ਸ੍ਰੀ ਅੰਮ੍ਰਿਤਸਰ ਸਾਹਿਬ, 28 ,ਅਕਤੂਬਰ (ਸ਼ਿਵਨਾਥ ਦਰਦੀ ਫ਼ਰੀਦਕੋਟ/ਵਰਲਡ ਪੰਜਾਬੀ ਟਾਈਮਜ਼)
ਹਿੰਦੀ, ਤਮਿਲ ਅਤੇ ਤੇਲਗੂ ਸਿਨੇਮਾ ਵਿੱਚ ਮਜ਼ਬੂਤ ਪੈੜਾਂ ਸਿਰਜਦੀ ਜਾ ਰਹੀ ਬਾਲੀਵੁੱਡ ਅਦਾਕਾਰਾ ਰੌਸ਼ਨੀ ਸਹੋਤਾ ਹੁਣ ਪੰਜਾਬੀ ਸਿਨੇਮਾ ‘ਚ ਵੀ ਪ੍ਰਭਾਵੀ ਪਹਿਚਾਣ ਬਣਾਉਣ ਵੱਲ ਵੱਧ ਰਹੀ ਹੈ, ਜਿਨਾਂ ਦੀ ਨਵੀਂ ਪੰਜਾਬੀ ਫਿਲਮ ਦਾ ਸ਼ੂਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋ ਚੁੱਕਾ ਹੈ। ਸੰਦੀਪ ਸੌਲੰਕੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਲੀਡ ਭੂਮਿਕਾ ਅਦਾ ਕਰ ਰਹੀ ਹੈ ਇਹ ਪੰਜਾਬ ਮੂਲ ਅਦਾਕਾਰਾ, ਜਿਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਬਿੱਲਾ, ਤੇਜਿੰਦਰ ਕੌਰ, ਹੌਬੀ ਧਾਲੀਵਾਲ, ਵਿਕਟਰ ਜੌਹਨ ਆਦਿ ਜਿਹੇ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਇਸ ਵਿਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਉਕਤ ਫ਼ਿਲਮ ਦੇ ਸਿਲਸਿਲੇ ਅਧੀਨ ਧਾਰਮਿਕ ਨਗਰੀ ਅੰਮ੍ਰਿਤਸਰ ਪੁੱਜੀ ਇਸ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਨਾਂ ਦਾ ਕਿਰਦਾਰ ਇਕ ਅਜਿਹੀ ਪੰਜਾਬਣ ਮੁਟਿਆਰ ਦਾ ਹੈ, ਜਿਸ ਨੂੰ ਅਚਾਨਕ ਕਈ ਚੁਣੋਤੀਪੂਰਨ ਪਰ-ਸਥਿਤੀਆਂ ਵਿਚੌ ਗੁਜ਼ਰਣਾ ਪੈ ਜਾਂਦਾ ਹੈ, ਪਰ ਇਸ ਦੇ ਬਾਵਜੂਦ ਉਹ ਹਰ ਔਖੀ ਹਾਲਤ ਦਾ ਸਾਹਮਣਾ ਬਹੁਤ ਹੀ ਹੌਸਲੇ ਅਤੇ ਦਲੇਰੀ ਨਾਲ ਕਰਦੀ ਹੈ।ਹਾਲ ਹੀ ਵਿੱਚ ਕੀਤੀ ਆਪਣੀ ਵੱਡੀ ਤੇਲਗੂ ਫ਼ਿਲਮ ‘ੳ ਕਾਲਾ’ ਨੂੰ ਲੈ ਕੇ ਫ਼ਿਲਮੀ ਗਲਿਆਰਿਆਂ ਵਿੱਚ ਅਥਾਹ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਇਹ ਦਿਲਕਸ਼ ਅਦਾਕਾਰਾ ਇੰਨੀ ਦਿਨੀ ਇਕ ਹੋਰ ਵੱਡੇ ਤੇਲਗੂ ਪ੍ਰੋਜੈਕਟ ‘ਨਿਡਰਿਨਚੂ ਜਹਾਂਪਨਾਹ’ ਵੀ ਫੀਮੇਲ ਲੀਡ ਕਿਰਦਾਰ ਅਦਾ ਕਰ ਰਹੀ ਹੈ,ਜੋ ਜਲਦ ਹੀ ਪੈਨ ਇੰਡੀਆ ਰਿਲੀਜ਼ ਹੋਣ ਜਾ ਰਹੀ ਹੈ।ਆਪਣੀ ਉਕਤ ਪੰਜਾਬੀ ਫ਼ਿਲਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਸ ਅਦਾਕਾਰਾ ਨੇ ਦੱਸਿਆ ਕਿ ਫ਼ਿਲਮ ਵਿੱਚ ਉਸਦੇ ਕਿਰਦਾਰ ਦਾ ਨਾਮ ਸਿਮਰਨ ਹੈ ,ਜੋ ਬਹੁਤ ਹੀ ਸ਼ੋਖ, ਚੰਚਲ ਅਤੇ ਪਿਆਰੀ ਲੜਕੀ ਹੈ, ਜਿਸ ਦੇ ਨਾਲ ਉਸਦੇ ਮਾਪੇ ਹੀ ਨਹੀ, ਸਗੋ ਪਿੰਡ ਵਾਲੇ ਵੀ ਕਾਫ਼ੀ ਲਾਡ-ਸਨੇਹ ਕਰਦੇ ਹਨ ਅਤੇ ਉਹ ਵੀ ਸਾਰਿਆ ਨੂੰ ਸਤਿਕਾਰ ਦੇਣਾ ਅਪਣਾ ਅਹਿਮ ਫਰਜ਼ ਸਮਝਦੀ ਹੈ।ਮੂਲ ਰੂਪ ਵਿੱਚ ਦੁਆਬੇ ਦੇ ਜਿਲਾ ਹੁਸ਼ਿਆਰਪੁਰ ਨਾਲ ਸਬੰਧਤ ਇਸ ਬਾ-ਕਮਾਲ ਅਦਾਕਾਰਾ ਵੱਲੋਂ ਪੰਜਾਬੀ ਸਿਨੇਮਾ ਵਿੱਚ ਆਪਣਾ ਡੈਬਿਊ ‘ਦਾ ਗ੍ਰੇਟ ਸਰਦਾਰ’ ਨਾਲ ਕੀਤਾ ਗਿਆ ਸੀ, ਜਿਸ ਵਿੱਚ ਉਸਨੇ ਦਿਲਪ੍ਰੀਤ ਢਿੱਲੌ ਦੇ ਅੋਪੋਜਿਟ ਲੀਡ ਰੋਲ ਪਲੇ ਕੀਤਾ, ਜਿਸ ਨੂੰ ਕਾਫੀ ਸਰਾਹਿਆ ਗਿਆ । ਇਸ ਉਪਰੰਤ ਪੰਜਾਬੀ ਮਿਊਜ਼ਿਕ ਵੀਡੀਓਜ ਦਾ ਵੀ ਹਿੱਸਾ ਰਹੀ ਇਹ ਅਦਾਕਾਰਾ, ਹੁਣ ਆਪਣੀ ਨਵੀਂ ਪੰਜਾਬੀ ਫ਼ਿਲਮ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹੈ, ਜੋ ਇਸੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵੀ ਉਚੇਚੇ ਤੌਰ ਤੇ ਨਤਮਸਤਕ ਹੋਈ ਅਤੇ ਫ਼ਿਲਮ ਦੀ ਸਫਲਤਾ ਅਤੇ ਸਰਬੱਤ ਦੇ ਭਲੇ ਲਈ ਸ਼ੁਕਰਾਨਾ -ਅਰਦਾਸ ਕੀਤੀ।
ਸੰਪਰਕ:- 9855155392
Leave a Comment
Your email address will not be published. Required fields are marked with *