ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ਕਸਬਾ ਬਾਜਾਖਾਨਾ ਦੇ ਨਜ਼ਦੀਕੀ ਪੁਆਇੰਟ ਪਿੰਡ ਲੰਭਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਵੱਲੋਂ ਪਿਛਲੇ ਸੀਜਨ ਦੌਰਾਨ ਕਣਕ ’ਤੇ ਹੋਈ ਗੜੇਮਾਰੀ ਦੇ ਮੁਆਵਜੇ ਵਿੱਚ ਹੋਈ ਕਾਣੀ ਵੰਡ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜਿਲਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਅਤੇ ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸੀਜਨ ਦੌਰਾਨ ਕਣਕ ’ਤੇ ਹੋਈ ਗੜੇਮਾਰੀ ਦੇ ਮੁਆਵਜੇ ਨੂੰ ਲੈ ਕੇ ਬਲਾਕ ਜੈਤੋ ਅਤੇ ਬਲਾਕ ਬਾਜਾਖਾਨਾ ਦੇ ਕਿਸਾਨਾਂ ਵਲੋਂ ਪਿਛਲੇ ਸਤੰਬਰ ਦੇ ਮਹੀਨੇ ਤੋਂ ਐੱਸ.ਡੀ.ਐੱਮ. ਜੈਤੋ ਦੇ ਦਫਤਰ ਅੱਗੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਬੀਤੇ ਕਰੀਬ ਚਾਰ ਮਹੀਨਿਆਂ ਦੇ ਦੌਰਾਨ ਪ੍ਰਸ਼ਾਸ਼ਨ ਨਾਲ ਆਗੂਆਂ ਦੀ ਕਈ ਵਾਰ ਮੀਟਿੰਗ ਹੋਈ, ਜਿਸ ’ਚ ਹਰ ਵਾਰ ਮੁਆਵਜੇ ਦੀ ਵੰਡ ਨੂੰ ਲੈ ਕੇ ਸਾਨੂੰ ਸਮਾਂ ਦਿੱਤਾ ਗਿਆ ਪਰ ਦਿੱਤੇ ਹੋਏ ਸਮੇਂ ਤੋਂ ਹਰ ਵਾਰ ਪ੍ਰਸ਼ਾਸ਼ਨ ਮੁੱਕਰਦਾ ਰਿਹਾ। ਉਹਨਾਂ ਦੱਸਿਆ ਕਿ ਡੀ.ਸੀ. ਫਰੀਦਕੋਟ ਨਾਲ ਹੋਈ ਆਖਰੀ ਮੀਟਿੰਗ ’ਚ ਉਹਨਾਂ ਵਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ 17 ਜਨਵਰੀ ਤੱਕ ਕਿਸਾਨਾਂ ਦੀ ਗੜੇਮਾਰੀ ਦਾ ਮੁਆਵਜਾ ਕਿਸਾਨਾਂ ਦੇ ਖਾਤਿਆਂ ’ਚ ਪਾ ਦਿੱਤਾ ਜਾਵੇਗਾ ਪਰ ਇਹ ਵਾਅਦਾ ਵੀ ਖੋਖਲਾ ਹੀ ਸਾਬਿਤ ਹੋਇਆ। ਆਗੂਆਂ ਨੇ ਦੱਸਿਆ ਕਿ ਇਸੇ ਕਾਰਨ ਹੀ ਅੱਜ ਕਿਸਾਨਾਂ ਵਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਹਾਈਵੇ ਜਾਮ ਕੀਤਾ ਗਿਆ ਹੈ ਅਤੇ ਇਹ ਜਾਮ ਮੁਆਵਜੇ ਦੀ ਰਾਸ਼ੀ ਜਾਰੀ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਜਿਲਾ ਆਗੂਆਂ ਨੇ ਕਿਹਾ ਕਿ ਜੇਕਰ 25 ਜਨਵਰੀ ਤੱਕ ਮੁਆਵਜੇ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ’ਚ ਨਾ ਪਾਈ ਗਈ ਤਾਂ ਅਗਲੇ ਦਿਨ ਫਿਰ ਇਸੇ ਤਰਾਂ ਹੀ ਹਾਈਵੇ ਜਾਮ ਕਰਕੇ ਜਥੇਬੰਦੀ ਵਲੋਂ 26 ਜਨਵਰੀ ਸੜਕ ਉੱਪਰ ਹੀ ਮਨਾਈ ਜਾਵੇਗੀ।