ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਸਰੀ, 11 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀ ਸੀ ਅਸੈਂਬਲੀ ਚੋਣਾਂ ਇਸ ਸਾਲ ਨਵੰਬਰ ਮਹੀਨੇ ਵਿੱਚ ਹੋਣੀਆਂ ਹਨ ਅਤੇ ਇਹਨਾਂ ਚੋਣਾਂ ਲਈ ਰਾਜਸੀ ਪਾਰਟੀਆਂ ਨੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀਆਂ ਨੇ ਆਪਣੇ ਕੁਝ ਉਮੀਦਵਾਰ ਵੀ ਐਲਾਨ ਦਿੱਤੇ ਹਨ। ਇਸ ਵਾਰ ਕਨਸਰਵੇਟਿਵ ਪਾਰਟੀ ਆਫ ਬੀਸੀ ਦੂਜੀਆਂ ਦੋਹਾਂ ਪਾਰਟੀਆਂ ਨੂੰ ਵੱਡੀ ਟੱਕਰ ਦੇਣ ਲਈ ਮੈਦਾਨ ਵਿੱਚ ਆ ਰਹੀ ਹੈ। ਪਾਰਟੀ ਦੇ ਲੀਡਰ ਜੋਹਨ ਰਸਟਡ ਦੀ ਅਗਵਾਈ ਹੇਠ ਪਾਰਟੀ ਉਮੀਦਵਾਰਾਂ ਦੀ ਨੋਮੀਨੇਸ਼ਨ ਕੀਤੀ ਜਾ ਰਹੀ ਹੈ। ਇਸੇ ਤਹਿਤ ਸਰੀ ਵਿੱਚ ਵੀ ਇਸ ਪਾਰਟੀ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ ਅਤੇ ਪੰਜਾਬੀ ਭਾਈਚਾਰੇ ਦੇ ਕਈ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਹਨਾਂ ਉਮੀਦਵਾਰਾਂ ਵਿੱਚ ਸਰੀ ਨੌਰਥ ਤੋਂ ਮਨਦੀਪ ਸਿੰਘ ਧਾਲੀਵਾਲ, ਸਰੀ ਕਲੋਵਰਡੇਲ ਤੋਂ ਡਾਕਟਰ ਜੋਡੀ ਤੂਰ, ਸਰੀ ਨਿਊਟਨ ਤੋਂ ਤੇਗਜੋਤ ਬੱਲ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਬੀਤੇ ਦਿਨ ਪੰਜਾਬੀ ਭਾਈਚਾਰੇ ਦੇ ਇਹਨਾਂ ਉਮੀਦਵਾਰਾਂ ਨੇ ਪਾਰਟੀ ਲੀਡਰ ਜੋਹਨ ਰਸਟਡ ਦੀ ਰਹਿਨੁਮਾਈ ਹੇਠ ਟੈਕਸੀ ਚਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਨਾਮਜ਼ਦ ਕੀਤੇ ਗਏ ਉਮੀਦਵਾਰ ਮਨਦੀਪ ਧਾਲੀਵਾਲ, ਡਾਕਟਰ ਜੋਡੀ ਤੂਰ, ਤੇਗਜੋਤ ਬੱਲ ਅਤੇ ਜੋਹਨ ਰਸਟਡ ਅਤੇ ਨੌਮੀਨੇਸ਼ਨ ਕਮੇਟੀ ਦੇ ਵਾਈਸ ਪ੍ਰੈਜੀਡੈਂਟ (ਲੈਂਗਲੀ ਐਬਸਫੋਰਡ) ਹਰਮਨ ਭੰਗੂ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਟੈਕਸੀ ਚਾਲਕਾਂ ਵੱਲੋਂ ਇੰਡਸਟਰੀ ਵਿਚ ਉਬਰ ਅਤੇ ਟੈਕਸੀ ਵਿੱਚ ਲੈਵਲ ਪਲੈਨਿੰਗ ਕਰਨ ਦਾ ਮੁੱਦਾ ਉਠਾਇਆ ਗਿਆ। ਟੈਕਸੀ ਚਾਲਕਾਂ ਨੇ ਵਹੀਕਲ ਦੀ ਏਜ ਲਿਮਿਟ ਨੂੰ ਸੁਖਾਲਾ ਕਰਨ ਅਤੇ ਬੱਸ ਲੇਨ ਵਿੱਚ ਟੈਕਸੀ ਚਲਾਉਣ ਦੀ ਆਗਿਆ ਹੋਣ ਦੀ ਮੰਗ ਕੀਤੀ। ਟੈਕਸੀ ਚਾਲਕਾਂ ਨੇ ਕਿਹਾ ਕਿ ਬਿਜਨਸ ਲਾਈਸੈਂਸ ਫੀਸ ਹਰ ਸਿਟੀ ਲਈ ਵੱਖੋ ਵੱਖਰੀ ਨਹੀਂ ਹੋਣੀ ਚਾਹੀਦੀ ਸਗੋਂ ਪੂਰੇ ਬੀਸੀ ਲਈ ਇੱਕ ਵਾਰ ਹੀ ਹੋਣੀ ਚਾਹੀਦੀ ਹੈ। ਟੈਕਸੀ ਚਾਲਕਾਂ ਨੇ ਇਹ ਵੀ ਕਿਹਾ ਕਿ ਜਿਵੇਂ ਸਿਟੀ ਵਿੱਚ ਟੈਕਸੀਆਂ ਦੀ ਗਿਣਤੀ ਉੱਪਰ ਕੈਪ ਹੈ ਉਸੇ ਤਰ੍ਹਾਂ ਹੀ ਉਬਰ ਲਈ ਵੀ ਕੈਪ ਹੋਣੀ ਚਾਹੀਦੀ ਹੈ। ਕੰਜਰਵੇਟਿਵ ਪਾਰਟੀ ਆਫ ਬੀਸੀ ਦੇ ਲੀਡਰ ਜੋਹਨ ਰਸਟਡ ਤੇ ਦੂਸਰੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਦੀਆਂ ਇਹਨਾਂ ਮੰਗਾਂ ਨੂੰ ਪਾਰਟੀ ਦੀ ਸਰਕਾਰ ਬਣਨ ਤੇ ਪੂਰੀਆਂ ਕਰਨ ਦਾ ਭਰੋਸਾ ਦੁਆਇਆ ਅਤੇ ਪਾਰਟੀ ਲਈ ਸਹਿਯੋਗ ਦੀ ਮੰਗ ਕੀਤੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਅਮਰ ਅਲੀ, ਰਵੀ ਗਰੇਵਾਲ, ਸੰਦੀਪ ਤੂਰ, ਰਿੱਕੀ ਬਾਜਵਾ, ਸੁਰਜੀਤ ਪੱਤੜ, ਜਾਵੇਦ ਮਲਿਕ, ਕਮਲਦੀਪ ਸਿੰਘ ਮਾਨ, ਬਲਜਿੰਦਰ ਸਰਾਂ, ਗੁਰਜੀਤ ਦੂਲੇ, ਜਸਪਾਲ ਚੀਮਾ, ਤੇਗਨੂਰ ਚੀਮਾ, ਗੁਰਮਿੰਦਰ ਸਿੰਘ (ਮੈਨੇਜਰ ਟੈਕਸੀ), ਜਗਦੀਪ ਸੰਧੂ, ਜਗਦੀਪ ਜੌਹਲ ਅਤੇ ਸੁਖਵਿੰਦਰ ਸੰਧੂ ਹਾਜਰ ਸਨ।
Leave a Comment
Your email address will not be published. Required fields are marked with *