ਫਰੀਦਕੋਟ , 11 ਨਵੰਬਰ ( ਵਰਲਡ ਪੰਜਾਬੀ ਟਾਈਮਜ਼)
ਬੀਤੇਂ ਦਿਨੀਂ ਚਾਇਲਡ ਵੈਲਫੇਅਰ ਕੌਂਸਲ ਫਰੀਦਕੋਟ ਵਲੋਂ ਰੈੱਡ ਕਰੋਸ ਭਵਨ ਵਿਖੇ ਬਾਲ ਦਿਵਸ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਨ, ਗਰੁੱਪ ਡਾਂਸ, ਗਰੁੱਪ ਸੌਂਗ ਮੁਕਾਬਲਿਆਂ ’ਚ 8 ਤੋਂ 9 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨਾਂ ਮੁਕਾਬਲਿਆਂ ’ਚ ਕਵਿਤਾ ਉਚਾਰਨ ਮੁਕਾਬਲੇ ’ਚ ਹਰਲੀਨ ਕੌਰ ਅੱਠਵੀਂ ਜਮਾਤ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ’ਚ ਦੂਜਾ ਸਥਾਨ ਅਤੇ ਗਰੁੱਪ ਸੌਂਗ ’ਚ ਬਾਬਾ ਫਰੀਦ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ’ਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਹਰਲੀਨ ਕੌਰ ਅੱਗੇ ਸਟੇਟ ਪੱਧਰ ’ਤੇ ਕਵਿਤਾ ਉਚਾਰਨ ਮੁਕਾਬਲੇ ’ਚ ਹਿੱਸਾ ਲੈਣ ਜਾ ਰਹੀ ਹੈ। ਉਹਨਾਂ ਵਿਦਿਆਰਥੀਆਂ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਭਵਿੱਖ ’ਚ ਵੀ ਵਧੀਆ ਕਾਰਗੁਜਾਰੀ ਕਰਨ ਲਈ ਅਸ਼ੀਰਵਾਦ ਦਿੱਤਾ। ਅਦਾਰੇ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਇਹਨਾ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸਖਤ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ, ਸੋ ਸਾਨੂੰ ਮਿਹਨਤ ਦਾ ਪੱਲਾ ਫੜ੍ਹ ਕੇ ਸਬਰ, ਸਿਦਕ ਅਤੇ ਸਿਰੜ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਅਸਲ ਮੰਜਿਲ ਦੀ ਪ੍ਰਾਪਤੀ ਕਰ ਸਕੀਏ।