੜਦਾ ਹੈ। ਦੂਜਾ ਕਾਰਨ ਉਨ੍ਹਾਂ ਦੇ ਪਿਤਾ ਜੀ ਸ: ਅਜੀਤ ਸਿੰਘ ਮਾਨ ਦਾ ਪੁਰਾਣੇ ਸਮਿਆਂ ਦੇ ਬੀ.ਏ., ਬੀ.ਟੀ. ਅਤੇ ਮਾਰਕਸੀ ਸਾਹਿਤ ਚਿੰਤਨ ਦਾ ਵਿਦਿਆਰਥੀ ਹੋਣਾ ਸੀ। ਇਨ੍ਹਾਂ ਤੋਂ ਇਲਾਵਾ ਮਾਨ ਸਾਹਿਬ ਦੇ ਮਾਮਾ ਜੀ ਅਤੇ ਮਾਲਵੇ ਦੀ ਕਮਿਊਨਿਸਟ ਲਹਿਰ ਦੇ ਸਿਰਜਕ ਅਤੇ ਪੈਪਸੂ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਹਰਨਾਮ ਸਿੰਘ ਚਮਕ ਜੀ ਦਾ ਘਰੇ ਆਉਣ-ਜਾਣ ਕਾਰਨ ਮਾਨ ਸਾਹਿਬ ਦੀ ਚੇਤਨਾ ਨੇ ਇਕ ਪਾਸੇ ਮਾਂ ਤੋਂ ਨਾਨਕਿਆਂ ਵਲੋਂ ਇਨਕਲਾਬੀ ਸਿੱਖ ਫ਼ਲਸਫ਼ਾ ਅਤੇ ਪਿਤਾ ਜੀ ਤੋਂ ਦਾਦਕਿਆਂ ਵਲੋਂ ਮਾਰਕਸੀ ਵਿਰੋਧ ਵਿਕਾਸੀ ਫ਼ਲਸਫ਼ਾ ਗ੍ਰਹਿਣ ਕੀਤਾ। ਇਨ੍ਹਾਂ ਦੋਵੇਂ ਸਾਂਝੇ ਲੋਕਪੱਖੀ ਫ਼ਲਸਫ਼ਿਆਂ ਦੇ ਸੰਗਮ ਵਿਚੋਂ ਪੰਜਾਬੀ ਕੌਮੀਅਤ ਦਾ ਗਿਆਨ ਰੂਪੀ ਅੰਮ੍ਰਿਤ ਪੈਦਾ ਹੁੰਦਾ ਹੈ। ਇਸ ਸਾਂਝੇ ਲੋਕਪੱਖੀ ਗੁਰਮਿਤ ਫ਼ਲਸਫ਼ੇ ਅਤੇ ਵਿਰੋਧ-ਵਿਕਾਸੀ ਮਾਰਕਸੀ ਫ਼ਲਸਫ਼ੇ ਦੇ ਗਿਆਨ ਰੂਪੀ ਅੰਮ੍ਰਿਤ ਨੂੰ ਜਿਥੇ ਮੇਰੇ ਵਰਗਿਆਂ ਹੋਰਨਾਂ ਬਹੁਤ ਸਾਰੇ ਵਿਦਿਆਰਥੀਆਂ ਨੇ ਚੱਖਿਆ ਹੈ, ਉਥੇ ਮੈਨੂੰ ਮਾਣ ਹੈ ਕਿ ਮੈਂ ਇਸ ਅੰਮ੍ਰਿਤ ਨੂੰ ਸਿਰਫ਼ ਚੱਖਿਆ ਹੀ ਨਹੀਂ ਡੀਕ ਲਾ ਕੇ ਪੀਤਾ ਹੈ। ਗੁਰੂਦੇਵ ਡਾ. ਤੇਜਵੰਤ ਮਾਨ ਪੰਜਾਬੀ ਸਾਹਿਤ ਦੇ ਨਾਇਕ ਸਬੰਧੀ ਵੀ ਆਪਣੇ ਸਾਹਿਤ ਚਿੰਤਨ ਵਿੱਚ ਪ੍ਰਗਟ ਕਰਦੇ ਹਨ ਕਿ ਜੇਕਰ ਘਟਨਾ ਸਾਹਿਤ ਪੈਦਾ ਕਰਦੀ ਹੈ ਤਾ ਸਾਹਿਤ ਵੀ ਘਟਨਾ ਪੈਦਾ ਕਰਦਾ ਹੈ। ਇਸ ਲਈ ਨਾਇਕ ਦੇ ਪ੍ਰਭਾਵ ਨੂੰ ਕਬੂਲ ਕਰਦਿਆਂ ਉਹ ਇਸ ਵਿਚਾਰ ਦੇ ਹਨ ਕਿ ਪੰਜਾਬੀ ਸਾਹਿਤ ਦਾ ਨਾਇਕ ਕਿਸਾਨੀ ਕਿਰਦਾਰ ਵਾਲਾ, ਪਹਿਲ ਕਦਮੀ ਕਰਨ ਵਾਲਾ ਨਾਬਰੀ ਸੁਭਾਅ ਦਾ ਹੋਣਾ ਚਾਹੀਦਾ ਹੈ। ਉਹ ਗੁਰਦਿਆਲ ਸਿੰਘ ਦੇ ਦਬੂ ਸੁਭਾਅ ਵਾਲੇ ਨਾਇਕ ਨੂੰ ਮਾਨਤਾ ਨਹੀਂ ਦਿੰਦੇ। ਡਾ. ਤੇਜਵੰਤ ਮਾਨ ਦੇ ਚਿੰਤਨ ਦੀ ਇਕ ਹੋਰ ਵੱਡੀ ਵਿਸ਼ੇਸ਼ਤਾ ਹੈ ਕਿ ਉਹ ਬਾਬੇ ਬੋਹੜ ਦੀ ਤਰ੍ਹਾਂ ਸਿੱਖ ਪਛਾਣ ਨੂੰ ਹੀ ਪੰਜਾਬੀ ਪਛਾਣ ਮਨ ਲੈਣ ਦੇ ਪੱਖੀ ਹਨ।ਉਹ ਭਾਸ਼ਾਈ ਕੌਮੀਅਤਾਂ ਦੀ ਕੀਮਤ ‘ਤੇ ਕਾਲਪਨਿਕ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਵਿਰੋਧੀ ਹਨ। ਉਹ ਸਹੀ ਅਰਥਾਂ ਵਿਚ ਭਾਰਤ ਨੂੰ ਸੰਘਵਾਦ ਦੇ ਰੂਪ ਵਿਚ ਵੱਧਦਾ ਫੁੱਲਦਾ ਵੇਖਣਾ ਚਾਹੁੰਦੇ ਹਨ। ਉਹ ਭਾਰਤ ਦੀਆਂ ਸਾਰੀਆਂ ਭਾਸ਼ਾਈ ਘੱਟ ਗਿਣਤੀਆਂ ਧਾਰਮਿਕ ਘੱਟ ਗਿਣਤੀਆਂ ਅਤੇ ਕਬਾਇਲੀ ਘੱਟ ਗਿਣਤੀਆਂ ਨੂੰ ਸੱਚੇ ਸੰਘਵਾਦ ਵਿਚ ਆਜ਼ਾਦੀ ਦਿਵਾਉਣਾ ਚਾਹੁੰਦੇ ਹਨ। ਕਮਿਊਨਿਸਟ ਪਾਰਟੀਆਂ ਨਾਲ ਖ਼ਾਸ ਤੌਰ ‘ਤੇ ਭਾਰਤ ਦੀ ਸੀ.ਪੀ.ਆਈ.ਐਮ. ਨਾਲ ਉਨ੍ਹਾਂ ਦਾ ਸੰਬੰਧ ਸਦਾ ਤਲਖ਼ੀ ਭਰਿਆ ਰਿਹਾ ਹੈ ਕਿਉਂਕਿ ਬਾਬਾ ਬੋਹੜ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਕਸਿਮ ਗੋਰਕੀ ਦਾ ਸਮਕਾਲੀ ਸੀ ਅਤੇ ਕਮਿਊਨਿਸਟ ਪਾਰਟੀ ਨਾਲ ਚਿੰਤਕ ਅਤੇ ਲੇਖਕ ਦਾ ਸੰਬੰਧ ਕਿਹੋ ਜਿਹਾ ਹੋਵੇ ਇਹ ਵੱਡਾ ਸਵਾਲ ਸੀ। ਬਾਬਾ ਬੋਹੜ ਅਤੇ ਬਾਬੇ ਬੋਹੜ ਦਾ ਸਾਹਿਤਕ ਵਾਰਸ ਡਾ. ਤੇਜਵੰਤ ਮਾਨ ਸਾਹਿਬ ਇਸ ਵਿਚਾਰ ਦੇ ਸਨ ਕਿ ਲੇਖਕ ਕਮਿਊਨਿਸਟ ਪਾਰਟੀ ਦਾ ਵਿਸ਼ਵਾਸ ਪਾਤਰ ਹੋਵੇ ਪਰ ਪਾਰਟੀ ਦਾ ਕਾਰਡ ਹੋਲਡਰ ਨਾ ਹੋਵੇ। ਇਸ ਸੰਬੰਧੀ ਕਮਿਊਨਿਸਟ ਪਾਰਟੀ ਨਾਲ ਸੰਬੰਧਾਂ ਨੂੰ ਲੈ ਕੇ ਟਾਲਸਟਾਏ ਅਤੇ ਮੈਕਸਿਮ ਗੋਰਕੀ ਸੰਬੰਧੀ ਲੈਨਿਨ ਦੁਆਰਾ ਕਹੇ ਗਏ ਸ਼ਬਦਾਂ ਤੋਂ ਉਜਾਗਰ ਹੋ ਜਾਂਦੇ ਹਨ। ਸੀ.ਪੀ.ਐਮ. ਜਿਸ ਨੂੰ ਬਾਬੇ ਬੋਹੜ ਨੇ ਕਿਸੇ ਸਮੇਂ ਭਾਰਤ ਦਾ ਭਵਿੱਖ ਕਿਹਾ ਸੀ। ਬਾਬੇ ਬੋਹੜ ਦੀਆਂ ਫਿਕਰਮੰਦੀਆਂ ਬਾਰੇ ਜਾਂ ਆਪਣੇ 1964 ਦੇ ਘੱਟ ਗਿਣਤੀਆਂ ਜਾਂ ਭਾਸ਼ਾਈ ਕੌਮੀਅਤ ਦੇ ਪ੍ਰੋਗਰਾਮ ਬਾਰੇ ਕਦੇ ਗੰਭੀਰ ਨਹੀਂ ਹੋਈ ਹੈ। ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਉਹ ਬਾਬੇ ਬੋਹੜ ਦੀ ਤਰ੍ਹਾਂ ਭਾਸ਼ਾ ਤੇ ਸੱਭਿਆਚਾਰ ਨੂੰ ਸਿਰਫ਼ ਜਮਾਤੀ ਸਵਾਲ ਹੀ ਨਹੀਂ ਮਨਦੇ, ਸਗੋਂ ਇਸ ਨੂੰ ਇਕ ਜਮਾਤੀ ਰਾਜਸੀ ਪ੍ਰਬੰਧ ਵੀ ਮਨਦੇ ਹਨ। ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਸੰਬੰਧ ਵਿਚ ਉਹ ਇਨਕਲਾਬੀ ਗੁਰਮਤਿ ਫ਼ਲਸਫ਼ੇ ਤੇ ਸਿੱਖ ਸੰਘਰਸ਼ ਨੂੰ ਅਰਥਪੂਰਨ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਪੰਜਾਬੀ ਕੌਮੀਅਤ ਨੂੰ ਨਿਖਾਰਨ ਘੜਨ ਅਤੇ ਪੰਜਾਬੀ ਜ਼ਬਾਨ ਨੂੰ ਪੰਜਾਬੀ ਕੌਮੀਅਤ ਦਾ ਆਧਾਰ ਬਣਾਉਣ ਵਿਚ ਹਰ ਕਿਸਮ ਦੀ ਕੁਰਬਾਨੀ ਕਰਕੇ ਆਪਣਾ ਨਿਗਰ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨਾਂ ਵਲੋਂ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਜਮਾਤ ਦੀ ਸਿੱਖ ਲਹਿਰ ਵਿਚ ਸ਼ਮੂਲੀਅਤ ਕਰਵਾਉਣਾ ਅਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਦੇਸ਼ਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪੰਜਾਬ ਦੀ ਸਿੱਖ ਕਿਸਾਨੀ ਤੇ ਉਸ ਦੀ ਮਿੱਤਰ ਜਮਾਤ ਖੇਤੀਹਰ ਮਜ਼ਦੂਰ ਜਮਾਤ ਨੇ ਪੰਜਾਬੀ ਕੌਮੀਅਤ ਦੀ ਰਾਖੀ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਅਤੇ ਅਖ਼ੀਰ ਇਹ ਜਮਾਤਾਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਪੰਜਾਬੀ ਕੌਮੀਅਤ ਦੀਆਂ ਵਿਸ਼ੇਸ਼ਤਾਈਆਂ ਵਾਲਾ ਰਾਜਸੀ ਪੰਜਾਬੀ ਰਾਸ਼ਟਰ ਸਥਾਪਿਤ ਕਰਨ ‘ਚ ਸਫਲ ਹੋਈਆਂ। ਪੰਜਾਬੀ ਕੌਮੀਅਤ ਨੂੰ ਵੱਖ-ਵੱਖ ਤਰੀਕਿਆਂ ਨਾਲ ਢਾਹ ਲਾਉਣ ਵਾਲੀਆਂ ਧਿਰਾਂ ਨੂੰ, ਡਾ. ਤੇਜਵੰਤ ਮਾਨ ਸਪੱਸ਼ਟ ਜਵਾਬ ਦਿੰਦੇ ਹਨ ਕਿ ਸਿੱਖ ਪਛਾਣ ਹੀ ਪੰਜਾਬੀ ਪਛਾਣ ਹੈ। ਸਿੱਖ ਪਛਾਣ ਨੂੰ ਪੰਜਾਬੀ ਪਛਾਣ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਡਾ. ਤੇਜਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਨਹਿਰੂ ਦੀ ਕੇਂਦਰ ਸਰਕਾਰ ਵਲੋਂ ਸਿੱਖਾਂ ਨੂੰ ਵਿਸ਼ੇਸ਼ ਅਧਿਕਾਰਾਂ ਵਾਲਾ ਖਿੱਤਾ ਦੇਣ ਤੋਂ ਮੁਕਰਨ ਤੋਂ ਬਾਅਦ ਨਹਿਰੂ ਦੀ ਹੀ ਭਾਸ਼ਾ ਦੇ ਆਧਾਰਿਤ ਰਾਜਾਂ ਦੀ ਸਥਾਪਨਾ ਕਰਨ ਦੇ ਨਿਰਣੇ ਅਨੁਸਾਰ ਪੰਜਾਬੀ ਸੂਬਾ ਬਣਾਉਣ, ਰਾਜਾਂ ਨੂੰ ਵੱਧ ਅਧਿਕਾਰ ਦੇਣ ਸੰਬੰਧੀ ਅਕਾਲੀ ਦਲ ਅਤੇ ਸੀਪੀਐਮ ਵੱਲੋਂ ਲੜੇ ਗਏ ਸਾਂਝੇ ਸੰਘਰਸ਼ ਦੇ ਵੱਡੇ ਸਮਰਥਕ ਤੇ ਪ੍ਰਸੰਸਕ ਰਹੇ ਹਨ। ਪਰ ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਕੌਮੀਅਤ ਦੀ ਧਰੋਹਰ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਨਾ ਬਚਾਉਣਾ ਤੇ ਬਲਕਿ ਖੇਤੀਬਾੜੀ ਨੂੰ ਤਬਾਹ ਕਰਨ ਅਤੇ ਖੇਤੀਬਾੜੀ ਅਰਥ ਵਿਵਸਥਾ ਉੱਪਰ ਉਸਰੇ ਪੰਜਾਬੀ ਕੌਮੀਅਤ ਦੇ ਬੋਹੜ ਨੂੰ ਛਾਂਗਣ ਵਾਲੀਆਂ ਨਵੀਆਂ ਕਾਰਪੋਰੇਟ ਨੀਤੀਆਂ ਦਾ ਇਨ੍ਹਾਂ ਚਿੱਟੇ ਰੂਪ ਵਿਚ ਸਮਰਥਕ ਬਣ ਜਾਣ ਤੋਂ ਬਾਅਦ ਉਹ ਅਕਾਲੀ ਦਲ ਦੀਆਂ ਨੀਤੀਆਂ ਦਾ ਵਿਰੋਧ ਸ਼ੁਰੂ ਕਰ ਦਿੰਦੇ ਹਨ। ਡਾ. ਤੇਜਵੰਤ ਸਿੰਘ ਮਾਨ ਕਾਂਗਰਸ ਪਾਰਟੀ ਵਲੋਂ ਸ਼ੁਰੂ ਤੋਂ ਹੀ ਪੰਜਾਬੀ ਕੌਮੀਅਤ ਵਿਰੋਧੀ ਧਾਰਨ ਕੀਤੇ ਵਤੀਰੇ ਕਾਰਨ ਕਾਂਗਰਸ ਦੇ ਵਿਰੋਧੀ ਰਹੇ ਹਨ। ਉਹ ਕਾਂਗਰਸ ਪਾਰਟੀ ਨੂੰ ਪੰਜਾਬੀ ਸੂਬਾ ਬਣਾਉਣ ਵੇਲੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚੋਂ ਬਾਹਰ ਰੱਖਣ, ਪੰਜਾਬ ਦੇ ਪਿੰਡ ਉਜਾੜ ਕੇ ਵਸਾਏ ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਅਤੇ ਪੰਜਾਬ ਸਮੱਸਿਆ ਨੂੰ ਜਾਣ ਬੁਝ ਕੇ ਉਲਝਾ ਕੇ ਪੰਜਾਬੀ ਕੌਮੀਅਤ ਨੂੰ ਕਮਜ਼ੋਰ ਕਰਨ ਵਾਲੀਆਂ ਕਾਂਗਰਸ ਦੀਆਂ ਕਾਰਵਾਈਆਂ ਅਤੇ ਲੇਖਕਾਂ, ਚਿੰਤਕਾਂ ਦੀ ਆਜ਼ਾਦੀ ’ਤੇ ਸਭ ਤੋਂ ਵੱਡਾ ਹਮਲਾ 1977 ਦੀ ਐਮਰਜੈਂਸੀ ਲਈ ਉਹ ਕਾਂਗਰਸ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਨੇ ਬਾਬੇ ਬੋਹੜ ਦੀ ਅਗਵਾਈ ਵਿਚ ਐਮਰਜੈਂਸੀ ਦਾ ਡੱਟਵਾਂ ਵਿਰੋਧ ਕੀਤਾ ਸੀ। ਬਾਬੇ ਬੋਹੜ ਦਾ ਸਾਹਿਤਕ ਵਾਰਸ ਡਾ. ਤੇਜਵੰਤ ਮਾਨ ਵੀ ਬਾਬੇ ਬੋਹੜ ਦੀ ਤਰ੍ਹਾਂ ਦੇਸ਼ ਦਾ ਅਤੇ ਪੰਜਾਬੀ ਕੌਮੀਅਤ ਦਾ ਭਵਿੱਖ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਆਪਣੀ ਸਥਾਪਨਾ ਮੌਕੇ ਅਪਣਾਏ 1964 ਦੇ ਰਾਜਸੀ ਪ੍ਰੋਗਰਾਮ ਵਿਚ ਹਿੰਦੁਸਤਾਨ ਦੀਆਂ ਭਾਸ਼ਾਈ ਕੌਮੀਅਤਾ ਨੂੰ ਭਾਰਤ ਨੂੰ ਸਹੀ ਅਰਥਾਂ ਵਿਚ ਸੰਘਵਾਦ ਦਾ ਰੂਪ ਦੇ ਕੇ ਉਸ ਵਿਚ ਭਾਸ਼ਾਈ ਕੌਮੀਅਤਾ ਦੀ ਪੂਰਨ ਆਜ਼ਾਦੀ ਦਾ ਸੁਪਨਾ ਵੇਖਦਾ ਸੀ। ਪਰ ਭਾਰਤੀ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਆਪਣੇ ਉਸ ਭਾਸ਼ਾਈ ਕੌਮੀਅਤਾਂ ਦੀ ਸੰਘਵਾਦੀ ਪੂਰਨ ਆਜ਼ਾਦੀ ਤੋਂ ਪਾਸਾ ਵੱਟ ਲੈਣ ਤੋਂ ਬਾਅਦ ਤੇ ਪੰਜਾਬੀ ਕੌਮੀਅਤ ਦੀ ਕੀਮਤ ’ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਕਾਲਪਨਿਕ ਰਾਸ਼ਟਰਵਾਦ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਬਾਬਾ ਬੋਹੜ ਦੀ ਅਗਵਾਈ ਵਿਚ ਸੀ.ਪੀ.ਐਮ. ਨਾਲ ਵੀ ਲਕੀਰ ਕੱਢ ਲਈ ਸੀ। ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਪਾਰਟੀ ਮੈਂਡਿਟ ਦੇ ਨਾਂਅ ‘ਤੇ ਬਾਬੇ ਬੋਹੜ ਦੀ ਇਸ ਸਾਹਿਤਕ ਫ਼ੌਜ ਤੇ ਵੱਡੇ ਜਥੇਬੰਦਕ ਹਮਲੇ ਕੀਤੇ ਗਏ। ਉਨ੍ਹਾਂ ਨੇ ਬਾਬੇ ਬੋਹੜ ਦੀ ਅਗਵਾਈ ਵਿਚ ਪੰਜਾਬੀ ਦੀ ਜਥੇਬੰਦਕ ਸਾਹਿਤਕ ਲਹਿਰ ਵਿਚ ਟਾਲਸਟਾਏ ਅਤੇ ਮੈਕਸਿਮ ਗੋਰਕੀ ਦੇ ਉਸ ਲੋਕਪੱਖੀ ਅਮਲ ਨੂੰ ਸਥਾਪਿਤ ਕੀਤਾ ਕਿ ਇਕ ਲੇਖਕ ਤੇ ਚਿੰਤਕ ਲਈ ਕਮਿਊਨਿਸਟ ਪਾਰਟੀ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਸਗੋਂ ਉਸ ਦਾ ਲੋਕ ਪੱਖੀ ਸਾਹਿਤਕ ਅਮਲ ਹੋਣਾ ਹੀ ਜ਼ਰੂਰੀ ਹੈ ਕਿਉਂਕਿ ਲੈਨਿਨ ਨੇ ਟਾਲਸਟਾਏ ਤੇ ਮੈਕਸਿਮ ਗੋਰਕੀ ਦੇ ਪਾਰਟੀ ਮੈਂਬਰ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਲਿਖੇ ਲੋਕਪੱਖੀ ਸਾਹਿਤ ਕਰ ਕੇ ਪ੍ਰਸੰਸਾ ਕੀਤੀ ਸੀ। ਮੌਜੂਦਾ ਸਮੇਂ ਸੀ.ਪੀ. ਐਮ. ਦੇ ਵੱਖ- ਵੱਖ ਧੜੇ ਬਾਬੇ ਬੋਹੜ ਤੇ ਮਾਨ ਸਾਹਿਬ ਦੇ ਇਸ ਥੀਸਸ ‘ਤੇ ਅਮਲ ਕਰਦਿਆਂ ਸਿੱਖ ਇਤਿਹਾਸ ਦੀ ਪ੍ਰਸੰਗਿਕਤਾ ਨੂੰ ਸਵੀਕਾਰ ਕਰ ਰਹੇ ਹਨ। ਸੋ ਡਾ. ਤੇਜਵੰਤ ਮਾਨ ਦੀ ਪੰਜਾਬੀ ਦੇ ਆਲੋਚਨਾਤਮਕ ਤੇ ਰਚਨਾਤਮਕ ਸਾਹਿਤ ਵਿਚ ਪਾਏ ਯੋਗਦਾਨ, ਉਨ੍ਹਾਂ ਵਲੋਂ ਪੰਜਾਬੀ ਕੌਮੀਅਤ ਦੀ ਰਾਖੀ ਲਈ ਜਥੇਬੰਦ ਕੀਤੀ ਪੰਜਾਬੀ ਅਦਬ ਦੀ ਲਹਿਰ ਨੂੰ ਉਨ੍ਹਾਂ ਕਿਰਤੀ ਲੋਕਾਂ ਤੱਕ ਲੈ ਕੇ ਗਏ ਹਨ, ਜਿਨ੍ਹਾਂ ਨੇ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਉਹ ਭਵਿੱਖ ਵਿੱਚ ਵੀ ਇਹਨਾਂ ਕਿਸਾਨ ਮਜ਼ਦੂਰ ਜਮਾਤਾਂ ਤੋਂ ਹੀ ਪੰਜਾਬੀ ਭਾਸ਼ਾ, ਸੱਭਿਅਤਾ ਤੇ ਪੰਜਾਬੀ ਕੌਮੀਅਤ ਦੀ ਰਾਖੀ ਦੀ ਆਸ ਰੱਖਦੇ ਹਨ। ਅੱਜ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਉਹਨਾਂ ਨੂੰ ਜਨਮ ਦਿਨ ਦੀਆ ਬਹੁਤ ਸਾਰੀਆਂ ਮੁਬਾਰਕਾਂ ਭੇਟ ਕਰਦੇ ਹਾਂ ।
– ਬਲਜੀਤ ਬੁੱਟਰ
cialis from india online pharmacy
cialis from india online pharmacy