14 ਨਵੰਬਰ ਬਾਲ ਦਿਵਸ ਤੇ ਵਿਸ਼ੇਸ਼।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ 14 ਨਵੰਬਰ ਨੂੰ ਆਉਂਦਾ ਹੈ। 14 ਨਵੰਬਰ 1889 ਨੂੰ ਇਲਾਹਾਬਾਦ ਵਿੱਚ ਜਨਮੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਨੂੰ ਵਿਸ਼ੇਸ਼ ਤੌਰ ‘ਤੇ ‘ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਨਹਿਰੂ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬੱਚੇ ਉਨ੍ਹਾਂ ਨੂੰ ‘ਚਾਚਾ ਨਹਿਰੂ’ ਕਹਿ ਕੇ ਬੁਲਾਉਂਦੇ ਸਨ।ਬਾਲ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ ਜੋ ਬੱਚਿਆਂ ਨੂੰ ਸਮਰਪਿਤ ਹੈ। ਦੇਸ਼ ਦੀ ਆਜ਼ਾਦੀ ਵਿੱਚ ਪੰਡਿਤ ਨਹਿਰੂ ਜੀ ਦਾ ਵੀ ਵੱਡਾ ਯੋਗਦਾਨ ਸੀ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਦੇਸ਼ ਨੂੰ ਸਹੀ ਸੇਧ ਦਿੱਤੀ ਸੀ।
ਅਸਲ ਵਿੱਚ ਬਾਲ ਦਿਵਸ ਦੀ ਨੀਂਹ 1925 ਵਿੱਚ ਰੱਖੀ ਗਈ ਸੀ। ਜਦੋਂ ਬਾਲ ਦਿਵਸ ਮਨਾਉਣ ਦਾ ਪਹਿਲਾ ਐਲਾਨ ਬੱਚਿਆਂ ਦੀ ਭਲਾਈ ਬਾਰੇ ਹੋਈ ‘ਵਿਸ਼ਵ ਕਾਨਫਰੰਸ’ ਵਿੱਚ ਕੀਤਾ ਗਿਆ ਸੀ। ਇਸਨੂੰ 1954 ਵਿੱਚ ਦੁਨੀਆ ਭਰ ਵਿੱਚ ਮਾਨਤਾ ਮਿਲੀ। 1964 ਤੋਂ ਪਹਿਲਾਂ ਭਾਰਤ ਵਿੱਚ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਸੀ ਪਰ 1964 ਵਿੱਚ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੱਚਿਆਂ ਪ੍ਰਤੀ ਲਗਾਵ ਅਤੇ ਪਿਆਰ ਨੂੰ ਦੇਖਦੇ ਹੋਏ ਬਾਲ ਦਿਵਸ 20 ਨਵੰਬਰ ਦੀ ਥਾਂ 14 ਨਵੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਉਸ ਸਮੇਂ ਤੋਂ ਹੀ ਬੱਚਿਆਂ ਦੀ ਸਿੱਖਿਆ, ਸਿਹਤ ਅਤੇ ਹੱਕਾਂ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਨਹਿਰੂ ਜੀ ਦੀਆਂ ਅੱਖਾਂ ‘ਚ ਬੱਚਿਆਂ ਲਈ ਬੇਹੱਦ ਪ੍ਰੇਮ ਸੀ ਅਤੇ ਬਾਹਾਂ ਸਦਾ ਹੀ ਬੱਚਿਆਂ ਨੂੰ ਗੋਦੀ ਚੁੱਕਣ ਲਈ ਬੇਤਾਬ ਰਹਿੰਦੀਆਂ ਸਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਆਜ਼ਾਦੀ ਲਈ ਕੀਤੇ ਲੰਬੇ ਸੰਘਰਸ਼ ਮਗਰੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਹਾਸਲ ਕੀਤਾ। ਉਹ ਮਹਿਸੂਸ ਕਰਦੇ ਸਨ ਕਿ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ । ਉਨ੍ਹਾਂ ਨੇ ਬੇਟੀ ਇੰਦਰਾ ਦੀ ਹਰ ਪੱਖੋਂ ਮੁਕੰਮਲ ਪਰਵਰਿਸ਼ ਕਰਕੇ ਇਹ ਗੱਲ ਸਿੱਧ ਕਰ ਵਿਖਾਈ, ਜੋ ਅੱਗੇ ਜਾ ਕੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ।
ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਕਿਸੇ ਵੀ ਦੇਸ਼ ਦੇ ਕੌਮੀ ਸਰਮਾਇਆ ਅਤੇ ਬੇਸ਼ਕੀਮਤੀ ਕੁਦਰਤੀ ਧਨ ਹੁੰਦੇ ਹਨ। ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਜੇਕਰ ਅਸੀਂ ਅਪਣਾ ਭਵਿੱਖ ਸੁਨਿਹਰੀ ਬਣਾਉਣਾਂ ਚਾਹੁੰਦੇ ਹਾਂ ਤਾਂ ਦੇਸ਼ ਦੇ ਬੱਚਿਆਂ ਨੂੰ ਵਧੀਆ ਖੁਸ਼ਹਾਲ ਬਚਪਨ ਦੇਣਾ ਪਵੇਗਾ। ਚਾਚਾ ਨਹਿਰੂ ਕਹਿੰਦੇ ਹੁੰਦੇ ਸਨ ਕਿ ਬੱਚੇ ਦੇਸ਼ ਦਾ ਕੌਮੀ ਸਰਮਾਇਆ ਤੇ ਕੀਮਤੀ ਧਨ ਹੁੰਦੇ ਹਨ ਅਤੇ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਖੜੇ ਨਾ ਹੋ ਜਾਣ ਉਦੋਂ ਤੱਕ ਉਹਨਾਂ ਨੂੰ ਪਿਆਰ ਅਤੇ ਦੇਖ ਭਾਲ ਦੀ ਸਖਤ ਜਰੂਰਤ ਹੁੰਦੀ ਹੈ। ਬੇਸ਼ਕ ਪੂਰੇ ਭਾਰਤ ਵਿੱਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ ਅਤੇ ਵੱਖ ਵੱਖ ਥਾਵਾਂ ਤੇ ਬੱਚਿਆਂ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਆਮ ਬੱਚਿਆਂ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਭਾਰਤ ਦੀ 40 ਫੀਸਦੀ ਜਨ-ਸੰਖਿਆ 18 ਸਾਲ ਤੋਂ ਘੱਟ ਉਮਰ ਵਰਗ ਦੀ ਹੈ। ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 35 ਮਿਲੀਅਨ ਤੋਂ ਵੱਧ ਬੱਚੇ ਬਾਲ ਮਜ਼ਦੂਰੀ ਵਿੱਚ ਲੱਗੇ ਹੋਏ ਹਨ। ਬੱਚੇ ਕਿਸੇ ਵੀ ਰਾਸ਼ਟਰ ਦੀ ਧਰੋਹਰ ਹਨ ਪਰ ਸ਼ਿਸ਼ੂ ਮਿ੍ਤੂ ਦਰ, ਬਾਲ-ਕੁਪੋਸ਼ਣ, ਬਾਲ-ਅਪੰਗਤਾ, ਬਾਲ-ਦੁਰਉਪਯੋਗ, ਬਾਲ-ਮਜ਼ਦੂਰੀ, ਬਾਲ-ਵੇਸਵਾਪੁਣਾ, ਜਬਰਨ-ਬਾਲ ਵਿਆਹ ਜਾਂ ਬਿਨਾਂ ਵੇਤਨ ਮਜ਼ਦੂਰੀ ਆਦਿ ਦੇ ਅੰਕੜੇ ਗਵਾਹ ਹਨ ਕਿ ਭਾਰਤ ‘ਚ ਨਿੱਕੇ ਮਾਸੂਮਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ ।ਬਹੁਤੀ ਵਾਰ ਤਾਂ ਬਾਲ ਮਜ਼ਦੂਰੀ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਹੈ।ਬਾਲ ਮਜ਼ਦੂਰੀ ਵਿੱਚ ਬੱਚੇ ਦੇ ਬਚਪਨ ਨੂੰ ਉਸ ਤੋਂ ਖੋਹ ਕੇ ਪੈਸੇ ਦੇ ਬਦਲੇ ਜਾਂ ਕਿਸੇ ਹੋਰ ਲਾਲਚ ਵਿੱਚ ਦੱਬ ਕੇ ਕੰਮ ਲਿਆ ਜਾਂਦਾ ਹੈ। ਇਸ ਤਰ੍ਹਾਂ ਦੀ ਮਜ਼ਬੂਰੀ ਵਿਚ ਜ਼ਿਆਦਾਤਰ ਕੰਮ ਪੈਸੇ ਜਾਂ ਲੋੜਾਂ ਦੇ ਬਦਲੇ ਕੀਤੇ ਜਾਂਦੇ ਹਨ। ਬਾਲ ਮਜ਼ਦੂਰੀ ਵਿੱਚ ਸ਼ਾਮਲ ਬੱਚੇ ਅਕਸਰ 14 ਸਾਲ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ, ਖੇਡਾਂ, ਪੜ੍ਹਾਈ ਦਾ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਕੰਮ ਦਿਵਾਉਣਾ, ਘੱਟ ਪੈਸਿਆਂ ‘ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨਾ, ਉਨ੍ਹਾਂ ਦੇ ਬਚਪਨ ਨੂੰ ਮਜ਼ਦੂਰੀ ਵਿਚ ਬਦਲ ਦੇਣਾ ਇਹ ਸਭ ਬਾਲ ਮਜ਼ਦੂਰੀ ਅਧੀਨ ਆਉਂਦਾ ਹੈ।ਬਾਲ ਮਜ਼ਦੂਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਇਸ ਤਰ੍ਹਾਂ ਦੀ ਮਜ਼ਦੂਰੀ ਦੀ ਸਮਾਜ ਦੇ ਹਰ ਵਰਗ ਵੱਲੋਂ ਨਿਖੇਧੀ ਵੀ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ 1950 ਦੇ 24ਵੇਂ ਅਨੁਛੇਦ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਜ਼ਦੂਰਾਂ, ਫੈਕਟਰੀਆਂ, ਹੋਟਲਾਂ, ਢਾਬਿਆਂ, ਘਰੇਲੂ ਨੌਕਰਾਂ ਆਦਿ ਵਜੋਂ ਕੰਮ ਕਰਨਾ ਬਾਲ ਮਜ਼ਦੂਰੀ ਦੇ ਅਧੀਨ ਆਉਂਦਾ ਹੈ। ਬਾਲ ਮਜ਼ਦੂਰੀ ਨਾਲ ਨਾ ਸਿਰਫ਼ ਬੱਚਿਆਂ ਦਾ ਸਰੀਰਕ, ਮਾਨਸਿਕ, ਬੌਧਿਕ ਅਤੇ ਨੈਤਿਕ ਵਿਕਾਸ ਰੁਕ ਜਾਂਦਾ ਹੈ, ਬਲਕਿ ਇਹ ਮਾਸੂਮ ਸ਼ੋਸ਼ਣ ਦਾ ਸ਼ਿਕਾਰ ਹੋ ਕੇ, ਸਿੱਖਿਆ ਵਰਗੇ ਬੁਨਿਆਦੀ ਹੱਕਾਂ ਤੋਂ ਵੀ ਸੱਖਣੇ ਰਹਿ ਜਾਂਦੇ ਹਨ । ਇਕ ਅੰਤਰਰਾਸ਼ਟਰੀ ਅੰਦਾਜ਼ੇ ਅਨੁਸਾਰ ਘੱਟੋ-ਘੱਟ 1-2 ਮਿਲੀਅਨ ਬੱਚੇ ਗੈਰ-ਕਾਨੂੰਨੀ ਵਪਾਰ ਲਈ ਵਰਤੇ ਜਾਂਦੇ ਹਨ । ਉਪਰੋਕਤ ਸਮੱਸਿਆਵਾਂ ਦੀ ਤਹਿ ਤੱਕ ਜਾ ਕੇ ਇਨ੍ਹਾਂ ਨੂੰ ਜੜ੍ਹੋਂ ਉਖੇੜਨ ਦੀ ਲੋੜ ਹੈ ।ਬੱਚੇ ਦੇਸ਼ ਦਾ ਭਵਿੱਖ ਹਨ। ਇਸ ਲਈ ਸਾਨੂੰ ਸਾਰੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਖਾਸ ਕਰਕੇ ਬਾਲ ਮਜ਼ਦੂਰੀ ਵਿਰੋਧੀ ਕਾਨੂੰਨਾਂ ਨੂੰ ਸਹੀ ਅਰਥਾਂ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕਈ ਕਾਨੂੰਨ ਬਣਨ ਦੇ ਬਾਵਜੂਦ ਬਾਲ ਮਜ਼ਦੂਰੀ ਦੀ ਗਿਣਤੀ ਸਾਲ-ਦਰ-ਸਾਲ ਵਧ ਰਹੀ ਹੈ। ਇਨ੍ਹਾਂ ਬੱਚਿਆਂ ਲਈ ਸਹੀ ਥਾਂ ਫੈਕਟਰੀਆਂ ਵਿੱਚ ਨਹੀਂ ਸਗੋਂ ਸਕੂਲਾਂ ਵਿੱਚ ਹੈ। ਸਰਕਾਰ ਵਲੋਂ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਅੱਜ ਵੀ ਗਰੀਬ ਘਰਾਂ ਦੇ ਬੱਚੇ ਸਕੂਲ ਜਾਣ ਦੀ ਬਜਾਏ ਕੰਮ ਕਰਨ ਨੂੰ ਚੰਗਾ ਸਮਝਦੇ ਹਨ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਕਾਰਨ ਸਾਡੇ ਦੇਸ਼ ਵਿੱਚ ਗਰੀਬੀ ਹੈ। ਗਰੀਬ ਪਰਿਵਾਰਾਂ ਦੇ ਲੋਕ ਆਪਣਾ ਗੁਜ਼ਾਰਾ ਚਲਾਉਣ ਤੋਂ ਅਸਮਰੱਥ ਹਨ, ਇਸ ਲਈ ਉਹ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਲਈ ਭੇਜਦੇ ਹਨ। ਸਿੱਖਿਆ ਦੀ ਘਾਟ ਕਾਰਨ ਮਾਪੇ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਜਿੰਨੀ ਜਲਦੀ ਕਮਾਉਣਾ ਸਿੱਖਣਗੇ, ਓਨਾ ਹੀ ਉਨ੍ਹਾਂ ਲਈ ਚੰਗਾ ਹੋਵੇਗਾ। ਕੁਝ ਸਰਪ੍ਰਸਤਾਂ ਦੇ ਮਾਪੇ ਲਾਲਚੀ ਹੁੰਦੇ ਹਨ, ਜੋ ਖੁਦ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਆਪਣੇ ਬੱਚਿਆਂ ਨੂੰ ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਸਖ਼ਤ ਮਿਹਨਤ ਕਰਨ ਲਈ ਭੇਜ ਦਿੰਦੇ ਹਨ। ਸਰਕਾਰ ਵਲੋਂ ਬਾਲ ਮਜ਼ਦੂਰਾਂ ਤੋਂ ਕਿਸੇ ਵੀ ਤਰਾਂ ਦੀ ਮਜ਼ਦੂਰੀ ਲੈਣਾ ਗੈਰ ਕਨੂੰਨੀ ਕਰਾਰ ਦਿਤਾ ਗਿਆ ਹੈ ਅਤੇ ਬਾਲ ਮਜ਼ਦੂਰੀ ਕਰਵਾਉਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਲੋਕਾਂ ਖਿਲਾਫ ਸਜਾ ਅਤੇ ਜ਼ੁਰਮਾਨਾ ਰੱਖਿਆ ਗਿਆ ਹੈ। ਇਸ ਤਰਾਂ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨਨ ਜ਼ੁਰਮ ਮੰਨਿਆ ਗਿਆ ਹੈ। ਪੰਜਾਬ ਰਾਜ ਜੋ ਕਿ ਵਿਕਸਿਤ ਸੂੱਬਾ ਮੰਨਿਆ ਜਾਂਦਾ ਹੈ ਅਤੇ ਅਪਣੇ ਰਾਜ ਵਿੱਚ ਰਹਿ ਰਹੇ ਲੋਕਾਂ ਦੇ ਵਿਕਾਸ ਲਈ ਸਮੇ-ਸਮੇ ਦੀਆਂ ਸਰਕਾਰਾਂ ਵਲੋਂ ਸਕੀਮਾ ਬਣਾਈਆਂ ਜਾਂਦੀਆ ਹਨ ਅਤੇ ਇਹਨਾਂ ਵਿਕਾਸ ਦੀਆਂ ਸਕੀਮਾ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਸਮੇ-ਸਮੇ ਤੇ ਬਾਲ ਮਜ਼ਦੂਰਾਂ ਬਾਰੇ ਵੀ ਅੰਕੜੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਲ ਮਜਦੂਰੀ ਰੋਕਣ ਲਈ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ। ਪਰ ਇਹਨਾਂ ਬਾਲ ਮਜਦੂਰਾਂ ਨੂੰ ਅਜੇ ਤੱਕ ਬਾਲ ਦਿਵਸ ਦੇ ਦਿਹਾੜ੍ਹੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਵੱਲ ਦੇਖਿਆ ਹੈ।
ਬੇਸ਼ੱਕ ਸਰਕਾਰ ਵਲੋਂ ਸਕੂਲੀ ਬੱਚਿਆਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਲਈ ਹਰ ਤਰਾਂ ਦੀਆਂ ਸਿਹਤ ਸੇਵਾਵਾਂ ਮੁੱਫਤ ਹੈਲਥ ਚੈੱਕਅਪ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਕਾਨੂੰਨ ਵੀ ਲਾਗੂ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ ਸਮੇਂ ਸਮੇਂ ਸਿਰ ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਜਾਗਰੂਕ ਵੀ ਕੀਤਾ ਜਾਂਦਾ ਹੈ।
ਬਹੁਤੀਆਂ ਥਾਵਾਂ ਤੇ ਸੰਸਥਾਵਾਂ ਦੁਆਰਾ ਬਾਲ ਦਿਵਸ ਸਬੰਧੀ ਹਰ ਸਾਲ ਲੱਖਾਂ ਰੁਪਏ ਖਰਚਕੇ ਕਰਵਾਏ ਜਾਣ ਵਾਲੇ ਸਮਾਗਮ ਵੀ ਇਨ੍ਹਾਂ ਗਰੀਬ ਬੱਚਿਆਂ ਤੋਂ ਦੂਰ ਹੀ ਰਹਿੰਦੇ ਹਨ ਅਤੇ ਅਜਿਹੇ ਸਮਾਗਮਾਂ ਦਾ ਇਨ੍ਹਾ ਨੂੰ ਕੋਈ ਵੀ ਲਾਭ ਨਹੀਂ ਹੁੰਦਾ ਹੈ। ਜੇਕਰ ਸਮਾਜ ਅਤੇ ਸਰਕਾਰ ਦੇਸ਼ ਦਾ ਭਵਿੱਖ ਮੰਨੇ ਜਾਣ ਵਾਲੇ ਬੱਚਿਆਂ ਦਾ ਵਿਕਾਸ ਕਰਨਾ ਚਾਹੁੰਦੇ ਹਨ ਅਤੇ ਬੱਚਿਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਠੋਸ ਹੱਲ ਕਰਨਾ ਚਾਹੁੰਦੇ ਹਨ ਤਾਂ ਬੱਚਿਆਂ ਦੇ ਵਿਕਾਸ ਲਈ ਅਤੇ ਸਮਸਿਆਵਾਂ ਦੇ ਹੱਲ ਅਤੇ ਸੁਰਖਿੱਆ ਲਈ ਠੋਸ ਨੀਤੀਆਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ ਨਹੀਂ ਤਾਂ 14 ਨਵੰਬਰ ਨੂੰ ਮਨਾਇਆ ਜਾਣ ਵਾਲਾ ਇਹ ਬਾਲ ਦਿਵਸ ਹੋਰ ਸਮਾਗਮਾਂ ਦੀ ਤਰ੍ਹਾ ਹੀ ਇੱਕ ਖਾਨਾਪੂਰਤੀ ਬਣਕੇ ਰਹਿ ਜਾਵੇਗਾ ਤੇ ਦੇਸ਼ ਦਾ ਭਵਿੱਖ ਜੋਕਿ ਬੱਚਿਆ ਦੇ ਹੱਥਾਂ ਵਿੱਚ ਹੈ ਧੁੰਦਲਾ ਹੋਵੇਗਾ।
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਬਾਲ ਦਿਵਸ ਨੂੰ ਇੰਨੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਉਣ ਦੀ ਕੀ ਲੋੜ ਹੈ। ਮੇਰਾ ਵਿਚਾਰ ਹੈ ਕਿ ਬਾਲ ਵਿਕਾਸ ਦਾ ਬਹੁਤ ਖਾਸ ਮਹੱਤਵ ਹੈ। ਇਸ ਮੌਕੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਚੰਗੇ-ਮਾੜੇ ਦਾ ਫੈਸਲਾ ਲੈਣ ਦੇ ਯੋਗ ਹੋ ਸਕਣ। ਜਦੋਂ ਇਹ ਸੱਚੀ ਸੁੱਚੀ ਅਤੇ ਉੱਚੀ ਸੋਚ ਦਾ ਗੁਣ ਵਿਕਸਿਤ ਹੋਵੇਗਾ ਤਾਂ ਹੀ ਬੱਚੇ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣ ਸਕਣਗੇ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਇਸ ਲਈ ਜੇਕਰ ਦੇਸ਼ ਨੂੰ ਮਹਾਨ ਬਣਾਉਣਾ ਹੈ ਤਾਂ ਬਾਲ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦਿਨ ਪ੍ਰਤੀ ਦੇਸ਼ ਦੇ ਹਰ ਨਾਗਰਿਕ ਨੂੰ ਜਾਣੂ ਅਤੇ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਦੇਸ਼ ਤਾਂ ਹੀ ਮਹਾਨ ਬਣ ਸਕਦਾ ਹੈ ਜਦੋਂ ਇਸ ਵਿੱਚ ਸਾਰੇ ਲੋਕਾਂ ਦੀ ਸਾਂਝੇਦਾਰੀ ਹੋਵੇ। ਇਸ ਲਈ ਬੱਚਿਆਂ ਦੇ ਚਰਿੱਤਰ ਦਾ ਨਿਰਮਾਣ ਕਰਨਾ ਸਾਡਾ ਸਭ ਦਾ ਫਰਜ਼ ਹੈ। ਬਾਲ ਦਿਵਸ ਦਾ ਦਿਹਾੜਾ ਮਨਾਉਣ ਦਾ ਅਸਲੀ ਮਕਸਦ ਉਦੋਂ ਹੀ ਪੂਰਾ ਹੋਵੇਗਾ ਜਦੋਂ ਬੱਚਿਆ ਦੇ ਹੱਕ ਪੂਰੀ ਤਰਾਂ ਸੁਰਖਿਅਤ ਹੋਣਗੇ, ਉਨ੍ਹਾ ਦੀ ਹੋ ਰਹੀ ਲੁਟ ਖਸੁੱਟ ਬੰਦ ਹੋਵੇਗੀ ਅਤੇ ਸਾਰੇ ਬੱਚੇ ਸਕੂਲਾਂ ਵਿੱਚ ਜਾਕੇ ਵਿਦਿਆ ਹਾਸਲ ਕਰਨਗੇ ਅਤੇ ਸਰਕਾਰਾਂ ਦੇ ਨਾਲ਼ ਨਾਲ ਸਮਾਜ ਵੀ ਬੱਚਿਆਂ ਪ੍ਰਤੀ ਆਪਣਾ ਬਣਦਾ ਫਰਜ਼ ਅਦਾ ਕਰੇਗਾ। ਬੇਸ਼ੱਕ ਬਾਲ ਦਿਵਸ ਦੇ ਮੌਕੇ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਬੱਚਿਆਂ ਦੇ ਭਵਿੱਖ ਲਈ ਕਈ ਪ੍ਰੋਗਰਾਮਾਂ ਅਤੇ ਸਕੀਮਾਂ ਦਾ ਐਲਾਨ ਕਰਦੀਆਂ ਹਨ। ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸਿਹਤਮੰਦ, ਨਿਡਰ ਅਤੇ ਕਾਬਲ ਨਾਗਰਿਕ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਅੱਜ ਭਾਵੇਂ ਚਾਚਾ ਨਹਿਰੂ ਸਾਡੇ ਵਿੱਚ ਨਹੀਂ ਹਨ ਪਰ ਬਾਲ ਦਿਵਸ ਮੌਕੇ ਬੱਚੇ ਆਪਣੇ ਚਾਚਾ ਨਹਿਰੂ ਨੂੰ ਬਹੁਤ ਯਾਦ ਕਰਦੇ ਹਨ ਅਤੇ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹਨ।

ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ।
9781590500