ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪੇਂਡੂ ਅਤੇ ਦਿਹਾਤੀ ਖੇਤਰਾਂ ’ਚ ਹਰ ਰੋਜ ਲਗਾਤਾਰ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬੋਹੜ ਸਿੰਘ ਧਾਲੀਵਾਲ ਰੁਪੱਈਆਂਵਾਲਾ ਅਤੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਸਾਂਝੇ ਤੌਰ ’ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ’ਤੇ ਕਾਬਜ ਹੋਣ ਲਈ ਆਪਣੇ ਚੋਣ ਮੈਨੀਫੈਸਟੋ ’ਚ ਸੂਬੇ ਦੇ ਲੋਕਾਂ ਨਾਲ ਸੈਂਕੜੇ ਹੀ ਅਜਿਹੇ ਵੋਟ ਬਟੋਰੂ ਵਾਅਦੇ ਕੀਤੇ ਸਨ, ਜੋ ਇੱਕ-ਇੱਕ ਕਰਕੇ ਹੁਣ ਸਾਰੇ ਹੀ ਖੋਖਲੇ ਸਾਬਿਤ ਹੋ ਰਹੇ ਹਨ। ਉਹਨਾਂ ਚੋਣ ਵਾਅਦਿਆਂ ’ਚੋਂ ਇੱਕ ਵਾਅਦਾ ਇਹ ਵੀ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਬਿਜਲੀ ਬਿਲਕੁਲ ਮੁਫਤ ਦਿੱਤੀ ਜਾਵੇਗੀ ਅਤੇ ਬਿਜਲੀ ਦਾ ਇੱਕ ਮਿੰਟ ਦਾ ਵੀ ਕੱਟ ਵੇਖਣ ਲਈ ਲੋਕ ਤਰਸ ਜਾਇਆ ਕਰਨਗੇ, ਪੂਰੇ ਬਿੱਲ ਮਾਫ ਕਰਨ ਦੀ ਬਜਾਇ ਸਰਕਾਰ ਨੇ ਹਰੇਕ ਬਿੱਲ ਪਿੱਛੇ ਬਿਜਲੀ ਦੀਆਂ 600 ਯੂਨਿਟਾਂ ਤਾਂ ਬੇਸ਼ੱਕ ਮਾਫ ਕਰ ਦਿੱਤੀਆਂ ਪਰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਕੀਤਾ ਹੋਇਆ ਸਰਕਾਰ ਦਾ ਵਾਅਦਾ ਦਸੰਬਰ ਅਤੇ ਜਨਵਰੀ ਦੇ ਠੰਢੇ ਸੀਤ ਦਿਨਾਂ ’ਚ ਹੀ ਝੂਠਾ ਸਾਬਿਤ ਹੋ ਰਿਹਾ ਹੈ। ਅੱਗੇ ਚੱਲ ਕੇ ਜੂਨ, ਜੁਲਾਈ ਦੇ ਪੂਰੀ ਅੱਗ ਵਰਗੀ ਗਰਮੀ ਦੇ ਦਿਨਾਂ ਵਿੱਚ ਬਿਜਲੀ ਸਪਲਾਈ ਦਾ ਕੀ ਹਾਲ ਹੋਵੇਗਾ, ਇਹ ਅੰਦਾਜ਼ਾ ਹੁਣੇ ਹੀ ਲਾਇਆ ਜਾ ਸਕਦਾ ਹੈ। ਉਹਨਾਂ ਦਾਅਵਾ ਕੀਤਾ ਕਿ ਪੇਂਡੂ ਇਲਾਕਿਆਂ ਦੇ ਲੋਕਾਂ ’ਚ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਹਾਹਾਕਾਰ ਮੱਚੀ ਹੋਈ ਹੈ। ਸਵੇਰੇ ਨਹਾਉਣ ਧੋਣ ਅਤੇ ਚਾਹ ਨਾਸ਼ਤਾ ਬਣਾਉਣ ਦੇ ਟਾਈਮ ਬਿਜਲੀ ਬੰਦ ਹੁੰਦੀ ਹੈ ਤੇ ਸ਼ਾਮ ਨੂੰ ਦਾਲ ਰੋਟੀ ਬਣਾਉਣ ਵੇਲੇ ਵੀ ਜਿਆਦਾਤਰ ਬਿਜਲੀ ਦਾ ਲੰਮਾ ਕੱਟ ਲਾ ਦਿੱਤਾ ਜਾਂਦਾ ਹੈ। ਜਿਸ ਨਾਲ ਘਰ ਦੇ ਸਾਰੇ ਕੰਮਾਂ ਨੂੰ ਕਰਨ ’ਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਉੱਪਰੋਂ ਬੱਚਿਆਂ ਦੇ ਪੇਪਰਾਂ ਦਾ ਸਮਾਂ ਨੇੜੇ ਹੋਣ ਕਰਕੇ ਬੱਚਿਆਂ ਨੂੰ ਵੀ ਪੜ੍ਹਨ ਲਿਖਣ ’ਚ ਦਿੱਕਤ ਪੇਸ਼ ਆਉਂਦੀ ਹੈ।